ਗਲਤੀ

by admin

ਇੱਕ ਅਗਿਆਤ ਲੇਖਕ ਦੱਸਦਾ ਏ ਕੇ ਪੰਜਵੀਂ ਵਿਚ ਸਿਆਹੀ ਵਾਲੇ ਪੈਨ ਨਾਲ ਲਿਖਣਾ ਸ਼ੁਰੂ ਕੀਤਾ ਤਾਂ ਇੱਕ ਗਲਤੀ ਹੋ ਗਈ..
ਅਧਿਆਪਕ ਨੂੰ ਵਖਾਉਣ ਤੋਂ ਪਹਿਲਾਂ ਕੋਸ਼ਿਸ਼ ਕੀਤੀ ਕੇ ਗਲਤੀ ਸੁਧਾਰ ਲਵਾਂ ਪਰ ਪੈਨ ਨਾਲ ਲਿਖਿਆ ਪੱਥਰ ਤੇ ਲਕੀਰ ਸਾਬਿਤ ਹੋਇਆ!
ਕਈ ਵਾਰ ਚਿੱਟੇ ਚਾਕ ਨਾਲ ਮਿਟਾਉਣ ਦੀ ਕੋਸ਼ਿਸ਼ ਕਰਦਾ..ਪਰ ਕੀਤੀ ਗਲਤੀ ਘੜੀ ਕੂ ਲਈ ਲੁਕ ਜਾਂਦੀ ਪਰ ਫੇਰ ਉੱਭਰ ਕੇ ਸਾਮਣੇ ਆ ਜਾਂਦੀ..ਕਦੀ ਪੋਟੇ ਤੇ ਥੁੱਕ ਲਾ ਕੇ ਰਗੜਦਾ..ਫੇਰ ਵਰਕੇ ਵਿਚ ਮਗੋਰਾ ਹੋ ਜਾਂਦਾ..ਹੋਰ ਖਲਾਰ ਪੈ ਜਾਂਦਾ..

ਫੇਰ ਸਾਰੀ ਕਲਾਸ ਸਾਹਵੇਂ ਕੁੱਟ ਪੈਂਦੀ..ਗੰਦੀ ਕਾਪੀ ਵਾਲੇ ਮੁੰਡੇ ਦਾ ਲੇਬਲ ਲਾ ਦਿੱਤਾ ਜਾਂਦਾ..
ਅਕਸਰ ਸੋਚਦਾ ਕੇ ਮੇਰਾ ਕਸੂਰ ਕੀ ਹੈ..ਸਿਰਫ ਆਪਣੀ ਗਲਤੀ ਹੀ ਤਾਂ ਲੁਕਾਉਣ ਦੀ ਕੋਸ਼ਿਸ਼ ਕੀਤੀ..!

ਫੇਰ ਇੱਕ ਦਿਨ ਇੱਕ ਨਰਮ ਅਤੇ ਖੁੱਲੇ ਦਿਲ ਵਾਲਾ ਮਾਸਟਰ ਜੀ ਜਮਾਤ ਵਿਚ ਆਇਆ..
ਮੇਰੀ ਕਾਪੀ ਤੇ ਪਏ ਖਿਲਾਰੇ ਨੂੰ ਦੇਖ ਮੈਨੂੰ ਵੱਖ ਕਰ ਆਖਣ ਲੱਗਾ ਬੇਟਾ ਅਗਲੀ ਵਾਰ ਜਦੋਂ ਗਲਤੀ ਹੋ ਜਾਵੇ ਤਾਂ ਥੁੱਕ ਲੌਣ ਦੀ ਲੋੜ ਨਹੀਂ..ਸਿਰਫ ਇੱਕ ਹਲਕੀ ਜਿਹੀ ਲਕੀਰ ਮਾਰ ਅਗਾਂਹ ਵੱਧ ਜਾਣਾ..!
ਮੈਂ ਸ਼ਿਕਾਇਤੀ ਲਹਿਜੇ ਵਿਚ ਆਖਿਆ ਕੇ ਮੈਂ ਨਹੀਂ ਚਾਹੁੰਦਾ ਕੇ ਕੋਈ ਮੇਰੀਆਂ ਗਲਤੀਆਂ ਨੂੰ ਦੇਖ ਮੇਰਾ ਮਜਾਕ ਉਡਾਵੇ..!
ਉਹ ਹੱਸ ਪਿਆ ਤੇ ਆਖਣ ਲੱਗਾ ਕੇ ਇੱਕ ਗਲਤੀ ਨੂੰ ਲੁਕਾਉਣ ਦੀ ਕੀਤੀ ਕੋਸ਼ਿਸ਼ ਬਹੁਤੀ ਵਾਰ ਹੋਰ ਵੱਡੀ ਗਲਤੀ ਦੇ ਰੂਪ ਵਿਚ ਲੋਕਾਂ ਦੇ ਨੋਟਿਸ ਵਿਚ ਆ ਜਾਂਦੀ ਏ..ਤੇ ਗੱਲ ਹੋਰ ਵਿਗੜ ਜਾਂਦੀ ਏ..!

