ਦਰਿਆਉਤ

by Jasmeet Kaur

ਮਿੰਨੀ ਬੱਸ ਕਈ ਪਿੰਡਾਂ ਚੋਂ ਗੇੜੇ ਖਾਂਦੀ ਮਹਿਮੇ ਪਿੰਡ ਦੇ ਪਿੱਪਲ ਵਾਲੇ ਅੱਡੇ ਆ ਰੁਕੀ ,,,,,,ਥੱਲੇ ਉੱਤਰ ਛੋਟਾ ਝੋਲਾ ਵੱਡੇ ਮੁੰਡੇ ਨੂੰ ਫੜਾ ਸਿੰਦਰ ,,, ਆਪ ਬੱਸ ਚੋਂ ਬਾਰੀ ਕੋਲ ਬੈਠੀ ਸਵਾਰੀ ਤੋਂ ਮੁਸੰਮੀਆਂ ਆਲਾ ਗੱਟਾ ਫੜ੍ਹ ਸਿੱਧਾ ਸਿਰ ਤੇ ਰੱਖ ,,, ਛੋਟੇੇ ਮੁੰਡੇ ਨੂੰ ਊਂਗਲ ਲਾ ਵੱਡੀ ਵੀਹੀ ਹੋ ਤੁਰੀ ,,,,,,,
ਸਿੰਦਰ ਇਕਲੌਤੇ ਵੱਡੇ ਭਰਾ ਜੰਗੇ ਤੋਂ ਦੋ ਸਾਲ ਹੀ ਛੋਟੀ ਸੀ ,,, ਸਿੰਦਰ ਨੂੰ ਪੰਦਰਾਂ ਸਾਲ ਹੋ ਗਏ ਸਨ ਵਿਆਹੀ ਨੂੰ ,,,,, ਕਦੇ ਵੀ ਰੱਖੜੀ ਤੇ ਪੇਕੇ ਆਉਣਾ ਉੱਕੀ ਨਹੀਂ ਸੀ ,,,, ਘਰਵਾਲਾ ਚੰਗਾ ਖਾਨਦਾਨੀ ਬੰਦਾ ਸੀ ,,,, ਜਮੀਨ ਭਾਵੇਂ ਬਹੁਤੀ ਨਹੀਂ ਸੀ ਪਰ ਬਾਗ ਲੱਗਿਆ ਸੀ ,,,, ਸਾਊ ਇਨਸਾਨ ਸੀ ,,,,,
ਦਰਵਾਜਾ ਖੁੱਲ੍ਹਾ ਸੀ ,,,,, ਅੰਦਰ ਵੜਦਿਆਂ ਹੀ ਸਿੰਦਰ ਹਮੇਸ਼ਾ ਦੀ ਤਰਾਂ ਦਰਵਾਜੇ ਦੇ ਅੰਦਰਵਾਰ ਬਣੀ ਬੈਠਕ ‘ ਚ ਸਿੱਧੀ ਆਪਣੇ ਬਾਪੂ ਕੋਲ ਗਈ ,,,
ਬਾਪੂ ਦੀ ਹਾਲਤ ਵੇਖ ,,,,, ਸ਼ਿੰਦਰ ਦਾ ਰੋਣ ਨਿੱਕਲ ਗਿਆ ,,,, ਦਰਵਾਜੇ ਦੇ ਥੱਲੇ ਨਾਲੋਂ ਫੁੱਟ ਨੀਵੀਂ ਬੈਠਕ ,,, ਜਿਸਦਾ ਬਾਹਰ ਵੱਲ ਖੁਲ੍ਹਦਾ ਬਾਰ ਇੱਟਾਂ ਨਾਲ ਪੱਕਾ ਬੰਦ ਕੀਤਾ ਪਿਆ ਸੀ ,,, ਜਿਸ ਨਾਲ ਬੈਠਕ ‘ ਚ ਦਿਨ ਹੁੰਦਿਆਂ ਵੀ ਹਨੇਰਾ ਸੀ ,,,, ਬਾਹਰੋਂ ਧੁੱਪ ਚੋਂ ਗਏ ਬੰਦੇ ਨੂੰ ਤਾਂ ਕੇਰਾਂ ਕੇਰਾਂ ਅੰਦਰ ਪੂਰਾ ਦਿਖਾਈ ਵੀ ਨਹੀਂ ਪੈਂਦਾ ਸੀ ,,,, ਅੰਦਰ ਨੱਕ ਨੀ ਦਿੱਤਾ ਜਾ ਸਕਦਾ ਸੀ ,,, ਮੁਸ਼ਕ ਮਾਰਦਾ ਸੀ ,,,, ਇਹ ਸ਼ਾਇਦ ਬਚਨ ਸਿਉਂ ਦੇ ਅੰਦਰੇ ਹੀ ਡੱਬੇ ਵਿੱਚ ਪਿਸ਼ਾਬ ਕਰਨ ਕਰਕੇ ਸੀ ,,,, ਛੱਤ ਤੇ ਢੀਚਕ ਢੀਚਕ ਕਰਦਾ ਪੱਖਾ ,,,, ਵੈਰਾਗਮਈ ਧੁਨੀ ਪੈਦਾ ਕਰ ਰਿਹਾ ਸੀ ,,,,,, ਗਦੈਲਾ ਤੇ ਦਰੀ ਇਕੱਠੇੇ ਹੀ ਵਿਛਾਏ ਹੋਏ ਸਨ ,,,,, ਮੈਲੀ ਚਾਦਰ ਲੱਤਾਂ ਨਿਸਾਲਦੇ ਇਕੱਠੀਆਂ ਕਰਦੇੇ ਤੋਂ ਗੋਲਾ ਜਿਹਾ ਬਣ ਕੇ ਥੱਲੇ ਡਿੱਗੀ ਹੋਈ ਸੀ ,,,,,
ਕੌਣ ,,,,ਸਿੰਦੀ !! ਬਚਨ ਸਿਉਂ ਨੂੰ ਧੀ ਦੀ ਜਿਵੇਂ ਖਸ਼ਬੂ ਆ ਗਈ ਸੀ ,,,, ਜਿਵੇਂ ਕੋਈ ਰੌਸ਼ਨੀ ਅੱਖਾਂ ਚੁੰਧਿਆ ਗਈ ਸੀ ,,,,
ਹਾਂ ,,,,, ਤਕੜਾਂ ਐਂ ਬਾਪੂ ,,,, ਸ਼ਿੰਦਰ ਅੱਖਾਂ ਪੂੰਝ ਸਿਰ ਪਲਸਾਉਣ ਲਈ ਨੀਵੀਂ ਹੋਈ ,,,,, ਓਦੋਂ ਤੱਕ ਬਾਹਰ ਸਿੰਦਰ ਦੀ ਮਾਂ ,,, ਭਰਜਾਈ ਬੈਠਕ ਦੇ ਬਾਰ ਚ ਆ ਖੜ੍ਹੀਆਂ ਜਿਨ੍ਹਾਂ ਹਨੇਰੇ ਨੂੰ ਹੋਰ ਗੂਹੜਾ ਕਰ ਦਿੱਤਾ ,,,, ਰਹਿੰਦਾ ਚਾਣਨ ਵੀ ਜਿਵੇਂ ਝੀਥਾਂ ਵਿਚਦੀ ਫਸ ਫਸ ਕੇ ਬਾਹਰ ਨਿੱਕਲ ਗਿਆ ,,,,
ਧੀ ਨੂੰ ਵੇਖ ਗੇਬੋ ਦਾ ਬੁੱਢਾ ਚਿਹਰਾ ਲਾਲੀ ਮਾਰਨ ਲੱਗਿਆ ,,, ਭਰਜਾਈ ਨੇ ਅੱਗੇ ਹੋ ਸ਼ਿੰਦਰ ਦੇੇ ਪੈਂਰੀਂ ਹੱਥ ਲਾਏ ,,,, ਗਲੇ ਮਿਲੀ ,,, ਹਾਲਾਂਂਕਿ ਭਰਜਾਈ ਸ਼ਿੰਦਰ ਤੋਂ ਵੱਡੀ ਸੀ,,,,,,, ਮਾਂ ਧੀ ਨੂੰ ਘੁੱਟ ਕੇ ਮਿਲੀ ,,, ਜਵਾਈ ਦਾ ਹਾਲ ਚਾਲ ਪੁੱੱਛਿਆ ,,,,,
ਨਾ ਤੁਸੀਂ ਮੈਨੂੰ ਬਾਪੂ ਬਿਮਾਰ ਦੀ ਖਬਰ ਈ ਨੀ ਕੀਤੀ ,,,, ਕੀ ਹਾਲ ਹੋਇਆ ਪਿਆ ਬਾਪੂ ਜੀ ਦਾ ,,,,, ਕਿਤੇ ਦਿਖਾਇਆ ਨਹੀਂ ?
