ਟੂਣੇ ਵਾਲਾ ਪਾਣੀ

by admin

 

     ਕੱਟੇ ਨੂੰ ਠੰਢ ਲੱਗ ਗਈ ਸੀ | ਬਾਪੂ ਨੇ ਅਪਣੀ ਸਮਝ ਅਨੁਸਾਰ ਵਾਹਵਾ ਦਵਾਈ ਬੂਟੀ ਦਿੱਤੀ ਪਰ ਕੋਈ ਫਰਕ ਨਾ ਪਿਆ | ਸ਼ਹਿਰੋਂ ਡੰਗਰਾਂ ਦੇ ਡਾਕਟਰ ਨੂੰ ਬੁਲਾਇਆ ਗਿਆ | ਉਹਨੇ ਕਈ ਟੀਕੇ ਰਲਾ-ਮਿਲਾ ਕੇ ਲਾਏ ਪਰ ਸਭ ਯਤਨ ਬੇਕਾਰ ਹੋ ਗਏ | ਸਾਮ ਨੂੰ ਕੱਟਾ ਚੜੵਾਈ ਕਰ ਗਿਆ |

     ਕੱਟਰੂ ਦੇ ਹੇਰਵੇ ‘ਚ ਸਾਮੀਂ ਮੱਝ ਲੱਤ ਚੁੱਕ ਗਈ | ਸਵੇਰੇ ਦਾਣਾ ਖੁਰਲੀ ‘ਚ ਬੂਰਿਆ ਤਾਂ ਮੱਝ ਮਿਲ ਪਈ | ਸਾਮੀਂ ਫੇਰ ਉਹੀ ਹਾਲ |

     ਹੁਣ ਰੋਜ ਹੀ ਮੱਝ ਸਾਮ ਨੂੰ ਲੱਤ ਚੁੱਕ ਜਾਂਦੀ ਸੀ |

     ਆਖਿਰ ਮਿਲਖ ਰਾਜ ਪੰਡਿਤ ਜੀ, ਜਿਸਨੂੰ ਸਾਰੇ ਲੋਕ ਸਤਿਕਾਰ ਨਾਲ ਪਾਂਡੇਜੀ ਆਖਦੇ ਸਨ, ਤੋਂ ਪਾਣੀ ‘ਕਰਵਾ’ ਕੇ ਲਿਆਂਦਾ ਗਿਆ | ਮੱਝ ਦੇ ਥਣਾਂ ‘ਤੇ ਛਿੱਟੇ ਮਾਰੇ ਗਏ ਤਾਂ ਮੱਝ ਮਿਲ ਪਈ |

     ਹੁਣ ਰੋਜ ਹੀ ਸਾਮੀਂ ਪਾਂਡੇਜੀ ਤੋਂ ਪਾਣੀ ਕਰਵਾਉਣ ਦੀ ਡਿਊਟੀ ਮੇਰੀ ਲੱਗ ਗਈ ਸੀ |

     ਮੈ ਪਾਣੀ ਗੜਬੀ ‘ਚ ਘਰੋਂ ਲੈ ਕੇ ਜਾਂਦਾ ਸਾਂ | ਪਾਂਡੇਜੀ ਗੜਬੀ ਦੇ ਆਲੇ-ਦੁਆਲੇ ਚਿਮਟਾ ਘਮਾਉਂਦਾ ਸੀ ਤੇ ਮੂੰਹ ‘ਚ ਕੁੱਝ ਬੋਲਦਾ ਸੀ | ਉਸੇ ਤਰਾਂ ਭਰੀ ਹੋਈ ਗੜਬੀ ਮੈ ਘਰ ਲੈ ਆਉਂਦਾ ਸਾਂ |

     ਇੱਕ ਦਿਨ ਮੁੜਦੇ ਹੋਏ ਗਲੀ ਦੇ ਅਵਾਰਾ ਕੁੱਤੇ ਮੇਰੇ ਮਗਰ ਪੈ ਗਏ  | ਡਰਦਿਆਂ ਮੈ ਭੱਜ ਲਿਆ ਤਾਂ ਗੜਬੀ ਹੱਥੋਂ ਡਿੱਗ ਗਈ ਤੇ ਟੂਣੇ ਵਾਲਾ ਪਾਣੀ ਡੁੱਲੵ ਗਿਆ |

