ਤਬਦੀਲੀ

by Lakhwinder Singh

ਤਬਦੀਲੀ

10 ਸਾਲ ਦੋ ਨੰਬਰ ਚ ਇੰਗਲੈਂਡ ਲਾਕੇ, ਆਖਰ ਨੂੰ ਜੀਤਾ, ਡਿਪੋਰਟ ਹੋਕੇ ਇੰਡੀਆ ਪਹੁੰਚ ਚੁੱਕਾ ਸੀ। ਵਿਆਹ ਦੀ ਉਮਰ ਵੀ ਲੰਘ ਰਹੀ ਸੀ। 38 ਸਾਲ ਉਮਰ ਸੀ ਜੀਤੇ ਦੀ, ਜਦ ਉਹ ਇੰਡੀਆ ਵਾਪਸ ਆਇਆ। ਘਰਦਿਆਂ ਨੇ ਵੀ ਉਸਨੂੰ ਵਿਆਹ ਕਰਵਾਉਣ ਲਈ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ। ਪਰ ਉਹ ਹੱਲੇ ਕੁਝ ਹੋਰ ਸਮਾਂ ਮੰਗ ਰਿਹਾ ਸੀ ਘਰਦਿਆਂ ਕੋਲੋਂ। ਉਸਦਾ ਵੱਡਾ ਭਰਾ ਬਲਦੇਵ ਵੀ ਕੁਵੈਤ ਵਿਚੋਂ ਛੁੱਟੀ ਆਇਆ ਹੋਇਆ ਸੀ। ਉਸਨੇ ਵੀ ਜੀਤੇ ਨੂੰ ਬੜਾ ਜੋਰ ਲਾਇਆ, ਕਿ ਮੇਰੇ ਹੁੰਦਿਆਂ-2 ਵਿਆਹ ਕਰਵਾਲਾ। ਮੈਂ ਵੀ ਤੇਰਾ ਵਿਆਹ ਵੇਖ ਲਵਾਂਗਾ। ਜੀਤੇ ਨੇ ਉਸ ਵਕਤ ਆਪਣੇ ਵੱਡੀ ਵੀਰ ਨੂੰ ਇਹ ਕਹਿਕੇ ਟਾਲ ਦੇਣਾ। ਕਿ ਘਰ ਉਹ ਹੱਲੇ ਇਕ ਵਾਰ ਫੇਰ ਕਿਤੇ ਬਾਹਰ ਦੀ ਟ੍ਰਾਈ ਮਾਰਨਾ ਚਾਹੁੰਦਾ ਹੈ। ਤੇ ਜਾਂ ਫੇਰ ਰਿਸ਼ਤਾ ਐਸਾ ਲੱਭੋ, ਜਿਸ ਵਿਚ ਕੁੜੀ ਮੈਨੂੰ ਬਾਹਰ ਲਜਾਣ ਵਾਲੀ ਹੋਵੇ। ਪਰ ਇਹਨਾਂ ਵਿਚੋਂ ਕਿਸੇ ਨੂੰ ਨੀ ਪਤਾ ਸੀ, ਕਿ ਵਖਤ ਨੇ ਅੱਗੇ ਕੀ ਕੁਝ ਵਿਖਾਉਣਾ ਉਹਨਾਂ ਨੂੰ।

