ਕਲਪਨਾ Amrita poem

by Sandeep Kaur

ਤਾਰੇ ਪੰਕਤੀ ਬੰਨ੍ਹ ਖਲੋਤੇ
ਉੱਛਲੀ ਅੰਬਰ-ਗੰਗਾ
ਘੜਿਆਂ ਨੂੰ ਪਈ ਮੂੰਹ ਮੂੰਹ ਭਰਦੀ
ਬਣੀ ਕਲਪਨਾ ਮਹਿਰੀ ।

ਕਈ ਉਰਵਸ਼ੀਆਂ ਚਾਕਰ ਹੋਈਆਂ
ਇਸ ਮਹਿਰੀ ਦੇ ਅੱਗੇ
ਇੰਦਰ ਸਭਾ ਲਗਾ ਕੇ ਬੈਠੀ
ਹੁਸਨ ਹੋਰ ਵੀ ਕਹਿਰੀ ।

ਪਿਆਰ ਮੇਰੇ ਦਾ ਭੇਤ ਏਸ ਨੇ
ਛਮਕਾਂ ਮਾਰ ਜਗਾਇਆ
ਸੁੱਤਾ ਨਾਗ ਇਸ਼ਕ ਦਾ ਜਾਗੇ
ਹੋਰ ਵੀ ਹੋ ਜਾਏ ਜ਼ਹਿਰੀ ।

ਭੁੱਖੇ ਅੰਬਰ ਭਰਨ ਕਲਾਵਾ
ਹੱਥਾਂ ਵਿਚ ਨਾ ਆਵੇ
ਸੋਹਣੀ ਹਰ ਚੰਦਉਰੀ, ਆਖ਼ਰ
ਹਰ ਚੰਦਉਰੀ ਠਹਿਰੀ ।

ਖਿੜਦੀ ਜਿਵੇਂ ਕਪਾਹ ਦੀ ਫੁੱਟੀ
ਸੁਪਨੇ ਤੇਰੇ ਹਸਦੇ
ਜੀ ਕਲਪਨਾਂ! ਜੁੱਗਾਂ ਤੋੜੀ
ਸੁਪਨੇ ਕੱਤ ਸੁਨਹਿਰੀ ।

ਲੱਖ ਤੇਰੇ ਅੰਬਾਰਾਂ ਵਿੰਚੋ
ਦੱਸ ਕੀ ਲੱਭਾ ਸਾਨੂੰ ?
ਇੱਕੋ ਤੰਦ ਪਿਆਰ ਦੀ ਲੱਭੀ
ਉਹ ਵੀ ਤੰਦ ਇਕਹਿਰੀ ।

Amrita Pritam

You may also like