ਬਹੁਤ ਸਾਲ ਪਹਿਲਾਂ ਬਟਾਲੇ ਲਾਗੇ ਇੱਕ ਨੌਜੁਆਨ ਕੁੜੀ ਨੇ ਗੱਡੀ ਹੇਠ ਸਿਰ ਦੇ ਦਿੱਤਾ ਕਿਓੰਕੇ ਮੈਡੀਕਲ ਵਿਚ ਸੀਟ ਨਹੀਂ ਸੀ ਮਿਲੀ..ਮਗਰੋਂ ਪਤਾ ਲੱਗਾ ਕੇ ਮਾਪੇ ਉਸਨੂੰ ਬਚਪਨ ਤੋਂ ਹੀ ਡਾਕਟਰ ਦੇ ਰੂਪ ਵਿਚ ਦੇਖਦੇ ਆਏ ਸਨ ਤੇ ਸਿਲੈਕਸ਼ਨ ਨਾ ਹੋਣ ਦੀ ਸੂਰਤ ਵਿਚ “ਲੋਕੀ ਕੀ ਆਖਣਗੇ” ਵਾਲੇ ਹਊਏ ਨੇ ਜਿੰਦਗੀ ਦਾ ਅਹਿਮ ਵਰਕਾ ਹੀ ਲੀਰੋ ਲੀਰ ਕਰ ਦਿੱਤਾ..!

2008 ਵਿਚ ਆਏ ਮੰਦੀ ਦੇ ਦੌਰ ਵਿਚ ਇੱਕ ਸਾਊਥ ਇੰਡਿਯਨ ਇੰਜੀਨੀਅਰ ਨੇ ਅਮਰੀਕਾ ਵਿਚ ਖ਼ੁਦਕੁਸ਼ੀ ਕਰ ਲਈ..ਮਗਰੋਂ ਰਿਸਰਚ ਕੀਤੀ ਤਾਂ ਪਤਾ ਲੱਗਾ ਕੇ ਉਸਨੂੰ ਬਚਪਨ ਤੋਂ ਬੱਸ ਅਵਵਲ ਨੰਬਰ ਤੇ ਰਹਿਣ ਬਾਰੇ ਹੀ ਦੱਸਿਆ ਗਿਆ ਸੀ..ਜਿੰਦਗੀ ਦੇ ਕਿਸੇ ਮੋੜ ਤੇ ਫੇਲ ਹੋ ਜਾਣ ਦੀ ਸੂਰਤ ਵਿਚ ਕਿਹੜਾ ਪਲੈਨ ਵਰਤੋਂ ਵਿਚ ਲਿਆਉਣਾ ਹੈ..ਇਸ ਬਾਰੇ ਕਦੀ ਕੋਈ ਟਰੇਨਿੰਗ ਨਹੀਂ ਸੀ ਦਿੱਤੀ ਗਈ..

