ਪਿੰਡ ਦਾ ਮੋਹ

by admin

ਕੁਲਬੀਰ ਕਿੰਨੇ ਹੀ ਸਾਲਾਂ ਤੋਂ ਸ਼ਹਿਰ ਰਹਿ ਰਿਹਾ ਸੀ। ਕਿਸੇ ਫੈਕਟਰੀ ਵਿੱਚ ਕੰਮ ਕਰਦਾ ਹੁੰਦਾ ਸੀ।

ਛੋਟੇ ਜਿਹੇ ਪਿੰਡ ਨੂੰ ਛੱਡਣ ਤੋਂ ਬਾਅਦ ਹੁਣ ਇਹੀ ਕਮਰਾ ਉਸ ਦੀ ਦੁਨੀਆਂ ਸੀ । ਇਹੀ ਸੁਪਨਿਆਂ ਦਾ ਸੰਸਾਰ ਐ। ਗਰਮੀ ਸਰਦੀ, ਮੀਂਹ ਨ੍ਹੇਰੀ ਦਿਨ ਰਾਤ ਤੇ ਫੈਕਟਰੀ ਤੋਂ ਕਮਰਾ, ਕਮਰੇ ਤੋਂ ਫੈਕਟਰੀ ਹੀ ਉਸ ਦੀ ਪਹੁੰਚ ਹੋ ਗਈ ਸੀ।

ਜੀਤੀ ਪਹਿਲੇ ਹੀ ਦਿਨ ਉਸ ਨੂੰ ਅਜੀਬ ਜਿਹੀ ਲੱਗੀ ਸੀ। ਬਹੁਤ ਹੀ ਹੱਸਮੁੱਖ ਤੇ ਮਿਲਣਸਾਰ ਸੁਭਾਅ ਦੀ ਮਾਲਕਣ ਸੀ। ਉਹਦਾ ਪਲ਼ ਵਿੱਚ ਗੁੱਸੇ ਹੋਣਾ ਤੇ ਛੇਤੀ ਹੀ ਸ਼ਾਂਤ ਹੋ ਜਾਣਾ ਕਿੰਨਾ ਹੀ ਵਧੀਆ ਲੱਗਦਾ ਸੀ। ਹੌਲੀ-ਹੌਲੀ ਇੱਕ ਦੂਜੇ ਦੇ ਸੁਭਾਅ ਤੋਂ ਬਹੁਤ ਵਾਕਿਫ਼ ਹੋ ਗਏ ਸੀ।

ਕੁਲਬੀਰ ਨੇ ਕਦੇ ਗ਼ਲਤ ਨਹੀਂ ਸੋਚਿਆ ਸੀ ਜੀਤੀ ਬਾਰੇ ਫੇਰ ਵੀ ਸੋਚਦਾ ਸੀ ਕੀ ਨਾਂ ਦੇਵਾਂ ਇਸ ਰਿਸ਼ਤੇ ਨੂੰ? ਉਹ ਜੀਤੀ ਨੂੰ ਆਪਣੇ ਭੈਣ ਭਰਾਵਾਂ ਦੀ ਤਰ੍ਹਾਂ ਤੇ ਆਪਣੇ ਦੋਸਤਾਂ ਦੀ ਤਰ੍ਹਾਂ ਮੰਨਦਾ ਸੀ। ਕਦੇ ਇਹ ਸੋਚਿਆ ਨਹੀਂ ਸੀ, ਵੀ ਉਹ ਕੁੜੀ ਨਾਲ ਗੱਲਾਂ ਕਰ ਰਿਹਾ? ਕਦੇ ਕਦੇ ਨਿੱਕੀਆਂ-ਨਿੱਕੀਆਂ ਗੱਲਾਂ ਤੇ ਤੂੰ ਤੂੰ ਮੈਂ ਮੈਂ ਹੋ ਜਾਂਦੀ ।ਪਰ ਉਸ ਨੇ ਕਦੇ ਵੀ ਜੀਤੀ ਦਾ ਬੁਰਾ ਨਹੀਂ ਮਨਾਇਆ ਸੀ। ਸਿਆਣੇ ਕਹਿੰਦੇ ਹੁੰਦੇ ਐ ਜ਼ਿਆਦਾ ਗ਼ੁੱਸੇ ਵਾਲੇ ਲੋਕ ਹਮੇਸ਼ਾ ਦਿਲਾਂ ਦੇ ਸਾਫ਼ ਹੁੰਦੇ ਐ । ਨਾਲੇ ਗੁਰੂ,ਮਾਪੇ ਤੇ ਚੰਗੇ ਦੋਸਤਾਂ ਦੀ ਗੱਲ ਦਾ ਬੁਰਾ ਨਹੀਂ ਮਨਾਈ ਦਾ ?ਉਹ ਜੀਤੀ ਨੂੰ ਪਿਆਰ ਬਹੁਤ ਕਰਦਾਂ ਕਦੇ ਕੁਲਬੀਰ ਨੂੰ ਲੱਗਦਾ ਵੀ ਉਹ ਦਿਲ ਦੀ ਗੱਲ ਕਹਿ ਦੇਵੇ ਪਰ ਚੁੱਪ ਕਰ ਜਾਂਦਾ।