ਇਕ ਦੁਪਹਿਰ ਜੀਤੇ ਨੂੰ ਮੋਬਾਈਲ ਤੇ ਕਾਲ ਆਈ, ਕਿ ਉਸਦੇ ਵੱਡੇ ਭਰਾ ਦਾ ਰਸਤੇ ਚ ਐਕਸੀਡੈਂਟ ਹੋਇਆ ਪਿਆ ਹੈ। ਉਸਨੂੰ ਹਸਪਤਾਲ ਲੈਕੇ ਜਾ ਰਹੇ ਆ, ਤੂੰ ਤੁਰੰਤ ਇਲਾਜ ਲਈ ਪੈਸੇ ਲੈਕੇ ਪਹੁੰਚ। ਜੀਤੇ ਨੇ ਪੈਸਿਆਂ ਵੱਲੋਂ ਪੂਰੀ ਵਾਹ ਲਾਈ, ਪਰ ਆਪਣੇ ਭਰਾ ਦੀ ਜਾਨ ਨਹੀਂ ਬਚਾ ਪਾਇਆ। ਦੁੱਖਾਂ ਦਾ ਮਾਨੋਂ ਪਹਾੜ ਹੀ ਟੁੱਟ ਪਿਆ ਸੀ ਟੱਬਰ ਉਤੇ। ਹੱਲੇ ਉਮਰ ਹੀ ਕੀ ਸੀ ਬਲਦੇਵ ਦੀ, ਸਭਨੂੰ ਛਡਕੇ ਜਾਣ ਦੀ। ਓਵੀ ਦੱਸ ਸਾਲ ਦੀ ਕੁੜੀ ਤੇ 8 ਸਾਲ ਦਾ ਮੁੰਡਾ ਮਗਰ ਛਡਕੇ। ਕੌਣ ਸਾਂਭਣ ਵਾਲਾ ਸੀ ਨਿੱਕੇ ਨਿੱਕੇ ਜਵਾਕਾਂ ਨੂੰ, ਤੇ ਕਿਸਨੇ ਹੱਥ ਫੜਨਾ ਸੀ ਉਸਦੀ ਵਿਧਵਾ ਬੀਵੀ ਦਾ। ਬੜੀ ਉਲਝਣ ਵਿਚ ਸਨ ਸਾਰੇ, ਕਿ ਅੱਗੇ ਹੁਣ ਕੀ ਹੋਵੇਗਾ ਉਹਨਾਂ ਤਿੰਨਾਂ ਦਾ। ਫੇਰ ਕਿਤੇ ਘਰਦਿਆਂ ਤੇ ਕੁਝ ਰਿਸ਼ਤੇਦਾਰਾਂ ਨੇ ਜੀਤੇ ਨਾਲ ਗੱਲ ਕਰਕੇ ਵੇਖੀ, ਕਿ ਪੁੱਤ ਹੁਣ ਤੈਨੂੰ ਹੀ ਆਪਣੀ ਭਾਬੀ ਅਤੇ ਬੱਚਿਆਂ ਦਾ ਸਹਾਰਾ ਬਣਨਾ ਪੈਣਾ।

ਜੀਤੇ ਦੀ ਉਮਰ ਭਾਵੇਂ ਹੁਣ ਛੜਿਆ ਵਿਚ ਗਿਣੀ ਜਾ ਸਕਦੀ ਸੀ। ਪਰ ਉਸਨੇ ਜਿਹੜੇ ਦਸ ਸਾਲ ਇੰਗਲੈਂਡ ਲਾਕੇ ਪੈਸੇ ਕਮਾਏ ਸਨ, ਉਸਦਾ ਫਾਇਦਾ ਉਸਨੂੰ ਜ਼ਰੂਰ ਮਿਲ ਸਕਦਾ ਸੀ ਇਕ ਘੱਟ ਉਮਰ ਦੀ ਪੜੀ ਲਿਖੀ ਕੁੜੀ ਦਾ ਰਿਸ਼ਤਾ ਆਉਣ ਵਿਚ। ਸ਼ਾਇਦ ਏਸੇ ਲੲੀ ਹੀ ਜੀਤੇ ਨੇ ਘਰਦਿਆਂ ਦੀ ਬੇਨਤੀ ਮੰਨਣ ਤੋਂ ਇਨਕਾਰ ਕਰ ਦਿੱਤਾ। ਸਾਡੇ ਸਮਾਜ ਵਿਚ ਜਦ ਅਜਿਹੇ ਹਾਲਾਤ ਬਣਦੇ ਨੇ, ਤੇ ਔਰਤ ਦਾ ਘਰਵਾਲਾ ਚੜਾਈ ਕਰਨ ਤੇ ਅਗਰ ਉਸਦਾ ਦਿਓਰ ਉਸ ਨਾਲ ਵਿਆਹ ਕਰਵਾਕੇ, ਘਰ ਦੀ ਇਜ਼ਤ ਘਰ ਵਿਚ ਹੀ ਰੱਖਣ ਤੋਂ ਇਨਕਾਰ ਕਰੇਂ। ਤਾਂ ਅਸੀਂ ਲੋਕ ਮੁੰਡੇ ਨੂੰ ਤੇ ਉਸਦੇ ਮਾਂ ਬਾਪ ਨੂੰ ਮਿਹਣੇ ਮਾਰ ਮਾਰ, ਮਰਨ ਵਾਲਾ ਕਰ ਦਿੰਦੇ ਹਾਂ। ਖੈਰ ਮੇਰਾ ਇਹ ਵਿਸ਼ਾ ਨਹੀਂ, ਕਿ ਮੈਂ ਏਸ ਹਾਲਾਤ ਵਿਚ ਕੌਣ ਸਹੀ ਤੇ ਕੌਣ ਗਲਤ ਦਾ ਪੱਖ ਰੱਖਾ।

