ਫਿਰ ਹਾਅ ਦਾ ਨਾਅਰਾ

by Manpreet Singh

ਚੌਰਾਸੀ ਦਾ ਜਦ ਸਾਕਾ ਹੋਇਆ ਤਾਂ ਉਸ ਦੇ ਬਾਅਦ ਸਤੰਬਰ 1984 ਵਿਚ ਹੀ ਬਾਬਾ ਦੀਪ ਸਿੰਘ ਜੀ ਦੇ ਅਸਥਾਨ ‘ਤੇ ਗੁਰੂ ਪੰਥ ਵੱਲੋਂ ਕਾਨਫ਼ਰੰਸ ਰੱਖੀ ਗਈ। ਅੰਮ੍ਰਿਤਸਰ ਵਿਚ ਫ਼ੌਜ ਨੇ ਘੇਰਾ ਪਾਇਆ ਹੋਇਆ ਸੀ ਤਾਂ ਕਿ ਇਸ ਕਾਨਫ਼ਰੰਸ ਵਿਚ ਕੋਈ ਪਹੁੰਚ ਨਾ ਸਕੇ। ਚਾਰੋਂ ਪਾਸੇ ਫ਼ੌਜ ਦਾ ਘੇਰਾ ਸੀ। ਦਾਸ ਭੇਸ ਬਦਲ-ਬਦਲ ਕੇ ਪਹੁੰਚਿਆ ਸੀ ਔਰ ਕੁਛ ਹੋਰ ਮਿੱਤਰ, ਸੱਜਣ | ਪ੍ਰਤਿਸ਼ਠਤੇ ਲੋਕ ਭੇਸ ਬਦਲ-ਬਦਲ ਕੇ ਪਹੁੰਚੇ ਸਨ। ਸ਼ਹਿਰ ਦੇ ਲੋਕ ਗਲੀਆਂ
ਵਿੱਚੋਂ ਤੇ ਕੋਠਿਆਂ ਤੋਂ ਲੰਘ-ਲੰਘ ਕੇ ਪਹੁੰਚ ਗਏ।

ਮੇਰੇ ਅੰਦਾਜ਼ੇ ਦੇ ਮੁਤਾਬਿਕ ਗਾਲਬਨ ਦਸ ਹਜ਼ਾਰ ਦਾ ਇਕੱਠ ਹੋ ਗਿਆ, ਜਿਸ ਦੀ ਉਮੀਦ ਨਹੀਂ ਸੀ ਕਿ ਸੌ ਵੀ ਇਕੱਠੇ ਹੋਣ। ਦਸ ਹਜ਼ਾਰ ਦਾ ਇਕੱਠ ਹੋ ਗਿਆ। ਪਿੰਡਾਂ ਤੋਂ ਮਾਤਾਵਾਂ ਲੰਗਰ ਲਿਆਣ ਲੱਗ ਪਈਆਂ। ਕਿਉਂਕਿ ਦਸ ਹਜ਼ਾਰ ਬੰਦਿਆਂ ਨੂੰ ਰੋਟੀ ਤਾਂ ਚਾਹੀਦੀ ਸੀ। ਇਹ ਚਸ਼ਮਦੀਦ ਵਾਕਿਆ ਮੈਂ ਤੁਹਾਨੂੰ ਦੱਸਦਾ ਪਿਆਂ ਹਾਂ। ਦਰਬਾਰ ਸਾਹਿਬ ਵਾਲਾ ਜੋ ਲੰਗਰ ਐ ! ਉਥੋਂ ਤਾਂ ਭਾਂਡੇ ਵੀ ਲੁੱਟੇ ਜਾ ਚੁੱਕੇ ਸਨ, ਉਥੇ ਕੁਛ ਵੀ ਨਹੀਂ ਸੀ ਬਚਿਆ। ਲੰਗਰ ਦੀ ਜਗ੍ਹਾ ਵੀ ਸਾਡੇ ਕਬਜ਼ੇ ਵਿਚ ਨਹੀਂ ਸੀ। ਇਹ ਮੇਰੀਆਂ ਅੱਖਾਂ ਨੇ ਸਾਰਾ ਦ੍ਰਿਸ਼ ਦੇਖਿਐ।