     ਘਰੋਂ ਕੁੱਟ ਪੈਣ ਦੇ ਡਰ ਕਾਰਨ ਮੈ ਜੀਤ ਕੇ ਘਰੋਂ ਨਲਕੇ ਤੋਂ ਗੜਬੀ ਪਾਣੀ ਦੀ ਭਰ ਲਈ | 

    ਮੈਨੂੰ ਡਰ ਸੀ ਕਿ ਇਹ ਟੂਣੇ ਵਾਲਾ ਪਾਣੀ ਤਾਂ ਹੈ ਨਹੀ ਇਸ ਕਰਕੇ ਮੱਝ ਨਹੀ ਮਿਲੇਗੀ | ਪਰ ਮੱਝ ਮਿਲ ਪਈ |

     ਹੁਣ ਮੈ ਰੋਜ ਹੀ ਸੱਥ ‘ਚ ਤਾਸ਼ ਦੀ ਬਾਜ਼ੀ ਦੇਖਣ ਬੈਠ ਜਾਂਦਾ ਸਾਂ ਤੇ ਬਿਨਾਂ ਟੂਣੇ ਤੋਂ ਹੀ ਪਾਣੀ ਦੀ ਗੜਬੀ ਵਾਪਿਸ ਲੈ ਆਉਂਦਾ ਸਾਂ ਅਤੇ ਮੱਝ ਮਿਲ ਜਾਂਦੀ ( ਦੁੱਧ ਦੇ ਦਿੰਦੀ ) ਸੀ |

      ਇੱਕ ਦਿਨ ਜਦੋਂ ਮੈ ਇਹੋ ਕਾਰਸਤਾਨੀ ਖੇਡ ਘਰ ਪੁੱਜਾ ਤਾਂ ਦੇਖਿਆ ਪਾਂਡੇਜੀ ਸਾਡੇ ਘਰ ਬੈਠਾ ਬਾਪੂ ਨਾਲ ਗੱਲਾਂ ਕਰ ਰਿਹਾ ਸੀ |

      ਦਰਅਸਲ ਉਹ ਦੋ ਦਿਨ ਤੋਂ ਘਰੋਂ ਬਾਹਰ ਗਿਆ ਹੋਇਆ ਸੀ ਤੇ ਆਉਂਦਾ ਹੋਇਆ ਸਾਡੇ ਘਰ ਬਾਪੂ ਨਾਲ ਗੱਲੀਂ ਲੱਗ ਗਿਆ ਸੀ | ਮੈ ਗੜਬੀ ਲਿਆਕੇ ਮਾਂ ਨੂੰ ਫੜਾ ਦਿੱਤੀ, ਮੱਝ ਮਿਲ ਪਈ (ਦੁਧ ਦੇ ਦਿੱਤਾ ) |

     “ਉਏ ਪਾਂਡੇਜੀ ਤਾਂ ਆਹ ਬੈਠੈ, ਤੂੰ ਟੂਣਾ ਕੀਹਤੋਂ ਕਰਵਾ ਕੇ ਲਿਆਂਦੈ ?” ਬਾਪੂ ਨੇ ਸਵਾਲ ਕੀਤਾ |

      “ਅੱਜ ਟੂਣਾ ਪਾਂਡੇਜੀ ਦੀ ਘਰਵਾਲੀ ਨੇ ਕਰਤਾ, ਉਹ ਕਹਿੰਦੀ ਮੈਨੂੰ ਵੀ ਆਉਂਦੈ |” ਆਖ ਮੈ ਸਬੵਾਤ ਅੰਦਰ ਨੂੰ ਚਲਾ ਗਿਆ |

      “ਆਹੋ ਪਾਣੀ ਤਾਂ ਟੂਣੇ ਵਾਲਾ ਈ ਐ, ਤਾਂਹੀ ਤਾਂ ਮੱਝ ਮਿਲ ਪਈ |” ਆਖ ਮਾਂ ਨੇ ਮੇਰੀ ਪਰੋੜਤਾ ਕਰ ਦਿੱਤੀ | 

    ਅਗਲੇ ਦਿਨ ਤੋਂ ਬਾਪੂ ਨੇ ਮੇਰੀ ਇਹ ‘ਡਿਊਟੀ’ ਖਤਮ ਕਰ ਦਿੱਤੀ ਕਿਉਂਕਿ ਉਹ ਜਾਣਦਾ ਸੀ ਕਿ ਪਾਂਡੇਜੀ ਤਾਂ ਇਕੱਲਾ ਹੀ ਰਹਿੰਦਾ ਸੀ, ਉਸਦੀ ਕੋਈ ਘਰਵਾਲੀ ਨਹੀ ਸੀ | 

    ਉਸ ਦਿਨ ਪਿੱਛੋਂ ਮੱਝ ‘ਟੂਣੇ ਵਾਲੇ ਪਾਣੀ’ ਤੋਂ ਬਿਨਾ ਹੀ ਮਿਲਣ ਲੱਗ ਗਈ ਸੀ |

You may also like