ਜਦ ਸਾਰੇ ਰਿਸ਼ਤੇਦਾਰ, ਜੀਤੇ ਨੂੰ ਮਨਾਉਣ ਦੀਆਂ ਨਾਕਾਮ ਕੋਸ਼ਿਸ਼ਾਂ ਕਰਨ ਤੋਂ ਬਾਅਦ ਵਾਪਸ ਮੁੜ ਗੲੇ। ਤਾਂ ਜੀਤੇ ਦੀ ਭਾਬੀ ਨੂੰ ਵੀ ਉਸਦੇ ਘਰਦੇ, ਬੱਚਿਆਂ ਸਮੇਤ ਆਪਣੇ ਨਾਲ ਹੀ ਲੈ ਤੁਰੇ। ਜੀਤੇ ਦੀ ਮਾਂ ਨੇ ਜੀਤੇ ਦੇ ਬੜੇ ਤਰਲੇ ਕੱਢੇ, ਝੋਲੀ ਤੱਕ ਅੱਡਦੀ ਰਹੀ, ਪਰ ਜੀਤਾ ਕਿਸੇ ਦੀ ਨ ਮੰਨੇ। ਫੇਰ ਪਿੰਡ ਦੇ ਸਰਪੰਚ ਨੇ ਆਕੇ ਸਿਆਸੀ ਦਿਮਾਗ ਨਾਲ ਸੋਚਣ ਦੀ ਸਲਾਹ ਦਿੱਤੀ ਜੀਤੇ ਨੂੰ। ਕਿ ਜੇ ਤੂੰ ਉਸ ਔਰਤ ਨਾਲ ਵਿਆਹ ਕਰਵਾ ਲਵੇਂਗਾ, ਤਾਂ ਸਾਰੀ ਜਮੀਨ ਤੈਨੂੰ ਆ ਜਾਣੀ। ਵਰਨਾ ਜਮੀਨ ਦੋ ਹਿਸਿਆਂ ਵਿਚ ਵੰਡੀ ਜਾਵੇਗੀ, ਤੇ ਇਕ ਹਿੱਸਾ ਬਲਦੇਵ ਦੀ ਘਰਵਾਲੀ ਨੂੰ ਦੇ ਦੇਣਾ ਕਨੂੰਨ ਨੇ। ਬਹਿਤਰ ਇਹੀ ਆ ਕੇ ਜ਼ਿਦ ਛਡਕੇ, ਵਿਆਹ ਕਰਵਾਲਾ ਤੇ ਸਾਰੀ ਜਮੀਨ ਦੀ ਤੇਰੇ ਨਾਮ ਤੇ ਰਜਿਸਟਰੀ ਕਰਵਾਉਣ ਦੀ ਜ਼ਿੰਮੇਵਾਰੀ ਮੇਰੀ। ਸਰਪੰਚ ਦੀ ਗੱਲ ਦਾ ਜੀਤੇ ਉਤੇ ਖਾਸਾ ਅਸਰ ਹੋਇਆ, ਤੇ ਉਸਨੇ ਵਿਆਹ ਲਈ ਹਾਂ ਕਰ ਦਿੱਤੀ।