ਸਿੰਦਰ ਨੇ ਸਵਾਲਾਂ ਦੀ ਝੜੀ ਲਗਾ ਦਿੱਤੀ,,,,,,
ਨੀ ਕੁਸ਼ ਨੀ ਹੋਇਆ ਤੇਰੇ ਬਾਪੂ ਨੂੰ ,,,, ਨਖਰੇ ਕਰਦਾ ,,,, ਪਿੰਡ ਆਲੇ ਡਾਕਦਾਰ ਤੋਂ ਲਵਾਏ ਆ ਬਥੇਰੇ ਟੀਕੇ ,,,,, ਕਿਤੇ ਨੀ ਮਰ ਚੱਲਿਆ ਏਹ ,,,,, ਬਥੇਰਾ ਲਹੂ ਪੀਂਦਾ ਐ ਸਾਡਾ ਸਾਰਾ ਦਿਨ ,,,,
ਗੇਬੋ ਦੀ ਪਹਿਲਾਂ ਤੋਂ ਹੀ ਬਚਨੇ ਨਾਲ ਬਣੀ ਨਹੀਂ ਸੀ ,,,, ਚੌਵੀ ਘੰਟੇ ਮੂੰਹ ਵੱਟਿਆ ਹੀ ਰਹਿੰਦਾ ਸੀ ਗੇਬੋ ਦਾ ,,,,, ਕਦੇ ਹੱਸ ਕੇ ਨਹੀਂ ਬੋਲੀ ਸੀ ,,,,, ਦੋਨੇ ਜਵਾਕਾਂ ਕੋਲ ਵੀ ਸਾਰੀ ਉਮਰ ਬਚਨੇ ਨੂੰ ਭੰਡਦੀ ਰਹੀ ਸੀ ,,,, ਇਸ ਗੱਲ ਤੋਂ ਸ਼ਿੰਦਰ ਭਲੀ ਭਾਂਤ ਜਾਣੂ ਸੀ ,,,,, ਬਚਨੇ ਦਾ ਸੁਭਾਅ ਵੀ ਅੱਖੜ ਹੀ ਸੀ ,,,,, ਸ਼ਿੰਦਰ ਨੂੰ ਬਚਨੇ ਨੇ ਕਦੇ ਬਹੁਤਾ ਪਿਆਰ ਨਹੀਂ ਕੀਤਾ ਸੀ ,,,,, ਹਮੇਸ਼ਾ ਜੰਗੇ ਨੂੰ ਹੀ ਮੋਢਿਆਂ ਤੇੇ ਚੁੱਕੀ ਰਖਦਾ ,,,,, ਗੱਲ ਗੱੱਲ ਤੇ ਸ਼ਿੰਦੀ ਨੂੰ ਝਿੜਕਦਾ ਰਹਿੰਦਾ ,,,, ਲੱਤਾਂਂ ਤੇ ਬਿਠਾ ਕੇ ਜੰਗੇ ਨੂੰ ਝੂਟੇ ਦਿੰਦਾ ,,,,, ਸ਼ਿੰਦਰ ਜੇੇਕਰ ਕਹਿੰਦੀ ਵੀ ਕਿ ਬਾਪੂ ਮੈਂ ਵੀ ਝੂਟੇ ਲੈਣੇ ਆ ਤਾਂ ਬਚਨਾ ਸ਼ਿੰਦੀ ਵੱਲ ਐਸੀਆਂ ਅੱਖਾਂ ਕਢਦਾ ਕਿ ਡਰ ਦੀ ਮਾਰੀ ਤਖਤੇੇ ਉਹਲੇ ਜਾ ਖੜੋਂਦੀ,, ਸ਼ਿੰਦੀ ਨੂੰ ਸਮਝ ਨਾ ਲਗਦੀ ਕਿ ਆਖਿਰ ਬਾਪੂੂ ਕਿਉਂ ਉਸਨੂੰ ਝਿੜਕਦਾ ਰਹਿੰਦਾ ਹੈ ਤੇ ਵੀਰ ਨੂੰ ਕਿਉਂਂ ਨਹੀਂ ਝਿੜਕਦਾ ,,,,
