ਕਦੇ ਕਦੇ ਇਹਦਾ ਵੀ ਹੋ ਜਾਂਦੀਆ

by admin

ਕਦੇ ਕਦੇ ਇਹਦਾ ਵੀ ਹੋ ਜਾਂਦੀਆ
ਅੱਜ ਤੋਂ ਛੇ – ਸੱਤ ਸਾਲ ਪਹਿਲਾ ਦੀ ਗੱਲ ਹੈ ਕਿ ਸਾਡੇ ਗੁਆਂਢੀ ਤਾਏ ਧੀਰੇ ਹੋਣਾ ਨੇ ਇੱਕ ਬਾਂਦਰੀ ਲਿਆਂਦੀ ਤੇ ਉਹਨੂੰ ਉਹ ਆਪਣੀ ਹਵੇਲੀ ਦੇ ਦਰਵਾਜੇ ਨਾਲ ਬਨੰਕੇ ਰੱਖਦੇ ਸੀ। ਕੁਝ ਕ ਦਿਨ ਤਾਂ ਪਿੰਡ ਦੇ ਜਵਾਕਾਂ ਚ ਉਤਸਾਹ ਜੇਹਾ ਰਿਹਾ ਤੇ ਉਹ ਰੋਜ਼ ਛੇੜਖਾਨੀਆਂ ਕਰਨ ਪਹੁੰਚ ਜਾਂਦੇ। ਤਾਏ ਹੋਣਾ ਵੀ ਕੁੱਝ ਨਾ ਕਹਿਣਾ ਇਹ ਸੋਚ ਕੇ ਕਿ ਚੱਲ ਜਵਾਕ ਨੇ। ਕੁੱਝ ਦਿਨ ਬਾਅਦ ਸਕੂਲਾਂ ਚ ਛੁੱਟੀਆਂ ਪੈ ਗਈਆਂ ਤੇ ਮੇਰੇ ਭੂਆ ਜੀ ਹੋਣੀ ਵੀ ਆ ਗਏ। ਭੂਆ ਜੀ ਦਾ ਮੁੰਡਾ ਮੇਰੇ ਤੋ ਬਹੁਤ ਛੋਟਾ ਉਮਰ ਵਿੱਚ। ਹੁਣ ਭੂਆ ਦੇ ਮੁੰਡੇ ਨੂੰ ਜਦੋਂ ਪਤਾ ਲੱਗਾ ਕਿ ਗਵਾਂਢੀਆਂ ਨੇ ਬਾਂਦਰੀ ਲਿਆਂਦੀ ਹੈ ਤੇ ਉਹ ਖਹਿੜੇ ਪੈ ਗਿਆ ਕਿ ਮੈਂ ਬਾਂਦਰੀ ਵੇਖਣੀਆ। ਘਰਦੇ ਕਹਿੰਦੇ ਭਾਈ ਜਾ ਦਿਖਾ ਲਿਆ ਪਰ ਜਿਆਦਾ ਨੇੜੇ ਨਾ ਹੋਇਓ ਇਹ ਬਾਂਦਰ ਵਿੱਚ ਬਹੁਤ ਹੱਥ ਚਲਾਕੀ ਹੁੰਦੀਏ ਮੈਂ ਕਿਹਾ ਠੀਕ ਹੈ ਜੀ। ਇਹਨਾਂ ਕਹਿ ਕੇ ਮੈ ਜਵਾਕ ਨੂੰ ਬਾਂਦਰੀ ਦਿਖਾਉਣ ਚਲੇ ਗਿਆ। ਬਾਂਦਰੀ ਬਹੁਤ ਹੀ ਭੋਲੀ ਭਾਲੀ ਤੇ ਮਾਸੂਮ ਬਣੀ ਦੇਖ ਰਹੀ ਸੀ। ਭੂਆ ਦਾ ਮੁੰਡਾ ਕਹਿੰਦਾ ਵੀਰੇ ਵਿਚਾਰੀ ਕਿੰਨੀ ਸਾਉ ਜਿਹੀ ਜਾਪਦੀਆ ਮਾਮੀ ਜੀ ਹੋਣੀ ਅੈਵੇ ਕਹੀ ਜਾਂਦੇ ਨੇ ਕਿ ਕੋਲ ਨਾ ਜਾਇਓ। ਕਹਿੰਦਾ ਆਪਾਂ ਇਹਨੂੰ ਕੁਛ ਖਾਣ ਨੂੰ ਦਿੰਨੇਆਂ ਮੈਂ ਵੀ ਉਹਦੀ ਗੱਲ ਮੰਨ ਗਿਆ ਤੇ ਕੋਲ ਹੀ ਕਰਿਆਨੇ ਦੀ ਦੁਕਾਨ ਚ ਗਏ ਜੌ ਸਾਡੇ ਹੀ ਥਾਂ ਵਿੱਚ ਬਣੀ ਹੋਈ ਸੀ ਤੇ ਕਿਰਾਏ ਤੇ ਚਾੜ੍ਹੀ ਹੋਈ ਸੀ। ਸਾਡੇ ਘਰ ਦੇ ਜਵਾਕ ਓਥੋਂ ਖਾਣ ਨੂੰ ਚੀਜ਼ਾ ਲੈਂਦੇ ਹੁੰਦੇ ਸੀ ਤੇ ਪੈਸੇ ਲਿਖਵਾ ਆਉਣੇ। ਅਸੀਂ ਓਸ ਦੁਕਾਨ ਤੋਂ ਇੱਕ ਬਿਸਕੁਟਾਂ ਦਾ ਪੈਕਟ ਲਿਆ ਤੇ ਬਾਂਦਰੀ ਨੂੰ ਖਵਾਉਣ ਲਈ ਚਲੇ ਗਏ। ਜਵਾਕ ਕਹਿੰਦਾ ਕਿ ਵੀਰੇ ਤੂੰ ਖਵਾ ਮੈਨੂੰ ਡਰ ਲੱਗਦਾ। ਮੈਂ ਆਪਣੇ ਹੱਥ ਤੇ ਸਾਰੇ ਬਿਸਕੁੱਟ ਰੱਖਕੇ ਉਹਦੇ ਅੱਗੇ ਕਰ ਤੇ ਉਹਨੇ ਵੀ ਬੜੇ ਪਿਆਰ ਨਾਲ ਖਾਣੇ ਸ਼ੁਰੂ ਕਰਤੇ ਸਾਰੇ ਇੱਕ ਇੱਕ ਖਾਕੇ ਜਦੋਂ ਆਖਰੀ ਰਹਿ ਗਿਆ ਉਹਨੇ ਖੱਬੇ ਹੱਥ ਨਾਲ ਬਿਸਕੁਟ ਚੱਕਿਆ ਤੇ ਸੱਜੇ ਨਾਲ ਮੇਰੇ ਥੱਪੜ ਕੱਢ ਮਾਰਿਆ। ਕੰਨ ਟੂ ਟੂ ਕਰਨ ਲਾਤਾ ਹੁਣ ਨਾ ਮੈਂ ਕੁੱਛ ਕਹਿਣ ਜੋਗਾ ਤੇ ਨਾ ਕਰਨ ਜੋਗਾ। ਜਵਾਕ ਹੌਲੀ ਜਿਹੀ ਮਸ਼ਕਰੀ ਨਾਲ ਕਹਿੰਦਾ ਮਾਮੀ ਜੀ ਠੀਕ ਹੀ ਕਹਿੰਦੇ ਸੀ। ਮੈਂ ਫਿਰ ਉਹਨੂੰ ਕਿਹਾ ਮੇਰਾ ਸੋਹਣਾ ਵੀਰਾ ਆ ਤੂੰ ਘਰੇ ਜਾਕੇ ਦੱਸੀ ਨਾ ਮੇਰੇ ਨਾਲ ਆ ਕੁਛ ਹੋਇਆ। ਓਸ ਦਿਨ ਤੋਂ ਬਾਅਦ ਆਪਾਂ ਨੂੰ ਬਾਂਦਰ ਵੇਖਣ ਦਾ ਸਾਰਾ ਚਾ ਹੀ ਮੁੱਕ ਗਿਆ।

ਦੀਪ ਕੰਗ

You may also like