ਗਿਣਤੀ ਮਿਣਤੀ ਦੇ ਰਿਸ਼ਤੇਦਾਰ ਸਦਕੇ, ਪਿੰਡ ਵਿਚ ਹੀ ਸਪੀਕਰ ਬੰਦ ਕਰਕੇ ਅਨੰਦ ਕਾਰਜ ਕਰਵਾ ਦਿੱਤੇ ਗਏ ਉਹਨਾਂ ਦੇ। ਸਭ ਨੂੰ ਲੱਗਿਆ ਕਿ ਉਹ ਬੇਵਾ ਉਜੜਨ ਤੋਂ ਬਚ ਗੲੀ, ਉਸਦੇ ਬੱਚਿਆਂ ਨੂੰ ਬਾਪ ਦਾ ਸਾਇਆ ਮਿਲਣ ਨਾਲ। ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਸਾਰੀ ਜਮੀਨ ਦਾ ਮਾਲਕ ਬਣਨ ਤੋਂ ਬਾਅਦ, ਜੀਤੇ ਦੀ ਸ਼ਰਾਬ ਪੀਣ ਦੀ ਆਦਤ ਹੁਣ ਐਬ ਬਣ ਜਾਵੇਗੀ। ਜੀਤੇ ਨੇ ਰੋਜ਼ ਸ਼ਾਮ ਨੂੰ ਸ਼ਰਾਬ ਨਾਲ ਰਜਕੇ ਆਉਣਾ, ਤੇ ਆਪਣੀ ਘਰਵਾਲੀ ਨੂੰ ਬਿਨਾਂ ਗੱਲੋਂ ਗਾਲਾਂ ਕੱਢਣ ਲੱਗ ਪੈਣਾ। ਹੌਲੀ ਹੌਲੀ ਗਾਲਾਂ ਤੋਂ ਵੀ ਅੱਗੇ ਵਧ ਗਿਆ ਇਹ ਕੰਮ, ਤੇ ਉਸਨੇ ਹੁਣ ਕੁਟਣਾ ਵੀ ਸ਼ੁਰੂ ਕਰ ਦਿੱਤਾ ਸੀ ਆਪਣੀ ਘਰਵਾਲੀ ਨੂੰ। ਉਸਦੀ ਮਾਂ ਨੇ ਅਗਰ ਵਿਚਾਲੇ ਆਕੇ ਆਪਣੀ ਨੂੰਹ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ, ਤਾਂ ਜੀਤੇ ਨੇ ਆਪਣੀ ਮਾਂ ਨੂੰ ਵੀ ਗੰਦੀਆਂ ਗੰਦੀਆਂ ਗਾਲਾਂ ਕੱਢਣ ਲਗ ਪੈਣਾ। ਇਸ ਸਭ ਦਾ ਬੱਚਿਆਂ ਉਪਰ ਵੀ ਕਾਫੀ ਬੁਰਾ ਅਸਰ ਪੈ ਰਿਹਾ ਸੀ। ਉਹਨਾਂ ਦੀ ਮਾਂ ਨੇ ਉਹਨਾਂ ਨੂੰ ਸਮਝਾਇਆ ਸੀ, ਕਿ ਆਪਣੇ ਚਾਚੇ ਨੂੰ ਹੁਣ ਤੁਸੀਂ ਚਾਚਾ ਨਹੀਂ, ਸਗੋਂ ਡੈਡੀ ਕਹਿਕੇ ਬੁਲਾਉਣਾ ਏ। ਪਰ ਓਹੀ ਜਦ ਬੱਚਿਆਂ ਨੇ ਜੀਤੇ ਨੂੰ ਡੈਡੀ ਕਹਿਕੇ ਬੁਲਾਉਣਾ, ਤਾਂ ਜੀਤੇ ਨੇ ਅੱਗੋਂ ਮਸੂਮ ਬੱਚਿਆਂ ਨੂੰ ਦਬਕੇ ਮਾਰਨ ਲਗ ਪੈਣਾ। ਕਿ ਮੈਂ ਤੁਹਾਡਾ ਡੈਡੀ ਨਹੀਂ ਚਾਚਾ ਹਾਂ, ਚਾਚਾ ਹੀ ਕਿਹਾ ਕਰੋ ਮੈਨੂੰ। ਡੈਡੀ ਤੁਹਾਡਾ ਮਰ ਚੁਕਾ ਵਾ।