ਇੱਕ ਕਾਮਯਾਬ ਰੀਅਲਟਰ ਗੋਰੇ ਨੇ ਕਹਾਣੀ ਸੁਣਾਈ..
ਦਸਵੀਂ ਵਿਚ ਜੂਆ ਖੇਡਣ ਦਾ ਆਦਤ ਪੈ ਗਈ..ਘਰੋਂ ਕੱਢ ਦਿੱਤਾ ਗਿਆ..ਡਰੱਗ ਲੈਣ ਲੱਗ ਪਿਆ..ਫ਼ੂਡ ਬੈੰਕ ਦੀ ਲਾਈਨ ਵਿਚ ਲੰਮਾ ਇੰਤਜਾਰ ਨਹੀਂ ਸੀ ਕੀਤਾ ਜਾਂਦਾ ਫੇਰ ਸਟੋਰਾਂ ਤੇ ਚੋਰੀ ਵੀ ਕੀਤੀ..ਇੱਕ ਦਿਨ ਨਸ਼ੇ ਦੀ ਹਾਲਤ ਵਿਚ ਸਟੋਰ ਦੇ ਬਾਹਰ ਬੈਠ ਪੈਸੇ ਮੰਗ ਰਿਹਾ ਸੀ ਕੇ ਬਾਪ ਦਾ ਇੱਕ ਵਾਕਿਫ ਕੋਲੋਂ ਦੀ ਲੰਘਿਆ..ਉਸਨੇ ਪਲਾਸਟਿਕ ਦੇ ਗਲਾਸ ਵਿਚ ਕੁਝ ਸੈਂਟ ਪਾ ਦਿੱਤੇ ਤੇ ਨਾਲ ਹੀ ਟਿੱਚਰ ਜਿਹੀ ਕੀਤੀ ਕੇ ਇਸਦਾ ਬਾਪ ਆਖਿਆ ਕਰਦਾ ਸੀ ਕੇ ਇਹ ਬਾਸਕਿਟਬਾਲ ਦਾ ਵੱਡਾ ਪਲੇਅਰ ਬਣੂੰ ਪਰ ਇਹ ਤਾਂ ਮੈਚ ਹੀ ਕੋਈ ਹੋਰ ਖੇਡਣ ਲੱਗ ਪਿਆ..ਗੱਲ ਦਿਲ ਤੇ ਲੱਗ ਗਈ ਤੇ ਜਿੰਦਗੀ ਵਾਲੀ ਮੱਛੀ ਪੱਥਰ ਚੱਟ ਕੇ ਵਾਪਿਸ ਮੁੜ ਗਈ..ਇੱਕੋ ਦਮ ਸਾਰਾ ਕੁਝ ਛੱਡ-ਛਡਾ ਦਿੱਤਾ ਤੇ ਅੱਜ ਜਿੰਦਗੀ ਮੁੜ ਲੀਹਾਂ ਤੇ ਆਣ ਖਲੋਤੀ ਏ..!

ਸੋ ਦੋਸਤੋ ਜੇ ਕੋਈ ਇਹ ਦਾਵਾ ਕਰਦਾ ਏ ਕੇ ਉਸ ਨੇ ਸਾਰੀ ਜਿੰਦਗੀ ਕਦੀ ਕੋਈ ਗਲਤੀ ਨਹੀਂ ਕੀਤੀ ਤਾਂ ਝੂਠ ਦੇ ਘੋੜੇ ਤੇ ਸਵਾਰ ਉਹ ਦੋਗਲਾ ਬੰਦਾ ਇੱਕ ਵੱਡਾ “ਕੁਫਰ” ਤੋਲ ਰਿਹਾ ਹੋਵੇਗਾ..
ਰੋਜਾਨਾ ਵਰਤਾਰਿਆਂ ਵਿਚ ਇਨਸਾਨ ਕੋਲੋਂ ਗਲਤੀ ਹੋ ਜਾਣੀ ਸੁਭਾਵਿਕ ਜਿਹੀ ਗੱਲ ਏ ਪਰ ਗਲਤੀ ਨੂੰ ਪੂਰੀ ਤਰਾਂ ਆਪਣੇ ਹੱਡਾਂ ਵਿਚ ਰਚਾ ਓਥੇ ਢਹਿ ਢੇਰੀ ਹੋ ਕੇ ਬੈਠ ਜਾਣਾ ਵੱਡੀ ਬੁਝਦਿਲੀ ਏ..ਹਰ ਹਾਲਤ ਵਿਚ ਵਗਦੇ ਪਾਣੀ ਵਾਂਙ ਤੁਰਦੇ ਰਹਿਣਾ ਹੀ ਕਾਮਯਾਬ ਜਿੰਦਗੀ ਦਾ ਤੱਤ-ਸਾਰ ਏ ਕਿਓੰਕੇ ਖਲੋ ਗਿਆ ਮਨੁੱਖ ਅਤੇ ਰੁੱਕ ਗਿਆ ਪਾਣੀ ਦੋਵੇਂ ਛੇਤੀ ਹੀ “ਬੋ” ਮਾਰਨ ਲੱਗ ਜਾਇਆ ਕਰਦੇ ਨੇ..!

ਹਰਪ੍ਰੀਤ ਸਿੰਘ ਜਵੰਦਾ

You may also like