ਦਾਨ ਪੁੰਨ

by Manpreet Singh

ਕਈ ਵਰ੍ਹੇ ਪਹਿਲਾਂ ਦੀ ਗੱਲ ਆ ਮੋਗੇ ਪੁਰਾਣੀ ਦਾਣਾ ਮੰਡੀ ਦੇ ਨੇੜ੍ਹ ਤੇੜ ਇੱਕ ਪੱਧਰ ਜਿਆ ਬੰਦਾ ਘੁੰਮਦਾ ਰਹਿੰਦਾ ਸੀ। ਬਾਬੇ ਦੇ ਤਨ ਉੱਪਰ ਕੱਪੜੇ ਦੇ ਨਾ ‘ਤੇ ਕੱਲਾ ਕੰਬਲ਼ ਹੁੰਦਾ ਸੀ ਚਾਹੇ ਕੱਕਰ ਵਰ੍ਹਦਾ ਹੋਵੇ ਭਾਵੇਂ ਗਰਮੀਂ ਪੈਂਦੀ ਹੋਵੇ। ਬੰਦਾ ਭਾਵੇਂ ਖਾਸ ਨਹੀਂ ਸੀ ਪਰ ਮੰਗਣ ਦਾ ਅੰਦਾਜ਼ ਓਹਦਾ ਨਿਰਾਲਾ ਸੀ ਦੁਨੀਆਂ ਤੋਂ; ਜਾਂ ਤਾਂ ਸਿੱਧਾ ਈ ਤੁਰੇ ਜਾਂਦੇ ਬੰਦੇ ਨੂੰ ਖਲ੍ਹਾਰ ਕਹਿ ਦਿੰਦਾ ਸੀ ਕਿ, “ਵੀਹ ਰੁਪਈਏ ਕੱਢ ਬਾਊ”,,,,, ਜੇ ਅਏਂ ਕੰਮ ਨਾ ਬਣਦਾ ਫੇਰ ਪਿੰਡਾਂ ਨੂੰ ਤੁਰਨ ਲਈ ਤਿਆਰ ਖੜ੍ਹੇ ਟੈਂਪੂਆਂ ਜਾਂ ਸਬਜ਼ੀ ਲੈਣ ਆਏ ਜੀਪਾਂ ਆਲਿਆਂ ਕੋਲ਼ ਜਾਕੇ ਮਾੜਾ ਜਿਆ ਕੰਬਲ਼ ਖਿਸਕਾਉਂਦਾ ਤਾਂ ਅਗਲਾ ਝੱਟ ਈ ਏਕਾ ਦੂਆ ਕੱਢਕੇ ਤਲ਼ੀ ਤੇ ਧਰ ਦਿੰਦਾ। ਬਿਲਕੁਲ ਏਸੇ ਤਰ੍ਹਾਂ ਉਹ ਦੁਕਾਨਾ ਆਲ਼ੇ ਲਾਲਿਆਂ ਨਾਲ ਵੀ ਕਰਦਾ, ਜਿੱਥੋਂ ਓਹਨੂੰ ਲੋੜ ਹੁੰਦੀ ਸ਼ੋਲ੍ਹੇ ਆਲ਼ੇ ਠਾਕਰ ਆਂਗੂ ਦੁਕਾਨ ਅੱਲ ਨੂੰ ਮੂੰਹ ਕਰਕੇ ਖੜ੍ਹ ਜਾਂਦਾ।
ਇੱਕ ਵਾਰ ਬਾਹਰੋਂ ਆਇਆ ਕੋਈ ਬਾਈ ਦਾਣਾ ਮੰਡੀ ‘ਚੋਂ ਜੀਪ ਤੇ ਲੰਘਿਆ ਜੇਹੜਾ ਸ਼ਾਇਦ ਬਾਬੇ ਦਾ ਭੇਤੀ ਨਹੀਂ ਸੀ। ਬਾਈ ਦੀ ਠੰਡ ‘ਚ ਭੁੰਜੇ ਬੈਠੇ ਬਾਬੇ ਤੇ ਨਿਗ੍ਹਾ ਪੈਰੀ, ਬਾਬੇ ਦੀ ਹਾਲਤ ਵੇਖ ਬਾਈ ਨੂੰ ਤਰਸ ਜਿਆ ਆਇਆ ਤੇ ਉਹ ਜੀਪ ਸਾਈਡ ਤੇ ਲਾ ਬਾਬੇ ਕੋਲ਼ ਆ ਖੜ੍ਹਾ। ਬਾਈ ਬਾਬੇ ਨੂੰ ਪੁੱਛਦਾ ਅਖੇ ਬਾਬਾ ਜੀ ਕੋਈ ਸੇਵਾ? ਬਾਬਾ ਆਂਹਦਾ ਵੀਹ ਰੁਪਈਏ ਕੱਢ,,, ਬਾਈ ਦਾ ਅੱਧਾ-ਪਚੱਦਾ ਤਰਸ ਤਾਂ ਜਦੇ ਉੱਡ ਗਿਆ ਪਰ ਫੇਰ ਵੀ ਬਾਈ ਨੇ ਭਲੇ ਮਨ ਨਾਲ ਉੱਪਰ ਥੱਲੇ ਬਾਬੇ ਨੂੰ ਕਈ ਆਫਰਾਂ ਕੱਢ ਮਾਰੀਆਂ, “ਬਾਬਾ ਜੇ ਖਾਣਾ ਕੁਝ ਤਾਂ ਗੱਲ ਕਰ?,, ਭੁੱਖ ਲੱਗੀ ਆ?,, ਪੂਰੀਆਂ ਲਿਆਵਾਂ?,, ਫਰੂਟ ਦੱਸ ਕੇਹੜਾ ਖਾਣਾ?,, ਕੱਪੜਾ ਲੱਤਾ ਲੈਣਾ ਓ ਦੱਸ?,, ਪਰ ਪੈਸੇ ਪੂਸੇ ਨੀ ਮਿਲਦੇ ਬਾਬਾ ਛੱਡਦੇ ਭੁਲੇਖਾ।” ਜਦੋਂ ਬਾਈ ਨਾ ਈ ਹਟਿਆ ਤਾਂ ਬਾਬਾ ਕੰਬਲ਼ ਲਾਹਕੇ ਰੇਲਵੇ ਰੋਡ ਅੱਲ ਨੂੰ ਹੱਥ ਕਰਕੇ ਆਂਹਦਾ, “ਜਾ ਫਿਰ ਜੇ ਬਾਹਲਾ ਹੇਜ ਆਉਂਦਾ ਤਾਂ ਠੇਕੇ ਤੋਂ ਦੋ ਬੀਅਰਾਂ ਫੜ੍ਹ ਲਿਆ ਭੱਜਕੇ, ਤੇਰੀਆਂ ਪੂਰੀਆਂ-ਸ਼ਕੂਰੀਆਂ ਆਲਿਆਂ ਦੇ ਤਾਂ ਮੇਰਾ ATM ਚੱਲ ਜਾਂਦਾ ਬੱਸ ਆ ਠੇਕੇ ਆਲੇ ਨੀ ਚਲਾਉਂਦੇ ਮਾਂ ਯਾਵ੍ਹੇ