ਕੁਲਬੀਰ ਨੇ ਇੱਕ ਦਿਨ ਗੱਲਾਂ- ਗੱਲਾਂ ਵਿੱਚ ਜੀਤੀ ਨੂੰ ਕੁਝ ਕਹਿ ਦਿੱਤਾ? ਜੀਤੀ ਨੇ ਗੁੱਸੇ ਵਿੱਚ ਲਾਲ ਪੀਲੀ ਹੋਈ ਨੇ ਕੁਲਬੀਰ ਦੀ ਚੰਗੀ ਲਾਹ ਪਾਹ ਕਰ ਦਿੱਤੀ। ਕੁਲਬੀਰ ਖੜ੍ਹਾ ਖੜ੍ਹਾ ਹੀ ਅੱਖਾਂ ਭਰ ਆਈਆਂ ਸੀ।

ਆਪਣੇ ਕਮਰੇ ਵਿੱਚ ਆਇਆ। ਪੋਹ ਦੀ ਠੰਡੀ ਰਾਤ ਵਿੱਚ ਰਜ਼ਾਈ ਲ਼ੈ ਕੇ ਸੌਂ ਗਿਆ। ਸ਼ਾਇਦ ਐਨਾ ਬੁਰਾ ਜ਼ਿੰਦਗੀ ਵਿੱਚ ਕਦੇ ਨਹੀਂ ਲੱਗਿਆ ਸੀ। ਮਨ ਹੀ ਮਨ ਸੋਚਦਾ ਰਿਹਾ। ਕਿਉਂ ਐਨੀ ਚੰਗੀ ਕੁੜੀ ਨੂੰ ਐਵੇਂ ਬੋਲਿਆ? ਅੱਧੀ ਰਾਤ ਤੋਂ ਜ਼ਿਆਦਾ ਬੀਤ ਗਈ ਸੀ। ਕਦੇ ਘੜੀ ਵੱਲ ਦੇਖ ਲੈਂਦਾ। ਕਦੇ ਪਾਣੀ ਦਾ ਠੰਡਾ ਸੀਤ ਗਿਲਾਸ ਪੀ ਲੈਂਦਾ। ਪਤਾ ਨਹੀਂ ਕਿਹੜੀ ਅੱਗ ਲੱਗੀ ਸੀ। ਰੋਂਦੇ ਦੀ ਰਜਾਈ ਦਾ ਪੱਲਾ ਭਿੱਜ ਗਿਆ ਸੀ।

ਅਸਮਾਨ ਵਿੱਚ ਉੱਡੀ ਟਟਹਿਰੀ ਕਮਰੇ ਦੀ ਚੁੱਪ ਨੂੰ ਤੋੜ ਗਈ। ਕਮਰੇ ਵਿੱਚ ਲੱਗੀ ਫੋਟੋ ਦੇਖ ਕੇ ਵੱਡੀ ਬੇਬੇ ਦੇ ਚਿਹਰੇ ਉੱਤੇ ਲਕੀਰਾਂ ਦਾ ਜਾਲ ਚੇਤੇ ਆ ਗਿਆ। ਸੋਚਾਂ ਦਾ ਪੰਛੀ ਵੀ ਲੰਮੀ ਉਡਾਰੀ ਮਾਰ। ਐਵੇਂ ਲੱਗ ਰਿਹਾ ਸੀ ਜਿਵੇਂ ਪੱਛੋਂ ਵੱਲ ਬੱਦਲਾਂ ਦੀ ਪਰਤ ਜਹੀ ਖੜ੍ਹੀ ਸੀ। ਜਿਵੇਂ ਕਿਸੇ ਨੇ ਕਈ ਰੰਗਾਂ ਦਾ ਬੁਰਸ਼ ਲਬੇੜ ਕੇ ਇੱਕ ਸਿਰੇ ਤੋਂ ਦੂਜੇ ਤੱਕ ਵਾਹ ਦਿੱਤਾ ਹੋਵੇ। ਅਸਮਾਨ ਵਿੱਚ ਕੋਈ ਤਾਰਾ ਨਹੀਂ ਸੀ । ਹਵਾ ਠੰਢੀ ਠਾਰ ਚੱਲ ਰਹੀ ਸੀ। ਐਵੇਂ ਲੱਗ ਰਿਹਾ ਸੀ ਜਿਵੇਂ ਹੁਣ ਸੂਰਜ ਚੜ੍ਹੇਗਾ ਬੇਹਿਸਾਬੀ ਗਰਮੀ ਸਿੱਟ ਦਿਉ । ਤੱਤੀ ਤੱਤੀ ਲੋਅ ਚੱਲ ਪਾਉ ‌। ਜਿਵੇਂ ਧਰਤੀ ਤੇ ਰੋਟ ਪੱਕਣ ਲੱਗ ਪਏ ਹੋਣ।

