ਸੁਆਦ ਚੀਜ਼ ‘ਚ ਨਹੀਂ ਭਾਵਨਾ ‘ਚ ਹੁੰਦਾ

by admin

ਅੱਜ ਦੁਪਹਿਰੇ ਜਦੋਂ ਰੋਟੀ ਵਾਲਾ ਡੱਬਾ ਖੋਲਿ੍ਹਆ ਤਾਂ ਸਬਜ਼ੀ ਵੇਖਬਹੁਤ ਗੁੱਸਾ ਆਇਆ | ਮੈਂ ਡੱਬਾ ਚੁੱਕਿਆ ਅਤੇ ਬਾਹਰ ਕਿਆਰੀਆਂ ਵਿਚ ਸਬਜ਼ੀ ਡੋਲ੍ਹ ਦਿੱਤੀ ਅਤੇ ਰੋਟੀਆਂ ਉਸੇ ਤਰ੍ਹਾਂ ਲਪੇਟੀਆਂ ਹੀ ਚਲਾ ਮਾਰੀਆਂ | ਅੱਜ ਪਤਾ ਨਹੀਂ ਮੈਨੂੰ ਕਿਉਂ ਐਨੀ ਖਿਝ ਚੜ੍ਹੀ ਜਦੋਂ ਕਿ ਅੱਗੇ ਸਾਥੀਆਂ ਨਾਲ ਸਬਜ਼ੀ ਸਾਂਝੀ ਵੀ ਕਰ ਲਈ ਦੀ ਸੀ ਅਤੇ ਸੁਆਦ ਬਦਲਣ ਲਈ ਸਾਹਮਣੇ ਸਮੋਸਿਆਂ ਵਾਲੇ ਤੋਂ ਛੋਲੇ ਵੀ ਮੰਗਵਾ ਲੈਂਦੇ ਸੀ | ਮੈਨੂੰ ਘਰਵਾਲੀ ਵਿਹਲੜ ਲੱਗਣ ਲੱਗੀ ਜੋ ਮੈਨੂੰ ਤੋਰ ਕੇ ਟੀ.ਵੀ. ਵੇਖਣ ਅਤੇ ਸਹੇਲੀਆਂ ਨਾਲ ਗੱਪਾਂ ਮਾਰਨ ਜੋਗੀ ਹੈ |ਸਾਹਮਣੇ ਕਾਗਜ਼ ਇਕੱਠੇ ਕਰਨ ਵਾਲਾ ਬਜ਼ੁਰਗ ਬੋਰੀ ਰੱਖ ਨਲਕੇ ਤੋਂ ਪਾਣੀ ਪੀ ਬੈਠਾ ਹੀ ਸੀ, ਉਸ ਨੇ ਰੋਟੀਆਂ ਚੁੱਕ ਮੱਥੇ ਨੂੰ ਲਾਈਆਂ ਅਤੇ ਆਪਣੀ ਘ੍ਰਵਾਲੀ ਨੂੰ ਆਵਾਜ਼ਾਂ ਮਾਰਨ ਲੱਗਾ ਜੋ ਸੜਕ ਦੇ ਦੂਸਰੇ ਕਿਨਾਰੇ ਤੋਂ ਕਚਰਾ ਇਕੱਠਾ ਕਰ ਰਹੀ ਸੀ | ਉਹ ਵੀ ਉਸ ਵਾਂਗ ਬੜੀ ਕਮਜ਼ੋਰ ਸੀ | ਦੋਵਾਂ ਨੇ ਨਲਕੇ ਕੋਲ ਬੈਠ ਬਿਨਾਂ ਕਿਸੇ ਦਾਲ-ਸਬਜ਼ੀ ਰੋਟੀ ਖਾ ਪਾਣੀ ਪੀ ਰੱਬ ਦਾ ਸ਼ੁਕਰ ਕੀਤਾ ਅਤੇ ਬਣਾਉਣ ਵਾਲੇ ਹੱਥਾਂ ਨੂੰ ਅਸੀਸਾਂ ਦਿੱਤੀਆਂ | ਮੈਂ ਕੋਲ ਜਾ ਕੇ ਉਨ੍ਹਾਂ ਨੂੰ ਬਿਨਾਂ ਸਬਜ਼ੀ ਰੋਟੀ ਖਾਣ ਬਾਰੇ ਪੁੱਛਿਆ ਤਾਂ ਉੱਤਰ ਸੁਣ ਸੰੁਨ ਹੋ ਗਿਆ, ‘ਸਰਦਾਰ ਜੀ, ਇਹ ਸੁਆਦ ਤਾਂ ਤੁਹਾਡੇ ਵਰਗੇ ਲੋਕ ਵੇਖਦੇ ਆ, ਸਾਡਾ ਤਾਂ ਮਤਲਬ ਢਿੱਡ ਭਰਨ ਤੋਂ ਹੈ, ਕੱਲ੍ਹ ਰਾਤ ਤੋਂ ਕੁਝ ਨਹੀਂ ਸੀ ਮਿਲਿਆ |’ ਮੈਨੂੰ ਰੋਟੀ ਦੀ ਕੀਮਤ ਦਾ ਅਹਿਸਾਸ ਹੋਇਆ ਅਤੇ ਘਰ ਵਾਲੀ ਪ੍ਰਤੀ ਵੀ ਗੁੱਸਾ ਜਾਂਦਾ ਰਿਹਾ | ਸ਼ਾਮ ਨੂੰ ਘਰ ਆਇਆਤਾਂ ਘਰਵਾਲੀ ਨੇ ਮਾਫੀ ਮੰਗਦਿਆਂ ਕਿਹਾ, ‘ਸਵੇਰੇ ਸਿਹਤ ਠੀਕ ਨਾ ਹੋਣਕਰਕੇ ਸਬਜ਼ੀ ਥੋੜ੍ਹੀ ਜਿਹੀ ਸੜ ਗਈ ਸੀ |

