ਰਿਸ਼ਤਾ

by admin

ਅਸੀਂ ਦੋਨੋਂ ਦੋ ਵੱਖ ਸਰੀਰ ਹਾਂ,
ਦੁਨੀਆ ਲਈ ਸਾਡੀ ਪਹਿਚਾਣ ਵੀ ਵੱਖੋ-ਵੱਖਰੀ ਹੈ,
ਉਹ ਲੜਕੀ ਹੈ ਅਤੇ ਮੈਂ ਲੜਕਾ ਹਾਂ,
ਪਰ ਜੇ ਆਸ਼ਿਕ ਦੀ ਨਿਗ੍ਹਾ ਨਾਲ ਦੇਖੀਏ ਤਾਂ ਅਸੀਂ ਇੱਕ ਹਾਂ,
ਸਾਡਾ ਦਿਲ ਵੀ ਇੱਕ-ਦੂਜੇ ਲਈ ਹੀ ਧੜਕਦਾ ਹੈ,
ਸਾਡਾ ਰਿਸ਼ਤਾ ਆਮ ਨਹੀਂ ਹੈ,

ਇਹ ਬਾਗ ਦੇ ਉਸ ਗੁਲਾਬ ਦੇ ਬੂਟੇ ਜਿਹਾ ਹੈ,
ਜਿਸਦੀ ਦਿੱਖ ਅਤੇ ਖੁਸ਼ਬੂ ਸਾਰੇ ਬਾਗ ਨੂੰ ਆਪਣੀ ਔਰ
ਆਕਰਸ਼ਿਤ ਕਰਦੀ ਹੈ,
ਬਗੀਚੇ ਵਿੱਚ ਟਹਿਲਣ ਵਾਲੇ ਲੋਕ ਵੀ ਉਸ ਬੂਟੇ ਦੇ ਹੀ
ਆਸ਼ਿਕ ਹੋ ਜਾਂਦੇ ਹਨ,
ਇਹ ਇਸ਼ਕ ਦਾ ਪਾਕ ਰਿਸ਼ਤਾ ਹੈ,
ਜੋ ਖੁਦਾ ਨੇ ਸਾਨੂੰ ਦੋਨਾਂ ਨੂੰ ਤੋਹਫੇ ਵਜੋਂ ਬਖਸ਼ਿਆ ਹੈ,
ਅਸੀਂ ਵੀ ਜਿਸਮਾਨੀ ਨਹੀਂ,
ਸਗੋਂ ਰੂਹਾਨੀ ਰਿਸ਼ਤਾ ਰੱਖ ਇਸ਼ਕ ਦੀ ਲਾਜ ਰੱਖੀ ਹੈ,
ਉਹ ਮੇਰੇ ਲਈ ਓਨੀ ਹੀ ਜ਼ਰੂਰੀ ਹੈ,
ਜਿੰਨਾਂ ਇੱਕ ਪਿਆਸੇ ਲਈ ਪਾਣੀ ਹੁੰਦਾ ਹੈ,
ਉਸਦੀ ਆਵਾਜ਼ ਮੇਰੇ ਫੱਟਾਂ ‘ਤੇ ਮਰਹਮ ਦਾ ਕੰਮ ਕਰਦੀ ਹੈ,
ਮੈਂ ਉਸ ਦਾ ਹੀ ਨਹੀਂ ਉਸਦੇ ਸੁਭਾਅ ਦਾ ਵੀ ਆਸ਼ਿਕ ਹਾਂ,
ਉਹ ਮੈਨੂੰ ਮੇਰਾ ਪੰਜਾਬ ਲੱਗਦੀ ਹੈ,
ਉਸ ਅੰਦਰ ਪੰਜਾਬੀਅਤ ਪਾਣੀ ਵਾਂਗ ਵਗਦੀ ਹੈ,
ਉਹ ਸਾਰੀ ਕਾਇਨਾਤ ਦੀ ਰਾਣੀ ਹੈ,
ਉਸ ਅੰਦਰ ਸਾਰੀ ਕੁਦਰਤ ਸਮਾਈ ਹੋਈ ਹੈ,
ਉਹ ਗੁਰਬਾਣੀ ਦੇ ਇਸ਼ਕ ਨਾਲ ਭਿੱਜੀ ਹੋਈ ਹੈ,
ਉਸ ਅੰਦਰ ਖੁਦਾ ਦਾ ਵਾਸ ਹੈ,
ਉਹ ਗਰਮੀਆਂ ਵਿੱਚ ਠੰਡਕ ਪਹੁੰਚਾਉਣ ਵਾਲੀ ਬਰਫ ਜਿਹੀ ਹੈ,
ਅਤੇ ਸਰਦੀਆਂ ਵਿੱਚ ਅੰਗੀਠੀ ਦੀ ਅੱਗ ਜਿਹੀ ਹੈ,
ਉਹ ਕੋਈ ਆਮ ‘ਤੇ ਨਹੀਂ ਹੋ ਸਕਦੀ,
ਉਹ ਬਹੁਤ ਖਾਸ ਹੈ,
ਇਸੇ ਕਾਰਨ ਮੇਰੇ ਰੋਮ-ਰੋਮ ਵਿੱਚ ਉਸਦਾ ਵਾਸ ਹੈ,
ਉਹ ਮੈਨੂੰ ਆਉਣ ਵਾਲਾ ਹਰ ਸਵਾਸ ਹੈ,
ਉਸਦੇ ਨਾਲ ਮੇਰਾ ਰਿਸ਼ਤਾ ਕੋਈ ਆਮ ਨਹੀਂ,
ਸਗੋਂ ਉਹ ਤਾਂ ਮੇਰੇ ਲਈ ਸਾਰੇ ਸੰਸਾਰ ਤੋਂ ਵੀ ਖਾਸ ਹੈ।

ਹਰਸਿਮ

You may also like