ਬੜੇ ਹੀ ਤਰਸਯੋਗ ਹਾਲਾਤ ਬਣ ਗਏ ਸਨ ਉਸ ਪਰਿਵਾਰ ਦੇ। ਗਲੀ ਵਿਚੋਂ ਦੀ ਲੰਘਦੇ ਵੜਦਿਆਂ ਨੂੰ ਵੀ ਹਰ ਵਕਤ ਬਸ ਜੀਤੇ ਦੀਆਂ ਗਾਲ਼ਾਂ ਸੁਣਾਈ ਦੇਣੀਆਂ। ਕੋਈ ਚਾਹਕੇ ਵੀ ਕੁਝ ਕਹਿ ਨਹੀਂ ਸਕਦਾ ਸੀ ਜੀਤੇ ਨੂੰ। ਪਰ ਪ੍ਰਮਾਤਮਾ ਕਹਿੰਦੇ ਸਭ ਦੀ ਸੁਣਦਾ ਇਕ ਦਿਨ। ਉਹਨਾਂ ਬੱਚਿਆਂ ਅਤੇ ਉਹਨਾਂ ਦੀ ਮਾਂ ਦੀ ਵੀ ਸੁਣ ਲੲੀ ਪਰਮਾਤਮਾ ਨੇ। ਬੱਚਿਆਂ ਦੀ ਨਵੀਂ ਕਲਾਸ ਦੇ ਦਾਖਲੇ, ਇਕ ਐਸੇ ਸਕੂਲ ਵਿਚ ਕਰਵਾਏ ਗਏ, ਜਿਥੇ ਬਹੁਤ ਧਾਰਮਿਕ ਮਾਹੌਲ ਸੀ। ਬੱਚਿਆਂ ਨੇ ਘਰ ਆਕੇ ਵੀ ਪਾਠ ਕਰਨਾ ਸ਼ੁਰੂ ਕਰ ਦਿੱਤਾ, ਤਾਂ ਜੀਤੇ ਨੂੰ ਵੀ ਥੋੜੀ ਸ਼ਰਮ ਆਉਣ ਲਗ ਪੲੀ ਪਾਠ ਕਰਦਿਆਂ ਸਾਹਮਣੇ ਗੰਦ ਬੋਲਣ ਤੋਂ। ਵੱਡੀ ਕੁੜੀ ਸੁਖਨੂਰ ਕੌਰ ਦਾ ਪਾਠ ਵਿਚ ਬਹੁਤ ਮੰਨ ਲਗਦਾ ਸੀ। ਆਵਾਜ਼ ਸੋਹਣੀ ਹੋਣ ਕਰਕੇ, ਮਿਊਜ਼ਿਕ ਟੀਚਰ ਨੇ ਉਸਨੂੰ ਸ਼ਬਦ ਸਿਖਾਉਣੇ ਸ਼ੁਰੂ ਕਰ ਦਿੱਤੇ। ਬੱਚੀ ਦੇ ਮੰਨ ਵਿਚ ਐਸੀ ਲਗਨ ਛਿੜੀ, ਕਿ ਉਸਨੇ ਜ਼ਿਦ ਕਰਕੇ ਘਰ ਵਿਚ ਹੀ ਇਕ ਹਰਮੋਨੀਅਮ ਮੰਗਵਾ ਲਿਆ। ਹਾਸਾ ਵੀ ਆਉਂਦਾ, ਪਰ ਬੱਚੀ ਨੇ ਉਸ ਦਿਨ ਤੋਂ ਬਾਅਦ ਆਪਣੀ ਮਾਂ ਲਈ ਬਹੁਤ ਕੁਝ ਕੀਤਾ। ਜੀਤੇ ਨੇ ਜਦ ਵੀ ਸ਼ਰਾਬ ਪੀਕੇ ਆਉਣਾ ਤੇ ਰੌਲਾ ਪਾਉਣ ਲਗਣਾ, ਤਾਂ ਸੁਖਨੂਰ ਨੇ ਓਸੇ ਵਖਤ ਹੀ ਹਰਮੋਨੀਅਮ ਤੇ ਕੋਈ ਨਾ ਕੋਈ ਗੁਰਬਾਣੀ ਸ਼ਬਦ ਗਾਇਨ ਕਰਨ ਲੱਗ ਪੈਣਾ।