ਮੈਥੋਂ ਖੜਿ੍ਹਆ ਨਹੀਂ ਸੀ ਜਾਂਦਾ ਸੋ… |’ ਮੈਂ ਹੈਰਾਨ ਸੀ ਕਿ ਬਿਮਾਰ ਹੋਣ ‘ਤੇ ਵੀ ਉਸ ਨੇ ਮੇਰੇਲਈ ਐਨਾ ਤਰੱਦਦ ਕੀਤਾ, ‘ਤੂੰ ਮੈਨੂੰ ਦੱਸਿਆ ਕਿਉਂ ਨਹੀਂ?’ ਮੈਂ ਇਕਦਮ ਪੁੱਛਿਆ, ‘ਨਹੀਂ ਮਾਮੂਲੀ ਜਿਹੀ ਗੱਲ ਸੀ, ਤੇਜ਼ਾਬ ਬਣਨ ਕਾਰਨ ਬਸ… ਤੁਸੀਂ ਸਾਰਾ ਦਿਨ ਕੰਮ ਕਰਨਾ ਹੁੰਦਾ, ਇਸ ਲਈ ਮੈਨੂੰ ਡਰ ਸੀ ਚਿੰਤਾ ‘ਚ ਰਹੋਗੇ |’ ਉਹ ਵਾਰ-ਵਾਰ ਮੁਆਫ਼ੀ ਮੰਗ ਰਹੀ ਸੀ | ‘ਨਹੀਂ ਯਾਰ ਇਹ ਕਿੱਡੀ ਕੁ ਗੱਲ ਹੈ, ਰੋਟੀ ਦਾ ਮਤਲਬ ਢਿੱਡ ਭਰਨ ਤੋਂ ਹੈ ਨਾ ਕਿ ਸੁਆਦ ਤੋਂ… |’ ਮੈਂ ਬਜ਼ੁਰਗ ਦੇ ਸ਼ਬਦ ਦੁਹਰਾ ਦਿੱਤੇ | ਮੇਰੀ ਪਤਨੀ ਮੇਰੇ ਵਰਤਾਰੇ ਤੋਂ ਹੈਰਾਨ ਤੇ ਖੁਸ਼ ਸੀ | ‘ਮੈਂ ਤੁਹਾਡੇ ਲਈ ਖੀਰ ਬਣਾਈ ਹੈ, ਬੈਠੋ ਮੈਂ ਹੁਣੇ ਲਿਆਈ |’ ਮੇਰੀ ਖੁਸ਼ੀ ਲਈ ਉਹ ਕਿੰਨੀ ਭੱਜ-ਨੱਠ ਕਰ ਰਹੀ ਸੀ | ‘ਨਹੀਂ ਤੂੰ ਬੈਠ ਮੈਂ ਲੈ ਕੇ ਆਵਾਂਗਾ|’ ਉਸ ਦੇ ਉਠਣ ਤੋਂ ਪਹਿਲਾਂ ਹੀ ਮੈਂ ਰਸੋਈ ‘ਚੋਂ ਦੋ ਕੌਲੀਆਂ ਵਿਚ ਖੀਰ ਪਾ ਲਿਆਇਆ | ਅਸੀਂ ਖੁਸ਼ੀ-ਖੁਸ਼ੀ ਖਾਣ ਲੱਗੇ | ‘ਖੀਰ ਕਿਵੇਂ ਲੱਗੀ?’ ਸੁੱਖੀ ਖੀਰ ਬਾਰੇ ਪੁੱਛਣ ਲੱਗੀ, ‘ਬਹੁਤ ਸੁਆਦ, ਬਾਕੀ ਸੁਆਦ ਚੀਜ਼ ‘ਚ ਨਹੀਂ ਸਗੋਂ ਬਣਾਉਣ ਵਾਲੇ ਦੀ ਭਾਵਨਾ ‘ਚ ਹੁੰਦਾ | ਸੁਆਦ ਜ਼ਿੰਦਗੀ ਜਿਊਣ ‘ਚ ਹੈ ਜੋ ਦੁੱਖ-ਸੁੱਖ ਦੇ ਨਾਲ ਅਤੇ ਆਪਸੀ ਪਿਆਰ ‘ਤੇ ਟਿਕੀ ਹੈ | ਕਈ ਵਾਰ ਤਾਂ ਇਕੱਠਿਆਂ ਖਾਧੀ ਸੁੱਕੀ ਰੋਟੀ ਵੀ ਛੱਤੀ ਪਕਵਾਨਾਂ ਤੋਂ ਵੱਧ ਸੁਆਦ ਦਿੰਦੀ ਹੈ |’ ਮੇਰੇ ਸਾਹਮਣੇ ਬਜ਼ੁਰਗ ਜੋੜੇ ਦੀ ਤਸਵੀਰ ਆ ਗਈ | ਸੁੱਖੀ ਨੇ ਮੇਰੇ ਹੱਥ ਫੜ ਆਪਣੇ ਹੱਥਾਂ ਵਿਚ ਘੁੱਟ ਲਏ | ਉਸ ਦੇ ਗਰਮ ਸਾਹਾਂ ਅਤੇ ਹੰਝੂਆਂ ਨੇ ਉਸ ਦੀ ਖੁਸ਼ੀ ਉਜਾਗਰ ਕਰ ਦਿੱਤੀ ਸੀ | ਉਹ ਕਿਸੇ ਅਨੰਤ ਸੁਆਦ ਵਿਚ ਗੁਆਚ ਗਈਸੀ 

You may also like