ਬਚਨੇ ਨੇ ਸ਼ਿੰਦੀ ਨੂੰ ਪੜਨ ਵੀ ਮਸਾਂ ਦਸਵੀਂ ਤੱਕ ਹੀ ਦਿੱਤਾ,,,, ਪਰ ਜੰਗੇ ਨੂੰ ਕਾਲਿਜ ਵੀ ਲਾਇਆ ਜਿੱਥੇ ਉਸਨੇ ਪੜਨ ਦੀ ਜਗ੍ਹਾ ਲੜਾਈਆਂ ਹੀ ਕੀਤੀਆਂ ,,,,, ।
ਆਥਣ ਨੂੰ ਜੰਗਾ ਸ਼ਰਾਬ ਦਾ ਰੱਜਿਆ ਘਰ ਵੜਿਆ ,,,, ਟਰੈਕਟਰ ਨੂੰ ਦਿੱਤੀ ਬੇਹਿਸਾਬੀ ਰੇਸ ਨੇ ਪਸ਼ੂਆਂ ਨੂੰ ਗੇੜੇ ਪਾ ਦਿੱਤਾ,,,,
ਉਤਰਨ ਸਾਰ ਜੰਗੇ ਨੇ ਦੋਨੇ ਭਾਣਜਿਆਂ ਨੂੰ ਵਾਰੀ ਵਾਰੀ ਕੰਨਾਂ ਕੋਲੋਂ ਸਿਰ ਫੜ ਕੇ ਉਤਾਂਹ ਚੱਕਿਆ ਤੇ ਬੋਲਿਆ ਓਹ ਮੇਰੇ ਪੁੱਤ ਆਜੋ ਥੋਨੂੰ ਨਾਨਕੇ ਦਿਖਾਵਾਂ ,,,, ਉਰਲ ਉਰਲ ਕਰਦੇ ਨੇ ਸ਼ਿੰਦੀ ਤੋਂ ਭਣੋਈਏ ਦਾ ਹਾਲ ਪੁੱਛਿਆ ,,,,, ਜੀਹਦੇ ਚ ਹਾਲ ਚਾਲ ਪੁੱਛਣ ਨਾਲੋਂ ਗਾਲਾਂ ਜਿਆਦਾ ਕੱਢੀਆਂ ,,,,,, ਜੀਹਨੂੰ ਸ਼ਿੰਦਰ ਹੱਸ ਹੱਸ ਟਾਲਦੀ ਰਹੀ ,,,
ਬਾਈ ਬਾਪੂ ਮੈਨੂੰ ਜਿਆਦਾ ਢਿੱਲਾ ਲਗਦਾ ,,,, ਆਪਾਂ ਸ਼ਹਿਰ ਦਿਖਾ ਆਈਏ ,,,, ਤੜਕੇ ,,,, ਪਤਾ ਲੱਗਜੂ ਨੁਕਸ ਦਾ ਨਾਲੇ ਅੱਧਾ ਤਾਂ ਬੰਦਾ ਘਰੋਂ ਨਿੱਕਲਿਆ ਊਂਈ ਠੀਕ ਹੋ ਜਾਂਦਾ ਐ ,,,,, ਸੱਚੀਂ ਮੈਨੂੰ ਤਾਂ ਬਾਹਲਾ ਡਰ ਲੱਗਿਆ ਬਾਪੂ ਦੀ ਹਾਲਤ ਵੇਖ ਕੇ ,,,,, ਅੱਜ ਕੱਲ੍ਹ ਸੌ ਬਿਮਾਰੀਆਂ ਕਿਹੜਾ ਪਤਾ ਚਲਦੈ ,,,,,,,, ਸ਼ਿੰਦਰ ਅੱਧੀਆਂ ਗੱਲਾਂ ਭਰਾ ਨਾਲ ਤੇ ਅੱਧੀਆਂ ਆਪਣੇ ਆਪ ਨਾਲ ਕਰ ਰਹੀ ਸੀ ,,,,, ਜੰਗੇ ਵੱਲ ਵੇਖਿਆ ਤਾਂ ਉਹ ਕਦੋਂ ਦਾ ਘੁਰਾੜੇ ਮਾਰ ਰਿਹਾ ਸੀ ,,,,,, ਬੀਬੀ ਰੋਜ ਦਾ ਏਹੀ ਹਾਲ ਆ ,,,,, ਕਦੇ ਜਵਾਕਾਂ ਕੋਲ ਹੋਸਟਲ ਵੀ ਨੀ ਗਏ ਇਹ ਤਾਂ ,,,,,, ਭਰਜਾਈ ਕੋਲ ਖੜ੍ਹੀ ਬੋਲੀ ,,,,,, ਜੀਹਦਾ ਇੱਕ ਪੈਰ ਮੰਜੇ ਦੀ ਬਾਹੀ ਤੇ ਧਰਿਆ ਤੇ ਗੋਡੇ ਤੇ ਕੂਹਣੀ ਰੱਖ ਸੱਜੇ ਹੱਥ ਤੇ

ਮੂੰਹ ਟਿਕਾਇਆ ਹੋਇਆ ਸੀ ,,,,,, ਉਸਨੂੰ ਵੀ ਬਾਪੂ ਨਾਲੋਂ ਜਵਾਕਾਂ ਦਾ ਫਿਕਰ ਵੱਧ ਸੀ ,,,,,,
ਆਜਾ ਕੁੜੇ ਸ਼ਿਦੀਏ ਕੋਈ ਦੋ ਗੱਲਾਂ ਮੇਰੇ ਨਾਲ ਵੀ ਕਰ ਲੈ ਕਿ ਸਾਰੀਆਂ ਭਰਾ ਭਰਜਾਈ ਨਾਲ ਈ ਕਰਨੀਆਂ ,,,,, ਗੇਬੋ ਨੇ ਚੌਂਕੇ ਚੋਂ ਸ਼ਿੰਦੀ ਨੂੰ ਆਵਾਜ਼ ਮਾਰੀ ,,,,,,
ਰਾਤ ਨੂੰ ਸ਼ਿੰਦੀ ਨੂੰ ਨੀਂਦ ਨਾ ਆਈ ,,,,, ਤਿੰਨ ਚਾਰ ਗੇੜੇ ਬਾਪੂ ਕੋਲ ਕੱਢ ਆਈ ,,,,, ਸ਼ਿੰਦੀ ਦਾ ਜਿਵੇੰ ਕਾਲਜਾ ਖੁੱਸ ਰਿਹਾ ਸੀ ,,, ਹੌਲ ਜਿਹੇ ਪੈ ਰਹੇ ਸਨ ,,,, ਚਿੱਤ ਬਾਹਰ ਨੂੰ ਆ ਰਿਹਾ ਸੀ ,,, ਉਸ ਨੂੰ ਪਿਛਲੇ ਸਾਲ ਵੇਖੇ ਬਾਪੂ ਨਾਲੋਂ ਬਾਪੂ ਵਿੱਚ ਅੱਧ ਵੀ ਨਹੀਂ ਦਿਖ ਰਿਹਾ ਸੀ ,,,,, ਤੜਕੇ ਚਾਰ ਵਜੇ ਬਿਨਾਂ ਚਾਹ ਪੀਤਿਆਂ ਹੀ ਸ਼ਿੰਦਰ ਬਾਪੂ ਦੀ ਬੈਠਕ ਸਾਫ ਕਰਨ ਜਾ ਲੱਗੀ ,,,, ਝਾੜਾ ਪੂੰਝੀ ਕਰ ਸਾਰੇ ਫਰਸ਼ ਤੇ ਤਿੰਨ ਵਾਰ ਪੋਚਾ ਲਾਇਆ ,,,,, ਪਿਸ਼ਾਬ ਵਾਲਾ ਡੱਬਾ ਚੁੱਕ ਬਾਹਰ ਨਾਲੀ ਵਿੱਚ ਡੋਲਿਆ ,,,,, ।
ਲੈ ਨੀ ਕੁੜੀਏ ਬੰਨ ਧਾਗਾ ਜਿਹੜਾ ਬੰਨ੍ਹਣਾ ਹੈ ,,,, ਮੈਂ ਸ਼ਹਿਰ ਜਾਣਾ ਸੀਤੇ ਨਾਲ ,,,, ਉਹਨੂੰ ਜੀਪ ਦੁਆ ਕੇ ਲਿਉਣੀ ਹੈ ,,,, ਕੱਲ ਦਾ ਮਗਰ ਪਿਆ ,,,, ਬਾਈ ਚੱਲ ,,,, ਬਾਈ ਚੱਲ ,,,,,
ਓ ਬੀਬੀ ਸ਼ਿੰਦੀ ਨੂੰ ਵਧੀਆ ਸੂਟ ,,,, ਨਾਲੇ ਭਾਣਜਿਆਂ ਦੇ ਲੀੜੇ ,,,, ਤੇ ਦਸ ਹਜ਼ਾਰ ਰੁਪੀਆ ਦੇਦੀਂ ,,,,, ਐਨਕੀਂ ਕੁੜੀਏ ਗੋਨੇਆਨੇ ਪਲਾਟ ਵੇਚੇ ਆ ਦੋ ,,,,,, ਧਰਮ ਨਾਲ ਨਜ਼ਾਰਾ ਈ ਆ ਗਿਆ ,,,, ਨੋਟਾਂ ਦੀ ਪੰਡ ਲਿਆਂਦੀ ,,,,, ।
ਹਾਂ ਬਾਈ ਅਸੀਂ ਵੀ ਪਲਾਟ ਲਿਆ ਐ ਮਲੋਟ ,,,,, ਇਹਨਾਂ ਦੇ ਡੈਡੀ ਵੀ ਕਹਿੰਦੇ ਸੀ ,,,, ਬਹੁਤ ਮਹਿੰਗਾ ਹੋ ਗਿਆ ,,,,,
ਤੇ ਵੀਰ ਗੱਲ ਸੁਣ ,,,,,, ਤੂੰ ਰਾਤ ਵੀ ਛੇਤੀ ਸੌਂ ਗਿਆ ,,,, ਬਾਪੂ ਨੂੰ ਦਵਾਈ ,,,,,,, ਹਾਲੇ ਗੱਲ ਸ਼ਿੰਦਰ ਦੇ ਮੂੰਹ ਚ ਹੀ ਸੀ ਕਿ ਜੰਗਾ ਵਿੱਚੋਂ ਈ ਬੋਲਿਆ ,,,,,,
ਓ ਕਿਉਂ ਕੁੜੇ ਤੂੰ ਐਵੇਂ ਫਿਕਰ ਕਰਦੀਂ ਐਂ ,,,,, ਆਏਂ ਨੀ ਮਰਦੇ ਹੁੰਦੇ ਜੱਟ ,,,,, ਬਥੇਰੀ ਕਰੜੀ ਹੱਡੀ ਦਾ ਐ ਬੁੜਾ ,,,,, ਨਾਲੇ ਹੁਣ ਮਰ ,,,,,,, ਤੇ ਸ਼ਿੰਦੀ ਨੇ ਜੰਗੇ ਦੇ ਮੂੰਹ ਤੇ ਹੱਥ ਰੱਖ ਦਿੱਤਾ ,,,,,
ਆਏਂ ਨੀ ਆਖੀਦਾ ਹੁੰਦਾ ਵੀਰ ,,,,, ਕੀ ਪਤਾ ਕਿਹੜੇ ਵੇਲੇ ਦੀ ਪੂਰੀ ਹੋ ਜਾਣੀ ਹੁੰਦੀ ਆ ,,,,,,
ਜੰਗਾ ਰੱਖੜੀ ਬਨ੍ਹਾ ਕੇ ,,,,, ਛੇਤੀ ਛੇਤੀ ਤਿਆਰ ਹੋ ਸੀਤੇ ਕੇ ਘਰ ਵੱਲ ਨਿੱਕਲ ਗਿਆ ,,,,,,,
ਸ਼ਿੰਦੀ ਸੋਚਾਂ ਵਿੱਚ ਡੁੱਬੀ ਨੇ ਰੋਟੀ ਵੀ ਨਾ ਖਾਧੀ ,,,,, ਮਾਂ ਗੇਬੋ ਨਾਲ ਫੇਰ ਬਾਪੂ ਨੂੰ ਡਾਕਟਰ ਕੋਲ ਲਿਜਾਣ ਦੀ ਗੱਲ ਤੋਰੀ ਪਰ ਗੇਬੋ ਨੇ ਕੋਈਨੀ ਲੈਜਾਂਗੇ ਕਹਿ ਆਪਣੀ ਕੋਈ ਹੀਰ ਤੋਰ ਲਈ ,,,,,
ਨੀ ਸ਼ਿੰਦੀ ਸੱਚ ਮੈਂ ਤਾਂ ਪੁੱਛਣਾ ਈ ਭੁੱਲ ਗਈ ,,,,, ਕਿੰਨੇ ਦਿਨ ਲਾਵੇਂਗੀ ?