ਬਖਸ਼ੀ ਬੁੱੜ੍ਹਾ ਮੰਜੇ ਉੱਤੇ ਲੱਤਾਂ ਲਮਕਾ ਕੇ ਬੈਠਿਆ ਅੱਖਾਂ ਮਲਣ ਲੱਗਿਆ ਹੋਇਆ ਸੀ। ਸਾਹਮਣੇ ਵੱਡੇ ਦਰਵਾਜ਼ਿਆਂ ਆਲਿਆ ਦੇ ਕੋਠੇ ਤੇ ਦਸ ਬਾਰਾਂ ਮੰਜੇ ਡੈਹਦੇ ਹੁੰਦੇ ਸੀ । ਸਭ ਤੋਂ ਪਹਿਲਾਂ ਨਵੀਂ ਨੂੰਹ ਉੱਠਿਆ ਕਰਦੀ ਸੀ। ਛੋਟਾ ਜਿਹਾ ਘੁੰਡ ਕੱਢ ਕੇ ਪੌੜੀਆਂ ਉੱਤਰ ਜਾਂਦੀ। ਖੱਬੇ ਹੱਥ ਚੁਬਾਰੀ ਵਿੱਚ ਦੇਬੂ ਬੱਕਰੀਆਂ ਆਲੇ ਦੀ ਕੁੜੀ ਉੱਠਦੀ। ਦੇਬੂ ਟੁੱਟੀ ਭੱਜੀ ਢਿੱਲਹੀ ਜਹੀ ਮੰਜੀ ਵਿੱਚ ਬਿਰਧ ਸ਼ਰੀਰ ਹੱਡੀਆਂ ਦੀ ਮੁੱਠ ਬਣੀ ਖੰਘਦਾ ਰਹਿੰਦਾ ਸੀ। ਦੇਬੂ ਦੀ ਕੁੜੀ ਪਹਿਲਾਂ ਤਾਂ ਦਰੀ ਕੰਬਲ ਸਿਰ ਤੇ ਰੱਖ ਕੇ ਹੱਥ ਵਿੱਚ ਪਾਣੀ ਵਾਲੀ ਕੋਰੀ ਮੱਘੀ ਤੇ ਪਿੱਤਲ ਦਾ ਕੌਲਾ ਲ਼ੈ ਕੇ ਬਾਂਸ ਦੀ ਪੋਰੀ ਦੀ ਬਣੀ ਪੌੜੀ ਤੋਂ ਉੱਤਰਦੀ ਤੇ ਸਵਾਤ ਵਿੱਚ ਰੱਖ ਕੇ ਚਾਹ ਧਰ ਲੈਂਦੀ। ਡੋਲੂ ਲ਼ੈ ਕੇ ਬੱਕਰੀ ਦੀ ਧਾਰ ਕੱਢਦੀ ਚਾਹ ਵਿੱਚ ਦੁੱਧ ਪਾ ਕੇ ਡੋਲੂ ਬਾਟੀ ਦੇਬੂ ਨੂੰ ਫੜਾ ਦਿੰਦੀ । ਮੇਮਣੇ ਬੱਕਰੀ ਨੂੰ ਚੁੱਗਣ ਲੱਗ ਜਾਂਦੇ। ਦੇਬੂ ਚਾਹ ਪੀਂਦਾ ਵੀ ਖੰਘੂਰੇ ਮਾਰਦਾ ਖੰਘਦਾ ਤੇ ਥੁੱਕਦਾ ਰਹਿੰਦਾ। ਸੱਜੇ ਹੱਥ ਦੂਰ ਮੰਜੇ ਉੱਤੇ ਚੰਦਨ ਦੀ ਬੂਟੇ ਵਰਗੀ ਨਵੀਂ ਨਕੋਰ ਮੁਟਿਆਰ ਉੱਠਦੀ ਤੇ ਆਪਣੇ ਸਿਰ ਦੀ ਚੁੰਨੀ ਨਾਲ ਪਏ ਬੱਚੇ ਉੱਤੇ ਦੇ ਕੇ ਥਾਪੜ ਕੇ ਸੁਲਾ ਦਿੰਦੀ ‌‌। ਆਪਣੇ ਪਤੀ ਫੌਜੀ ਦੇ ਸਿਰ ਥੱਲੇ ਪਿਆ ਤੌਲਿਆ ਸਿਰ ਤੇ ਲ਼ੈ ਕੇ ਚਾਹ ਲ਼ੈ ਆਉਂਦੀ। ਫ਼ੌਜੀ ਦੇ ਨਾਲ ਬੈਠ ਕੇ ਚਾਹ ਪੀਂਦੀ ਸ਼ਾਇਦ ਇਹ ਉਸ ਨੂੰ ਫੌਜੀ ਨੇ ਹੀ ਸਿਖਾਇਆ ਸੀ, ਪਿੰਡਾਂ ਦੀਆਂ ਤੀਵੀਂਆਂ ਨਹੀਂ ਤਾਂ ਕਦੋਂ ਆਪਣੇ ਘਰ ਆਲੇ ਨਾਲ ਬੈਠ ਕੇ ਪੀਂਦੀਆਂ ਨੇ ।
ਹਲਕੇ ਹਲਕੇ ਹਨੇਰੇ ਦਾ ਛਾਇਆ ਕਿੱਧਰ ਭੱਜ ਜਾਂਦਾ ਲੋਕ ਆਪਣੇ ਕੰਮਾਂ ਵਿੱਚ ਲੱਗ ਜਾਂਦੇ ।

