ਚੱਪਲਾਂ ਦੀ ਕਰਾਮਾਤ

by admin

ਸਿਮਰਨ ਇੱਕ ਕੰਮਕਾਜੀ ਗ੍ਰਹਿਣੀ ਸੀ ਉਸਦੇ ਦੋ ਬੇਟੇ ਸਨ ਉਹ ਸਕੂਲ ਵਿੱਚ ਅਧਿਆਪਕਾ ਸੀ ਇਹ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਸਵੇਰੇ ਸਵੇਰੇ ਜਦੋਂ ਸਾਰਿਆਂ ਨੇ ਜਾਣਾ ਹੋਵੇ ਤਾਂ ਇੰਨੀ ਭੱਜ ਨੱਠ ਹੁੰਦੀ ਹੈ ਕਿ ਰਹੇ ਰੱਬ ਦਾ ਨਾਂ ,,,,,,ਅਤੇ ਇਸ ਵੇਲੇ ਸਭ ਤੋਂ ਜ਼ਿਆਦਾ ਰੋਲ ਨਿਭਾਉਣਾ ਪੈਂਦਾ ਹੈ ਮਾਂ ਨੂੰ ਕਿਉਂਕਿ ਸਾਰੇ ਕੰਮ ਮਾਂ ਨੇ ਹੀ ਤਾਂ ਕਰਨੇ ਹੁੰਦੇ ਹਨ ।

ਸਿਮਰਨ ਦੇ ਪਤੀ ਦੇਵ ਉਸ ਨਾਲ ਕੰਮ ਵਿੱਚ ਬਿਲਕੁਲ ਵੀ ਹੱਥ ਨਾ ਵਟਾਉਂਦੇ ਉਸ ਨੂੰ ਇਕੱਲੀ ਨੂੰ ਹੀ ਸਾਰਾ ਕੰਮ ਕਰਨਾ ਪੈਂਦਾ,,,,,
ਅੱਜ ਸਵੇਰੇ ਉਹ ਅੱਧਾ ਘੰਟਾ ਲੇਟ ਉੱਠੀ ਕਿਉਂਕਿ ਪਿਛਲੀ ਰਾਤ ਉਸ ਦਾ ਸਿਰ ਦੁਖਦਾ ਰਿਹਾ ਜਿਸ ਕਾਰਨ ਉਸਦੀ ਨੀਂਦ ਨਾ ਪੂਰੀ ਹੋਈ ਉਸ ਨੇ ਫਟਾਫਟ ਸਾਰਿਆਂ ਦੇ ਟਿਫਨ ਪੈਕ ਕੀਤੇ ਅਤੇ ਬੱਚਿਆਂ ਨੂੰ ਉਠਾ ਕੇ ਤਿਆਰ ਕੀਤਾ ਉਹ ਬਹੁਤ ਹੀ ਤੇਜ਼ੀ ਨਾਲ ਕੰਮ ਕਰ ਰਹੀ ਸੀ ਸਾਰਿਆਂ ਨੂੰ ਨਾਸ਼ਤਾ ਕਰਵਾ ਕੇ ਉਸ ਨੇ ਬੱਚਿਆਂ ਨੂੰ ਸਕੂਲ ਤੋਰ ਦਿੱਤਾ ਅਤੇ ਫਟਾ ਫੱਟ ਇੱਕ ਰੋਟੀ ਖਾਧੀ ਅਤੇ ਸਕੂਲ ਲਈ ਤਿਆਰ ਹੋ ਗਈ ।

ਜਦੋਂ ਉਸ ਨੇ ਟਾਈਮ ਦੇਖਿਆ ਤਾਂ ਉਹ ਪਰੇਸ਼ਾਨ ਹੋ ਗਈ ਕਿਉਂਕਿ ਬਹੁਤ ਘੱਟ ਸਮਾਂ ਬਚਿਆ ਸੀ
ਉਹ ਕਾਹਲੀ ਨਾਲ ਬੱਸ ਸਟੈਂਡ ਪਹੁੰਚੀ ਉਸ ਨੇ ਸੁੱਖ ਦਾ ਸਾਹ ਲਿਆ ਕਿਉਂਕਿ ਬੱਸ ਅਜੇ ਲੰਘੀ ਨਹੀਂ ਸੀ ਉਹ ਜਾ ਕੇ ਬੱਸ ਵਿੱਚ ਬੈਠ ਗਈ ਜਦੋਂ ਉਹ ਤਸੱਲੀ ਨਾਲ ਬੈਠ ਗਈ ਤਾਂ ਉਸ ਦਾ ਧਿਆਨ ਆਪਣੇ ਪੈਰਾਂ ਵੱਲ ਗਿਆ ਹਾਏ ਓਏ ਰੱਬਾ ਇਹ ਕੀ ਉਹ ਤਾਂ ਕਾਹਲੀ ਕਾਹਲੀ ਵਿੱਚ ਬਾਥਰੂਮ ਚੱਪਲ ਹੀ ਪਾ ਕੇ ਆ ਗਈ ਸੀ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਹੱਸੇ ਜਾਂ ਰੋਵੇ ਹੁਣ ਕੁਝ ਵੀ ਨਹੀਂ ਸੀ ਹੋ ਸਕਦਾ ਕਿਉਂਕਿ ਬੱਸ ਚੱਲ ਪਈ ਸੀ ਨਾ ਹੀ ਉਹ ਬੱਸ ਤੋਂ ਉੱਤਰ ਸਕਦੀ ਸੀ ਇਸ ਲਈ ਉਸ ਨੇ ਸੋਚਿਆ ਕਿ ਹੁਣ ਕੀ ਕੀਤਾ ਜਾਵੇ ਕਿਉਂਕਿ ਉਹ ਬਾਥਰੂਮ ਚੱਪਲ ਪਾ ਕੇ ਸਕੂਲ ਨਹੀਂ ਜਾ ਸਕਦੀ ਉਸ ਦੀਆਂ ਕੁਲੀਗਜ ਤਾਂ ਉਸ ਦਾ ਬਹੁਤ ਮਜ਼ਾਕ ਉਡਾਉਣਗੀਆਂ ਕਿਉਂਕਿ ਜ਼ਿਆਦਾਤਰ ਤਾਂ ਉਹ ਚੰਡੀਗੜ੍ਹ ਦੀਆਂ ਫੈਸ਼ਨੇਬਲ ਮੈਡਮਾਂ ਹਨ ਅਤੇ ਉਹ ਵਿਚਾਰੀ ਸਿੱਧੀ ਸਾਦੀ ਅਤੇ ਕਲਾਸਾਂ ਦੇ ਬੱਚੇ ਵੀ ਤਾਂ ਉਸ ਵੱਲ ਦੇਖ ਦੇਖ ਹੱਸਣਗੇ ਕਿ ਮੈਡਮ ਚੱਪਲਾਂ ਪਾ ਕੇ ਹੀ ਸਕੂਲ ਆ ਗਏ ।