ਬੱਸ ਬੀਬੀ ਅੱਜ ਈ ਜਾਣਾ ,,,, ਜਵਾਕਾਂ ਦੇ ਕੱਚੇ ਪੇਪਰ ਚੱਲੀ ਜਾਂਦੇ ਆ ,,,,,,, ।
ਚਾਹ ਵੇਲੇ ਬਚਨੇ ਕੇ ਬਾਰ ਮੂਹਰੇ ਇੱਕ ਚਿੱਟੀ ਨੀਲੀਆਂ ਧਾਰੀਆਂ ਵਾਲੀ ਗੱਡੀ ਆ ਰੁਕੀ ,,,,, ਜਿਸ ਚੋਂ ਡਾਕਟਰੀ ਲੀੜੇ ਪਾਈ ਦੋ ਕੁੜੀਆਂ ਉੱਤਰੀਆਂ ,,,,, ਸ਼ਿੰਦਰ ਦਾ ਇਸ਼ਾਰਾ ਪਾ ਦੋਨਾਂ ਤੇ ਤੀਜੇ ਡਰਾਈਵਰ ਨੇ ਬਚਨ ਸਿਉਂ ਨੂੰ ਮੰਜੇ ਸਮੇਤ ਬੈਠਕ ਚੋਂ ਬਾਹਰ ਕੱਢਿਆ ਤੇ ਬੜੇ ਪ੍ਰੇਮ ਨਾਲ ਚੁੱਕ ਕੇ ਗੱਡੀ ਵਿੱਚ ਪਾ ਲਿਆ ,,,,
ਝੋਲਾ ਚੱਕ ਤੇ ਦੋਨਾੰ ਜਵਾਕਾਂ ਦੀਆਂ ਬਾਹਾਂ ਫੜ ਸ਼ਿੰਦਰ ਵੀ ਗੱਡੀ ਵਿੱਚ ਜਾ ਬੈਠੀ ,,,,, ਨਾ ਕਿਸੇ ਨੂੰ ਸਤਿ ਸ਼੍ਰੀ ਅਕਾਲ ਤੇ ਬਿਨਾਂ ਗਲੇ ਮਿਲਿਆਂ ,,,,, ਗੱਡੀ ਲੱਖੀਸਰ ਵਾਲੀ ਸੜਕ ਪੈ ਮਲੋਟ ਵੱੱਲ ਹੋੋ ਤੁਰੀ,,,,
ਗੇਬੋ ਤੇ ਉਹਦੀ ਨੂੰਹ ਦੇਖਦੀਆਂ ਰਹਿ ਗਈਆਂ ।
ਰਸਤੇ ਵਿੱਚ ਗੱਡੀ ਵਾਲੇ ਸਟਰੇਚਰ ਤੇ ਪਏ ਬਚਨ ਦੇ ਕੱਠੇ ਕੀਤੇ ਗੋਡਿਆਂ ਨੂੰ ਫੜੀ ਬੈਠੀ ਸ਼ਿੰਦਰ ਨੂੰ ਬਚਨ ਸਿਉਂ ਜਿਵੇਂ ਕਹਿ ਰਿਹਾ ਹੋਵੇ ,,,,,,,,,,
” ਝੂਟੇ ,,,,, ਮਾਟੇ ,,,, ਖੰਡ ,,,, ਘਿਉ ,,,, ਖਾਟੇ ,,,,
ਝੂਟੇ ,,,,, ਮਾਟੇ ,,,,, ਝੂਟੇ ,,,,,, ਮਾਟੇ “

ਰਾਜਿੰਦਰ ਢਿੱਲੋਂ ਬਾਜਾਖਾਨਾ

You may also like