ਜੀਤੇ ਨੇ ਗੁੱਸੇ ਚ ਸਿਰ ਨੀਵਾਂ ਕਰਕੇ, ਡੋਲਦੇ ਹੋਏ ਨੇ ਚੁੱਪ ਚਾਪ ਕਮਰੇ ਵਿਚ ਵੜ ਜਾਣਾ। ਫਿਰ ਪੇਰੈਂਟਸ ਮੀਟਿੰਗ ਤੇ ਜਦ ਜੀਤੇ ਨੇ ਬੱਚਿਆਂ ਦੀ ਮਾਂ ਨੂੰ ਨਾਲ ਲੈਕੇ ਜਾਣਾ, ਤਾਂ ਆਲੇ ਦੁਆਲੇ ਸਾਬਤ ਸੂਰਤ ਅੰਮ੍ਰਿਤਧਾਰੀ ਮਾਪੇ ਵੇਖਕੇ ਬੜੀ ਸ਼ਰਮ ਆਉਣੀ ਉਸਨੂੰ। ਉਪਰੋਂ ਸੁਖਨੂਰ ਨੇ ਵੀ ਹੁਣ ਉਸ ਕੋਲ ਆਕੇ ਅਕਸਰ ਕਹਿਣਾ। ਚਾਚਾ ਤੂੰਮੀ ਦਾੜੀ ਰਖਲਾ ਤਾਂ, ਸੱਚੀ ਬਹੁਤ ਸੋਹਣਾ ਲੱਗਣਾ ਤੂੰ ਪੱਗ ਵਿਚ। ਜੀਤੇ ਨੇ ਕੲੀ ਵਾਰ ਗੁੱਸੇ ਵਿਚ, ਤੇ ਕੲੀ ਵਾਰ ਹਾਸੇ ਵਿਚ ਇਸ ਗੱਲ ਨੂੰ ਟਾਲ ਦੇਣਾ‌। ਫਿਰ ਇਕ ਰੋਜ਼ ਗੁਰਦੁਆਰਾ ਸਾਹਿਬ ਗੁਰਪੁਰਬ ਤੇ ਸੁਖਨੂਰ ਨੇ ਗੁਰਬਾਣੀ ਸ਼ਬਦ ਗਾਇਨ ਕੀਤਾ, ਜਿਸ ਲਈ ਉਸਦੀ ਸਭਨੇ ਬਹੁਤ ਤਰੀਫ ਕੀਤੀ। ਜੀਤਾ ਵੀ ਗੁਰਦੁਆਰਾ ਸਾਹਿਬ ਵਿਚ ਹੀ ਬੈਠਾ ਹੋਇਆ ਸੀ। ਜਦ ਉਸਦੇ ਕੰਨਾਂ ਵਿਚ ਇਹ ਗੂੰਜ਼ ਪੲੀ, ਕਿ ਸਰਦਾਰ ਜਗਜੀਤ ਸਿੰਘ ਜੀ ਦੀ ਸਪੁਤਰੀ ਬੇਟੀ ਸੁਖਨੂਰ ਕੌਰ ਨੇ ਬੜੇ ਹੀ ਸੋਹਣੇ ਢੰਗ ਨਾਲ ਰਾਗ ਵਿਚ ਕੀਰਤਨ ਸਰਵਣ ਕਰਾਇਆ ਸੰਗਤਾਂ ਨੂੰ। ਦਾਸ ਸਮੂਹ ਸਾਧ ਸੰਗਤ ਤੇ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ, ਸਰਦਾਰ ਜਗਜੀਤ ਸਿੰਘ ਜੀ ਅਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈ ਦਿੰਦਾ ਹੈ, ਜੋ ਉਹਨਾਂ ਦੀ ਚੰਗੀ ਪਰਵਰਿਸ਼ ਨਾਲ ਬੱਚੀ ਸੁਖਨੂਰ ਕੌਰ ਵਾਹਿਗੁਰੂ ਦੇ ਲੜ ਲੱਗੀ ਹੈ। ਪ੍ਰਮਾਤਮਾ ਏਸੇ ਤਰਾਂ ਹੀ ਚੜਦੀ ਕਲਾ ਚ ਰੱਖੇ ਇਸ ਪਰਿਵਾਰ ਨੂੰ।