ਕੁਝ ਸੌ ਕੁ ਬੀਬੀਆਂ ਚਾਰ ਪੰਜ ਟਰੈਕਟਰ ਟਰਾਲੀਆਂ ਉੱਤੇ ਪਿੰਡਾਂ ‘ਚੋਂ ਲੰਗਰ ਲੱਦ ਕੇ ਲਿਆਈਆਂ। ਫ਼ੌਜ ਨੇ ਉਨ੍ਹਾਂ ਨੂੰ ਰੋਕਿਆ ਕਿ ਤੁਸੀਂ ਅੱਗੇ ਨਹੀਂ ਜਾ ਸਕਦੀਆਂ। ਤਦ ਇਕ ਬੀਬੀ ਨੇ ਗਰਮ-ਗਰਮ ਦਾਲ ਦੀ ਭਰੀ ਬਾਲਟੀ ਉਨ੍ਹਾਂ ਫ਼ੌਜੀਆਂ ’ਤੇ ਪਾ ਦਿੱਤੀ ਔਰ ਘੇਰੇ ਨੂੰ ਤੋੜ ਕੇ ਸਾਰੀਆਂ ਬੀਬੀਆਂ ਅੱਗੇ ਲੰਘ ਗਈਆਂ।

ਉਨ੍ਹਾਂ ਫ਼ੌਜੀਆਂ ਨੇ ਆਪਣੇ ਅਫ਼ਸਰਾਂ ਨੂੰ ਵਾਇਰਲੈੱਸ ਕੀਤੀ ਕਿ ਹੁਣ ਕੀ ਕਰੀਏ! ਘੇਰਾ ਟੁੱਟ ਗਿਐ। ਔਰ ਘੇਰਾ ਤੋੜਿਆ ਵੀ ਔਰਤਾਂ ਨੇ | ਐ। ਤੋਂ ਫਿਰ ਉਨ੍ਹਾਂ ਨੂੰ ਇਹੀ ਹਦਾਇਤ ਆਈ ਕਿ ਅਗਰ ਔਰਤਾਂ ਨੇ ਘੇਰਾ ਤੋੜਿਐ, ਤਾਂ ਗੋਲੀ ਨਾ ਚਲਾਇਓ। ਇਹ ਘੇਰਾ ਔਰਤਾਂ ਨੇ ਤੋੜਿਆ ਸੀ, ਬੀਬੀਆਂ ਨੇ ਤੋੜਿਆ ਸੀ। ਔਰ ਉਨ੍ਹਾਂ ਬੀਬੀਆਂ ਨੇ ਅੱਗੋਂ ਆਖਿਆ ਕਿ ਚਲਾਣੀ ਏ ਗੋਲੀ , ਸਾਡੇ ਉੱਤੇ ਚਲਾਉ ! ਇਹ ਲੰਗਰ ਤਾਂ ਜ਼ਰੂਰ ਜਾਏਗਾ। ਇਹ ਸਭ ਕੁਛ ਮੇਰੀਆਂ ਅੱਖਾਂ ਦੇ ਸਾਹਮਣੇ ਹੋਇਆ। ਲੰਗਰ, ਦੀਵਾਨ ਅਸਥਾਨ ਤਕ ਪਹੁੰਚ ਗਿਆ। | ਪਹਿਲਾਂ ਕੀਰਤਨ ਹੋਇਆ। ਪ੍ਰੋਫ਼ੈਸਰ ਦਰਸ਼ਨ ਸਿੰਘ ਨੇ ਕੀਰਤਨ ਕੀਤਾ। ਇਕ ਘੰਟੇ ਦੀ ਦਾਸ ਦੀ ਕਥਾ ਸੀ ! ਦਾਸ ਕਥਾ ਕਰ ਰਿਹਾ ਸੀ। ਧਾਰਮਿਕ ਮਾਹੌਲ ਸੀ ਔਰ ਲੋਕੀ ਅਸ਼ਕਬਾਰ | ਰੱਬ ਦੀ ਨੇਤ! ਅਚਾਨਕ ਮੀਂਹ ਪੈਣ ਲੱਗ ਪਿਆ।