ਹੁਣ ਇਸ ਮੁਸ਼ਕਿਲ ਦਾ ਹੱਲ ਤਾਂ ਲੱਭਣਾ ਹੀ ਪੈਣਾ ਸੀ ਇਸ ਲਈ ਉਸ ਦੇ ਦਿਮਾਗ ਨੇ ਇਕ ਤਰਕੀਬ ਲੜਾਈ ਉਸ ਨੇ ਪ੍ਰਿੰਸੀਪਲ ਸਰ ਨੂੰ ਫੋਨ ਕਰਕੇ ਇੱਕ ਤਿਹਾਈ ਛੁੱਟੀ ਭਰਨ ਦਾ ਕਹਿ ਦਿੱਤਾ ਕਿ ਉਸ ਨੂੰ ਜ਼ਰੂਰੀ ਕੰਮ ਹੈ ਇਸ ਲਈ ਉਹ ਥੋੜ੍ਹਾ ਲੇਟ ਆਵੇਗੀ ਅਤੇ ਉਹ ਸਕੂਲ ਜਾਣ ਦੀ ਬਜਾਏ ਬਸ ਸਟੈਂਡ ਹੀ ਉੱਤਰ ਗਈ ਬੱਸ ਸਟੈਂਡ ਕੋਲ ਕਾਫੀ ਸਾਰੀਆਂ ਦੁਕਾਨਾਂ ਸਨ ਉੱਥੇ ਜਾ ਕੇ ਉਸ ਨੇ ਸੋਹਣੇ ਜਿਹੇ ਸੈਂਡਲ ਖਰੀਦੇ ਅਤੇ ਪੈਰਾਂ ਵਿੱਚ ਪਾ ਲਏ ।

ਫਿਰ ਉਸ ਦੇ ਮਨ ਵਿੱਚ ਆਇਆ ਕਿ ਰੱਬ ਜੋ ਵੀ ਕਰਦਾ ਹੈ ਠੀਕ ਹੀ ਕਰਦਾ ਹੈ ਉਹ ਕਿੰਨੇ ਦਿਨਾਂ ਤੋਂ ਨਵੇਂ ਸੈਂਡਲ ਖਰੀਦਣ ਬਾਰੇ ਸੋਚ ਰਹੀ ਸੀ ਪਰ ਆਪਣੇ ਮਨ ਨੂੰ ਕੋਈ ਨਾ ਕੋਈ ਬਹਾਨਾ ਲਾ ਕੇ ਸਮਝਾ ਲੈਂਦੀ ਸੀ ਕਿ ਫੇਰ ਲੈ ਲਵਾਂਗੀ ਪਰ ਅੱਜ ਅਜਿਹਾ ਸਬੱਬ ਬਣਿਆ ਕਿ ਉਸ ਨੂੰ ਨਵੇਂ ਸੈਂਡਲ ਲੈਣੇ ਹੀ ਪਵੇ ਇਸ ਲਈ ਕਦੇ ਕਦੇ ਰੱਬ ਜੋ ਕਰਦਾ ਹੈ ਉਹ ਠੀਕ ਕਰਦਾ ਹੈ ਅਤੇ ਅਸੀਂ ਉਂਝ ਹੀ ਰੋਂਦੇ ਰਹਿੰਦੇ ਹਾਂ ਕਿ ਹਾਏ !ਹਾਏ! ਰੱਬਾ ਇਹ ਕੀ ਹੋ ਗਿਆ ਜਦ ਕਿ ਭਵਿੱਖ ਵਿੱਚ ਕੁਝ ਵਧੀਆ ਹੋਣ ਜਾ ਰਿਹਾ ਹੁੰਦਾ ਹੈ। ਹੁਣ ਉਹ ਸਭ ਕੁਝ ਭੁਲਾ ਕੇ ਖੁਸ਼ ਸੀ ਅਤੇ ਚਾਈਂ ਚਾਈਂ ਸਕੂਲ ਪਹੁੰਚ ਗਈ ।

✍️ ਮਨਪ੍ਰੀਤ ਕੌਰ ਮਿਨਹਾਸ

You may also like