ਬਣ ਗਿਆ ਸਾਰਾ ਮੁਲਕ ਗੁਜਰਾਤ

by admin

(ਜੇ ਲੇਖਕ ਨਹੀਂ ਬੋਲਦਾ—ਜੇ ਸਾਜ਼ ਨਹੀਂ ਕੂਕਦੇ—-ਜੇ ਆਵਾਜ਼ਾਂ ਨਹੀਂ ਉਠਦੀਆਂ , ਤਾਂ ਸਾਰੇ ਮੁਲਕ ਨੂੰ ਕਬਰਗਾਹ ਬਨਣ ਤੋਂ ਕੋਈ ਨਹੀਂ ਰੋਕ ਸਕਦਾ। ਜਗਵਿੰਦਰ ਜੋਧਾ’ ਇਕ ਅਜਿਹੀ ਚੇਤਨ ਕਲਮ ਦਾ ਨਾਂ ਹੈ ਜੋ ਮੁਖ਼ਾਲਿਫ਼ ਹਵਾਵਾਂ ਦੇ ਚੱਲਦਿਆਂ ਵੀ ਆਪਣੀ ਆਵਾਜ਼ ਬੁਲੰਦ ਰੱਖਦੀ ਹੈ — ਗੁਰਮੀਤ ਕੜਿਆਲਵੀ)

ਬਣ ਗਿਆ ਸਾਰਾ ਮੁਲਕ ਗੁਜਰਾਤ…..

ਕਿਤੇ ਜੇ ਰੀਣ ਭਰ ਚਾਨਣ ਹੈ ਬੁਝ ਕੇ ਰਾਤ ਹੋ ਜਾਏ

ਉਹ ਚਾਹੁੰਦਾ ਹੈ ਕਿ ਸਾਰਾ ਮੁਲਕ ਹੀ ਗੁਜਰਾਤ ਹੋ ਜਾਏ

ਸਿਰਾਂ ਦੀ ਭੀੜ ਚੋਂ ਇਕ-ਅੱਧ ਹੁੰਗਾਰਾ ਮਿਲਣ ਦੀ ਢਿੱਲ ਹੈ

ਖਲਾਅ ਦੀ ਚੀਰਵੀਂ ਚੁੱਪ ਧੜਕਣਾਂ ਦੀ ਬਾਤ ਹੋ ਜਾਏ

ਤੂੰ ਕੁਝ ਤਾਂ ਬੋਲ ਮੇਰੇ ਹਮ-ਸੁਖ਼ਨ ਏਦਾਂ ਵੀ ਹੋ ਸਕਦੈ

ਕਿ ਤੇਰੀ ਚੁੱਪ ਦਾ ਇਹ ਖੋਲ ਹੀ ਇਸਪਾਤ ਹੋ ਜਾਏ

ਅਸਾਡੇ ਦੌਰ ਦੇ ਆਪੇ ਬਣੇ ਭਗਵਾਨ ਚਾਹੁੰਦੇ ਨੇ

ਜਿਉਣਾ,ਜਾਗਣਾ,ਜਗਣਾ ਉਨ੍ਹਾਂ ਦੀ ਦਾਤ ਹੋ ਜਾਏ

ਹਨੇਰੀ ਰਾਤ ਨੂੰ ਮੇਰੇ ਬਲਣ ਤੇ ਵੀ ਸ਼ਿਕਾਇਤ ਹੈ

ਉਦ੍ਹਾ ਡਰ ਹੈ ਕਿਤੇ ਇਸ ਲੋਅ ਚੋਂ ਨਾ ਪ੍ਰਭਾਤ ਹੋ ਜਾਏ

ਤੂੰ ਕੈਸਾ ਮੇਘਲਾ ਹੈਂ ਜਦ ਕਿਸੇ ਜੰਗਲ ਤੋਂ ਵੀ ਗੁਜ਼ਰੇਂ

ਹਰੇ ਬਿਰਖਾਂ ਤੇ ਤਾਜ਼ੇ ਖੂਨ ਦੀ ਬਰਸਾਤ ਹੋ ਜਾਏ

ਅਜੇ ਤੂੰ ਹੋਂਦ ਦੇ ਜਸ਼ਨਾਂ ਨੂੰ ਰੱਜ ਕੇ ਮਾਣ ਜਗਵਿੰਦਰ

ਖੁਦਾ ਜਾਣੇ ਕਦੋਂ ਤੇਰਾ ਵੀ ਨਾਂ ਅਗਿਆਤ ਹੋ ਜਾਏ

(ਜਗਵਿੰਦਰ ਜੋਧਾ)

You may also like