ਹੁਣ ਜਿਹੜੀ ਖ਼ਾਸ ਗੱਲ ਮੈਂ ਤੁਹਾਨੂੰ ਦੱਸਦਾ ਹਾਂ, ਉਹ ਇਹ ਕਿ ਇਸ ਸਮਾਗਮ ਵਿਚ ਭੇਸ ਬਦਲ ਕੇ ਨਵਾਬ ਮਲੇਰ ਕੋਟਲਾ ਪਹੁੰਚਿਆ। ਬੜੇ ਬੜੇ ਪ੍ਰਤਿਸ਼ਠਤ ਸਿੱਖ ਨਹੀਂ ਪਹੁੰਚ ਸਕੇ , ਇਹ ਪਹੁੰਚਿਆ। ਆਪਣੇ ਆਪ ਨੂੰ ਗੁਰੂ ਕੇ ਸਿੱਖ ਕਹਿਣ ਵਾਲੇ, ਹਾਅ ਦਾ ਨਾਹਰਾ ਨਾ ਮਾਰ ਸਕੇ। ਤਿੰਨ ਸੌ ਸਾਲ ਪਹਿਲੇ ਨਵਾਬ ਮਲੇਰ ਕੋਟਲੇ ਨੇ ਹਾਅ ਦਾ ਨਾਹਰਾ ਮਾਰਿਆ ਸੀ। ਸੰਨ ਚੌਰਾਸੀ ਦੇ ਭਿਆਨਕ ਸਾਕੇ ਨੂੰ ਵੇਖ ਕੇ ਸਤੰਬਰ ਵਿਚ ਉਸ ਦੇ ਖ਼ਾਨਦਾਨ ਨੇ ਫਿਰ ਹਾਅ ਦਾ ਨਾਹਰਾ ਮਾਰਿਆ। ਮੈਂ ਨਵਾਬ ਮਲੇਰ ਕੋਟਲੇ ਨੂੰ ਦੇਖਿਆ, ਉਹ ਰੋਇਆ ਵੀ ਸੀ। ਮੇਰੇ ਕੋਲ ਹੀ ਬੈਠਾ ਸੀ। ਮੈਂ ਕਥਾ ਕਰ ਰਿਹਾ ਸੀ। ਸਤਿਗੁਰੂ ਜੀ ਦਾ ਪ੍ਰਕਾਸ਼ ਜ਼ਰਾ ਕੁ ਅੰਦਰ ਵਾਰ ਸੀ, ਮੀਂਹ ਪੈਣ ਲੱਗ ਪਿਆ ਸੀ। ਪਾਲਕੀ ਅੰਦਰ ਸੀ, ਮੈਂ ਬਾਹਰਵਾਰ ਕਥਾ ਕਰ ਰਿਹਾ ਸਾਂ। ਤੇ ਮੇਰੇ ਉੱਤੇ ਵੀ ਮੀਂਹ ਪੈਣ ਲੱਗ ਪਿਆ। ਸੰਗਤਾਂ ਉਪਰ ਮੀਂਹ ਪੈਣ ਲੱਗ ਪਿਆ। ਲੋਕੀਂ ਭਿੱਜਣ ਲੱਗ ਪਏ। ਮੀਂਹ ਜ਼ੋਰ ਦਾ ਪੈਣ ਲੱਗ ਪਿਆ ਔਰ ਮੈਂ ਇਹ ਵੇਖਿਆ ਕਿ ਮੇਰੇ ਕੋਲ ਬੈਠਾ ਨਵਾਬ ਮਲੇਰ ਕੋਟਲਾ ਵੀ ਭਿੱਜਣ ਲੱਗ ਪਿਆ, ਪਰ ਉਹ ਉਸੇ ਅਸਥਾਨ ‘ਤੇ ਹੀ ਬੈਠਾ ਰਿਹਾ। ਸੰਗਤਾਂ ਵਿੱਚੋਂ ਦਸ ਵੀਹ ਬੰਦੇ ਮੀਂਹ ਕਰਕੇ ਉੱਠ ਪਏ ਤੇ ਜਾਣ ਲੱਗੇ ਕਿਉਂਕਿ ਮੀਂਹ ਜ਼ਿਆਦਾ ਵਰਨ ਲੱਗ ਪਿਆ ਸੀ ਔਰ ਪਾਣੀ ਜ਼ਿਆਦਾ ਸਿਰਾਂ ‘ਤੇ ਪੈਣ ਲੱਗ ਪਿਆ, ਕੁਛ ਵਗ ਕੇ ਥੱਲੇ ਵੀ ਆ ਗਿਆ। ਥੱਲੇ ਕੁਛ ਵਿਛਿਆ ਹੋਇਆ ਨਹੀਂ ਸੀ। ਨੰਗੀ ਜ਼ਮੀਨ ਤੇ ਸਾਰੇ ਬੈਠੇ ਸਨ। ਉਪਰੋਂ ਵੀ ਪਾਣੀ, ਥੱਲੇ ਜ਼ਮੀਨ ‘ਤੇ ਵੀ ਪਾਣੀ। ਤੋ ਦਸ ਵੀਹ ਬੰਦੇ ਉੱਠ ਬੈਠੇ ਤੇ ਤੁਰਨ ਲੱਗੇ। ਮੈਂ ਕਥਾ ਜਾਰੀ ਰੱਖੀ, ਭਾਵੇਂ ਮੇਰੇ ਵੀ ਤਿੰਨੇ ਕੱਪੜੇ ਭੱਜ ਗਏ। ਦਸਤਾਰ ਮੇਰੀ ਭਿੱਜ ਗਈ ਔਰ ਦਸਤਾਰ ਵਿੱਚੋਂ ਵੀ ਪਾਣੀ ਚੋਣ ਲੱਗ ਪਿਆ। ਜਦ ਵੀਹ ਬੰਦੇ ਸੰਗਤ ਵਿੱਚੋਂ ਉੱਠ ਕੇ ਜਾਣ ਲੱਗੇ ਤਾਂ ਹਲਚਲ ਜਿਹੀ ਸ਼ੁਰੂ ਹੋ ਗਈ! ਤੋਂ ਖੜੇ ਹੋ ਕੇ ਨਵਾਬ ਮਲੇਰ ਕੋਟਲੇ ਨੇ ਕਿਹਾ-ਮੈਂ ਤਾਂ ਸਿੱਖਾਂ ਬਾਰੇ ਪੜਿਆ ਸੀ ਕਿ ਜੇ ਤੀਰਾਂ ਤੇ ਗੋਲੀਆਂ ਦਾ ਵੀ ਮੀਂਹ ਪਵੇ ਤਾਂ ਵੀ ਇਹ ਮੈਦਾਨ ਨਹੀਂ ਛੋੜਦੇ, ਤੁਸੀਂ ਤਾਂ ਮੀਂਹ ਦੇ ਪਾਣੀ ਕਰਕੇ ਕਾਨਫਰੰਸ ਛੋੜੀ ਜਾਂਦੇ ਹੋ। ਸਿਰਫ਼ ਪਾਣੀ ਦੀਆਂ ਬੂੰਦਾਂ ਪਈਆਂ ਨੇ। ਤੁਸੀਂ ਕਾਨਫ਼ਰੰਸ ਛੋੜ ਕੇ ਜਾ ਰਹੇ ਹੋ ! ਇਹ ਬੋਲ ਸੁਣਦਿਆਂ ਹੀ ਸੰਗਤਾਂ ਵੱਲੋਂ ਜੈਕਾਰੇ ਗੱਜਣ ਲੱਗ ਗਏ। ਜੈਕਾਰੇ ਸੁਣ ਕੇ ਉਹ ਉੱਠੇ ਹੋਏ ਮਨੁੱਖ ਵੀ ਬੈਠ ਗਏ। ਮੈਨੂੰ ਉਥੇ ਉਸ ਭਰੀ ਸਭਾ ਵਿਚ ਕਹਿਣਾ ਪਿਆ ਕਿ ਤਿੰਨ ਸੌ ਸਾਲ ਪਹਿਲੇ ਜਿਸ ਨੇ ਹਾਅ ਦਾ ਨਾਹਰਾ ਮਾਰਿਆ ਸੀ, ਉਹਦੀ ਰੂਹ ਅਜੇ ਵੀ ਮੌਜੂਦ ਹੈ, ਹਾਅ ਦਾ ਨਾਹਰਾ ਮਾਰਨ ਵਾਸਤੇ। ਤੁਸੀਂ ਕਿਉਂ ਘਬਰਾ ਗਏ ਓ।

ਇਹ ਨਵਾਬ ਮਲੇਰ ਕੋਟਲਾ ਮੇਰੇ ਕੋਲ ਬੈਠਾ ਰਿਹਾ, ਸਾਰੀ ਕਾਨਫਰੰਸ ਉਸ ਨੇ ਨਿਬਾਹੀ ਅਰ ਬੜੇ ਜਜ਼ਬਾਤੀ ਢੰਗ ਨਾਲ ਬੋਲੇ। ਕਹਿੰਦਾ ਬਦਕਿਸਮਤੀ ਹੈ ਰੁਇ ਜ਼ਮੀਨ ਤੇ ਇੱਕੋ ਇਕ ਇਹ ਕੌਮ ਹੈ, ਜਿਸ ਦੇ ਕੋਲ ਸ਼ਹੀਦਾਂ ਦੀਆਂ ਡਾਰਾਂ ਨੇ, ਸਿਰਫ਼ ਇਕ ਸ਼ਹੀਦ ਨਹੀਂ। ਜਿਸ ਦੇ ਕੋਲ ਗਿਆਨ ਦਾ ਸਾਗਰ ਹੈ, ਜੋ ਦਾਨੀ ਨੇ, ਗਿਆਨੀ ਨੇ, ਸ਼ਰਧਾਲੂ ਨੇ, ਨਿੱਤਨੇਮੀ ਨੇ, ਪੇਮੀ ਨੇ। ਪਰ ਇਸ ਸਭ ਕੁਛ ਦਾ ਇਵਜ਼ਾਨਾ, ਮੋਖ਼ਸ਼ ਤੇ ਸਨਮਾਨ ਵਜੋਂ ਇਸ ਕੌਮ ਦੀ ਝੋਲੀ ਵਿੱਚ ਜੋ ਕੁਛ ਪੈਣਾ ਚਾਹੀਦਾ ਸੀ, ਨਹੀਂ ਪਿਆ। ਨਾ ਦੇਸ਼ ਵਾਸੀਆਂ ਨੇ ਕੁਝ ਝੋਲੀ ਵਿਚ ਪਾਇਆ ਤੇ ਨਾ ਵਿਦੇਸ਼ੀਆਂ ਦੀ ਸਮਝ ਵਿਚ ਕੁਛ ਆਇਆ। ਹਾਅ ਦਾ ਨਾਅਰਾ ਮਾਰਨ ਵਾਲੇ ਦੇ ਇਹ ਜਜ਼ਬਾਤੀ ਅਲਫ਼ਾਜ਼ ਕੌਮ ਦਾ ਮਨੋਬਲ ਉੱਚਾ ਚੁੱਕਣ ਲਈ ਬੜੇ ਮਹੱਤਵਪੂਰਨ ਸਨ।

Giani Gurwinder Singh Komal

You may also like