ਏਹ ਗੱਲ ਸਨਾਉਣ ਤੋਂ ਮੇਰਾ ਭਾਵ ਏਹ ਆ ਭਲਿਓ ਲੋਕੋ ਕਿ ਜੇ ਕਿਸੇ ਨੂੰ ਦਾਨ ਪੁੰਨ ਕਰਨਾ ਹੋਵੇ ਤਾਂ ਪੈਹੇ ਕੈਸ਼ ਦਿਆ ਕਰੋ, ਐਵੇਂ ਨਾ ਆਫਰਾਂ ਦੇਈ ਜਾਇਆ ਕਰੋ ਵਈ ਮੈਂ ਤੇਰਾ ਤੂੜੀ ਆਲਾ ਕੋਠਾ ਪਵਾਦਿਆਂ?,, ਥੋਡੇ ਘਰੇ ਗਾਂ ਬੰਨ੍ਹਜਾਂ?,, ਥੋਡੇ ਗੁਸਲਖਾਨੇ ਨੂੰ ਤਖਤੇ ਲਵਾ ਦਿਆਂ?,, ਵਗੈਰਾ ਵਗੈਰਾ; ਨਹੀਂ ਤਾਂ ਜਦੋਂ ਅਗਲੇ ਨੇ ATM ਕੱਢ ਕੇ ਮੇਜ਼ ਤੇ ਧਰਤਾ ਫੇਰ ਵੀ ਜੀਪ ਆਲੇ ਬਾਈ ਆਂਗੂ ਬਣੋਂਗੇ ਵਰ੍ਹੋਲ਼ਾ

You may also like