ਕਿੰਨਾ ਸ਼ਰੀਫ ਹੁੰਦਾ ਸੀ ਕੁਲਬੀਰ, ਗੁਆਂਢੀਆਂ ਦੀ ਨੂੰਹ ਨੇ ਕਈ ਵਾਰ ਘਰੇ ਸੱਦ ਕੇ ਗਲਾਂ ਤੇ ਚੁੰਡੀਆਂ ਵੱਡ ਦਿੱਤੀਆਂ। ਕਰਤਾਰੇ ਦੀ ਵੱਡੀ ਕੁੜੀ ਜ਼ੋ ਉਮਰ ਵਿੱਚ ਵੀ ਵੱਡੀ ਸੀ ਤੇ ਸਕੂਲ ਵਿੱਚ ਵੀ ਅੱਗੇ ਪੜ੍ਹਦੀ ਸੀ। ਘਰੇ ਤਾਣੀ ਬੁਣਦੀ ਕੋਲ ਬੈਠਾ ਲੈਦੀ ਸੀ । ਮੱਕੀ ਛੋਲੇ ਤੇ ਬਾਜਰੇ ਦੇ ਭੁੱਨੇ ਦਾਣੇ ਦੇ ਕੈ ਮਿੱਠੀਆਂ ਮਿੱਠੀਆਂ ਗੱਲਾਂ ਕਰਦੀ। ਨਾਲੇ ਕਹਿਦੀ ? ਜਾਹ ਵੇ ! ਵੱਧ ਕੇ ਰੱਬ ਜਿੱਡਾ ਹੋ ਗਿਆ ਤੈਨੂੰ ਕਾਸੇ ਦਾ ਕੁੱਸ਼ ਪਤਾ ਨਹੀਂ? ਹੋਰ ਵੀ ਕੁੜੀਆਂ ਛੇੜਦੀਆਂ। ਪਰ ਰੱਬ ਦੀਆਂ ਦਿੱਤੀਆਂ ਖਾ ਕੇ ਭੋਲਾ ਪੰਛੀ ਸਵੇਰੇ ਸੂਰਜ ਚੜ੍ਹਨ ਤੋਂ ਬਾਅਦ ਉੱਠਦਾ। ਕਈ ਵਾਰ ਤਾਂ ਸਵਾਤ ਤੇ ਪਏ ਨੂੰ ਮਾਂ ਨੇ ਗਾਲ੍ਹਾਂ ਕੱਢ ਖੜ੍ਹਾਂ ਕਰਨਾ। ਵੇ ਕੋਈ ਕੀ ਕਹੂਗਾ? ਕਿਮੇਂ ਲੰਮੀਆਂ ਤਾਣੀ ਪਿਆ! ਦੱਸ ਕੀ ਰਾਤ ਕੋਹਲੂ ਪੀੜ੍ਹਦਾ ਸੀ , ਜੈ ਖਾਣਿਆਂ ਦਾ? ਉੱਠ ਖੜ੍ਹ ਮੇਰਾ ਪੁੱਤ? ਫੇਰ ਚਾਹ ਤੱਤੀ ਕਰਾਉਂਦਾ ਫਿਰੇਗਾ ਸਾਰੀ ਬੈਅ ਨਾਲ ਭਰ ਜਾਂਦੀ ਐ? ਦੇਖ ਲੋਕਾਂ ਦੇ ਛੋਟੇ ਛੋਟੇ ਜਵਾਖ ਕਿਵੇਂ ਗੱਡੇ ਰੇਹੜੀਆਂ ਲੂਸਣ ਜਬੀਆ ਦੀਆਂ ਭਰ ਲਿਆ? ਹੇਠਾ ਬਾਪੂ ਦੀ ਅਵਾਜ਼ ਆਉਣੀ ਨੀ ਪਿਆ ਰਹਿਣ ਦੇ ਬੇਭਾਗ ਨੂੰ?

ਪਿੰਡ ਵੱਲ ਤੱਕਿਆ ਤਾਂ ਸ਼ਭ ਕੁੱਸ਼ ਬਦਲ ਗਿਆ। ਕਿਸੇ ਸਮੇਂ ਤਿੰਨ ਕੁੰ ਚੁਬਾਰੇ ਹੀ ਹੁੰਦੇ ਸੀ। ਅੱਜ ਮਹਿੰਗੇ ਕੋਠੀਆਂ ਘਰ ਨਜ਼ਰ ਆ ਰਹੇ ਸੀ। ਪਿੰਡ ਦੀ ਫਿਰਨੀ ਤੇ ਕਰਤਾਰੇ ਕੇ ਵਾਰਾਂ ਦੇ ਨਾਲ ਕੰਧ ਨਾਲ ਹਲ ਪੰਜਾਲੀ ਟੁੱਟੀਆਂ ਪਿਆ। ਵੱਡਾ ਟਰੈਟ ਖੇਤਾਂ ਅੱਲ ਨੂੰ ਭੱਜਿਆ ਜਾਂ ਰਿਹਾ ਸੀ। ਵਥੇਰਾ ਦੌੜ ਕੇ ਨਾਲ ਰਲਣ ਦੀ ਹਿੰਮਤ ਕੀਤੀ ਪਰ ਲੱਗੇ ਜਿਵੇਂ ਲੱਤਾਂ ਚ ਜਾਨ ਹੀ ਨਿੱਕਲ ਗਈ। ਪਿੰਡ ਦੀ ਨਿਆਈਂ ਆਲੇ ਖੇਤ ਨਾ ਉਹ ਟਾਹਲੀ ਨਾ ਵਣ ਨਾ ਕਿੱਧਰੇ ਨਿੰਮ ਨਜ਼ਰ ਆਉਂਦਾ ਸੀ। ਥੋੜਾ ਅੱਗੇ ਪਹਾੜ ਆਲੇ ਪਾਸੇ ਖੇਤਾਂ ਵਿੱਚ ਕਿੱਧਰੇ ਨਰਮੇ ਕਪਾਹ ਨਜ਼ਰ ਨਾਂ ਆਏ ਝੋਨੇ ਨੂੰ ਦੇਖ ਕੇ ਹੈਰਾਨ ਹੋ ਗਿਆ ਏਡੀ ਰੇਤਲੀ ਭੌਏ ਵਿੱਚ ਅੈਨਾ ਚੰਗਾ ਝੋਨਾਂ!! ਦੋ ਕਦਮ ਅੱਗੇ ਮੋੜ੍ਹੀ ਦਾ ਕੰਡਾ ਵੱਜ ਗਿਆ ਪਰ ਕੋਈ ਸਮਝ ਨਾ ਆਈ ਨਾ ਪਹਿਲਾਂ ਦੀ ਤਰ੍ਹਾਂ ਕਿੱਕਰਾਂ ਬੇਰੀਆਂ ਝਾੜ ਝਾਫ਼ੇ ਨਾ ਕਿਤੇ ਦੂਰ ਤੱਕ ਬੱਕਰੀਆਂ ਆਲੇ ਇੱਜੜਾ ਨੂੰ ਲਾਂਗੀ ਚਾਰਦੇ, ਨਾ ਕਿਤੇ ਭੜੀਆਂ ਟਿੱਬੇ ਸਭ ਬਰਾਬਰ ਹੋ ਗਏ ਸੀ।