ਇਹਨਾਂ ਹੀ ਕਾਫੀ ਨਹੀਂ ਸੀ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸੁਖਨੂਰ ਕੌਰ ਨੂੰ ਸਿਰੋਪਾ ਵੀ ਦਿੱਤਾ ਗਿਆ। ਜੋ ਕਿ ਉਸਨੇ ਸਿੱਧਾ ਆਕੇ ਜੀਤੇ ਦੀ ਝੋਲੀ ਵਿਚ ਰੱਖ ਦਿੱਤਾ। ਘਰ ਆਕੇ ਜੀਤੇ ਨੇ ਅੱਜ ਦੀ ਇਸ ਘਟਨਾ ਬਾਰੇ ਬਹੁਤ ਸੋਚਿਆ। ਸ਼ਾਮ ਨੂੰ ਜਦ ਉਸਦਾ ਪੀਣ ਦਾ ਵੇਲਾ ਹੋਇਆ, ਤਾਂ ਉਸਨੇ ਅੱਜ ਬਿਨਾਂ ਪੀਤੇ ਰਹਿਣ ਦਾ ਨਿਰਣਾ ਲਿਆ। ਬੜਾ ਮੁਸ਼ਕਲ ਸੀ ਇਸ ਨਿਰਣੇ ਦੇ ਬਣੇ ਰਹਿਣਾ, ਖਾਸ ਕਰ ਉਸ ਸ਼ਖਸ ਲਈ ਜਿਸਦਾ ਇਕ ਵੀ ਦਿਨ ਸ਼ਰਾਬ ਪੀਤੇ ਬਿਨਾਂ ਨਾ ਨਿਕਲਦਾ ਹੋਵੇ। ਪਰ ਫਿਰ ਵੀ ਜਿਮੇਂ ਕਿਵੇਂ ਜੀਤੇ ਨੇ ਉਸ ਦਿਨ ਬਿਨਾਂ ਸ਼ਰਾਬ ਪੀਤਿਆਂ ਕੱਢ ਲਿਆ। ਉਸਤੋਂ ਬਾਅਦ ਉਸਨੇ ਇਕ ਬਹੁਤ ਵੱਡੀ ਜੰਗ ਛੇੜ ਲਈ ਸੀ, ਆਪਣੇ ਆਪ ਨਾਲ ਤੇ ਆਪਣੇ ਇਹਨਾਂ ਐਬਾਂ ਖਿਲਾਫ। ਕਾਫੀ ਵਾਰ ਉਸਨੇ ਹਾਰ ਵੀ ਮੰਨੀ, ਤੇ ਸ਼ਰਾਬ ਪੀਕੇ ਖੂਹ ਤੇ ਹੀ ਸੋਂਦਾ ਰਿਹਾ। ਪਰ ਸੁਖਨੂਰ ਨੇ ਉਸਨੂੰ ਪ੍ਰੇਰਨਾ ਬੰਦ ਨਹੀਂ ਕਰਿਆ। ਉਸਨੇ ਜੋ ਵੀ ਸਾਖੀ ਸਕੂਲੋਂ ਸਿਖ ਕੇ ਆਉਣੀ, ਸਿਧੀ ਆਕੇ ਜੀਤੇ ਨੂੰ ਸੁਣਾ ਦੇਣੀ। ਜੀਤਾ ਵੀ ਹੁਣ ਕਾਫੀ ਬਦਲ ਚੁੱਕਾ ਸੀ। ਉਸਨੂੰ ਹੁਣ ਗੁੱਸਾ ਬਹੁਤ ਘੱਟ ਆਉਂਦਾ ਸੀ, ਤੇ ਬੱਚਿਆਂ ਕੋਲ ਬਹਿਕੇ ਗੱਲਾਂ ਕਰਨੀਆਂ ਵੀ ਸ਼ੁਰੂ ਕਰ ਦਿੱਤੀਆਂ ਸਨ ਉਸਨੇ। ਦਾੜੀ ਵੀ ਰਖ ਲਈ ਸੀ ਹੁਣ ਉਸਨੇ, ਪਰ ਉਸਨੂੰ ਹਮੇਸ਼ਾ ਕਾਲੀ ਕਰਕੇ ਰਖਦਾ, ਤੇ ਇਕ ਵੀ ਵਾਲ ਸਫੇਦ ਨਹੀਂ ਹੋਣ ਦਿੰਦਾ। ਸੁਖਨੂਰ ਦੀ ਮਹਿਨਤ ਵੀ ਜਾਰੀ ਹੈ, ਆਪਣੇ ਬਾਪੂ ਨੂੰ ਪੂਰਾ ਬਾਣੀ ਤੇ ਬਾਣੇ ਦਾ ਧਾਰਨੀ, ਗੁਰੂ ਦਾ ਸਿੱਖ ਬਣਾਉਣ ਦੀ। ਯਕੀਨਨ ਜੀਤੇ ਦੇ ਜੀਵਨ ਵਿਚ ਤਬਦੀਲੀ ਆਈ ਹੈ, ਤੇ ਅੱਗੇ ਵੀ ਜ਼ਰੂਰ ਆਵੇਗੀ।

ਮਨਪ੍ਰੀਤ ਸਿੰਘ

Manpreet Singh

You may also like