ਬਾਹਰੋਂ ਟੱਕ – ਟੱਕ ਦੀ ਵਾਜ਼ ਆਈ ਕੁਲਬੀਰ ਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਅੱਖ ਖੁੱਲ੍ਹ ਗਈ। ਉਸ ਨੂੰ ਲੱਗਿਆ ਜਿਵੇਂ ਮਾਂ ਨੇ ਖੇਸ ਲਾ ਦਿੱਤਾ ਹੋਵੇ। ਮੂੰਹ ਤੋਂ ਰਜ਼ਾਈ ਹਟਾ ਕੇ ਦੇਖਿਆ, ਚਾਹ ਵਾਲਾ ਮੁੰਡਾ ਕਹਿ ਰਿਹਾ ਸੀ?

ਸਰ ਕੌਫੀ?

ਕੁਲਬੀਰ ਨੇ ਮੇਜ਼ ਵੱਲ ਹੱਥ ਕਰ ਦਿੱਤਾ ‌। ਸਾਰੇ ਸ਼ਰੀਰ ਨੂੰ ਮੁੜਕਾ ਆ ਰਿਹਾ ਸੀ ਜਿਵੇਂ ਜੇਠ ਹਾੜ ਵਿੱਚ ਗਰਮੀ ਦੀ ਤੱਪਦੀ ਦੁਪਹਿਰ ਹੋਵੇ।

ਕੌਫ਼ੀ ਠੰਡੀ ਹੋ ਚੁੱਕੀ ਸੀ। ਸ਼ੀਸ਼ਾ ਦੇਖਿਆ , ਪੂਰੀ ਰਾਤ ਰੋ ਰੋ ਕੇ ਅੱਖਾਂ ਲਾਲ ਹੋ ਗਈਆਂ ਸੀ। ਫੇਰ ਰੋਣਾ ਸ਼ੁਰੂ ਕਰ ਦਿੱਤਾ ਤੇ ਸ਼ੀਸ਼ੇ ਨੂੰ ਕਹਿੰਦਾ ਕਿਵੇਂ ਦੱਸਾਂ ਬੋਲ ਕੇ ? ਸਹਿਰ ਜੀਤੀ ਦੀ ਹਾਂ ਨਾ ਤੇ ਹੀ ਛੱਡੂ ਪਰ ਪਿੰਡ ਦਾ ਮੋਹ ਪਿਆਰ ਹੁਣ ਤਾਂ ਮੇਰੇ ਹੱਡਾਂ ਨਾਲ ਹੀ ਜਾਉ ?

You may also like