ਸ਼ੇਰ ਅਤੇ ਖਰਗੋਸ਼

by Sandeep Kaur

ਜੰਗਲ ਦਾ ਰਾਜਾ ਸ਼ੇਰ ਹੁਣ ਬੁੱਢਾ ਹੋ ਗਿਆ ਸੀ ਪਰ ਉਸ ਦੀ ਦਹਿਸ਼ਤ ਤੇ ਦਬਦਬਾ ਅਜੇ ਵੀ ਕਾਇਮ ਸੀ | ਉਸ ਨੇ ਹੁਣ ਬੇਸ਼ੱਕ ਸ਼ਿਕਾਰ ਕਰਨਾ ਬੰਦ ਕਰ ਦਿੱਤਾ ਸੀ ਪਰ ਉਸ ਨੇ ਜੰਗਲ ਦੇ ਜੀਵਾਂ ਨੂੰ ਹੁਕਮ ਦੇ ਦਿੱਤਾ ਸੀ ਕਿ ਰੋਜ਼ਾਨਾ ਉਸ ਨੂੰ ਭੋਜਨ ਵਿਚ ਤਾਜ਼ਾ ਮਾਸ ਚਾਹੀਦਾ ਹੈ | ਇਸ ਲਈ ਕਿਸੇ ਇਕ ਪ੍ਰਾਣੀ ਨੂੰ ਆਪ ਹੀ ਉਸ ਦੀ ਗੁਫਾ ਵਿਚ ਭੋਜਨ ਬਣਨ ਲਈ ਆਉਣਾ ਪਵੇਗਾ | ਜੇ ਕਿਸੇ ਨੇ ਹੁਕਮ ਦੀ ਉਲੰਘਣਾ ਕੀਤੀ ਤਾਂ ਓ ਝਟਕੇ ਨਾਲ ਮਾਰਨ ਦੀ ਜਗ੍ਹਾ ਤੜਫਾ-ਤੜਫਾ ਕੇ ਮਾਰਿਆ ਜਾਵੇਗਾ। ਹੁਣ ਹਰ ਸਵੇਰ ਜਿਸ ਕਿਸੇ ਜਾਨਵਰ ਜਾਂ ਪਸ਼ੂ ਦਾ ਨਾਂਅ ਐਲਾਨਿਆ ਜਾਂਦਾ, ਉਹ ਡਰਦੇ-ਡਰਦੇ ਸ਼ੇਰ ਦਾ ਸ਼ਿਕਾਰ ਬਣਨ ਲਈ ਥਰ-ਥਰ ਕੰਬਦਾ ਹੋਇਆ ਉਸ ਦੀ ਗੁਫਾ ਵਿਚ ਪਹੁੰਚ ਜਾਂਦਾ । ਇਕ ਦਿਨ ਸ਼ੇਰ ਨੇ ਭੋਜਨ ਵਿਚ ਖਰਗੋਸ਼ ਦਾ ਮਾਸ ਮੰਗਿਆ ਖਰਗੋਸ਼ ਨੂੰ ਸੁਨੇਹਾ ਮਿਲ ਗਿਆ ਸੀ | ਸ਼ੇਰ ਉਸ ਦੇ ਇੰਤਜ਼ਾਰ ਵਿਚ ਸੀ | ਪਰ ਖਰਗੋਸ਼ ਸਮੇਂ ਸਿਰ ਨਾ ਪਹੁੰਚਿਆ ਤੇ ਜਦੋਂ ਪਹੁੰਚਿਆ ਤਾਂ ਸ਼ੇਰ ਨੇ ਗੁੱਸੇ ਵਿੱਚ ਦੇਰੀ ਦਾ ਕਾਰਨ ਪੁੱਛਿਆ। ਖਰਗੋਸ਼ ਹੱਥ ਜੋੜ ਕੇ ਕਹਿਣ ਲੱਗਾ, ‘ਮਹਾਰਾਜ, ਅਸਲ ਵਿਚ ਮੇਰੀ ਦੇਰੀ ਦਾ ਕਾਰਨ ਮੇਰੀ ਲਾਇਲਾਜ ਬਿਮਾਰੀ ਹੈ |’ ‘ਬਿਮਾਰੀ ?’ ਸ਼ੇਰ ਨੇ ਥੋੜੀ ਹੈਰਾਨੀ ਜਿਹੀ ਨਾਲ ਕਿਹਾ । ‘ਜੀ ਹਾਂ ਮੈਂ ਤਾਂ ਦੱਸਣਾ ਹੀ ਭੁੱਲ ਗਿਆ ਸੀ, ਮੈਨੂੰ ਛੂਤ ਦੀ ਬਿਮਾਰੀ ਹੈ | ਥੋੜ੍ਹਾ ਜਿਹਾ ਵੀ ਚਲਦਾ ਹਾਂ ਤਾਂ ਸਾਹ ਫੁੱਲ ਜਾਂਦਾ ਹੈ | ਫੇਫੜੇ ਫੁੱਲ ਜਾਂਦੇ ਹਨ। ਪੇਟ ਫੁੱਲ ਜਾਂਦਾ ਹੈ | ਇਸੇ ਲਈ ਤਾਂ ਰੁਕ-ਰੁਕ ਕੇ ਤੁਹਾਡੇ ਕੋਲ ਪਹੁੰਚਿਆ ਹਾਂ |’ ਕਹਿੰਦੇ ਹੀ ਖਰਗੋਸ਼ ਨੇ ਆਪਣਾ ਢਿੱਡ ਵੀ ਥੋੜਾ ਫੁਲਾ ਲਿਆ ਸੀ। ਖੈਰ ਛੱਡੋ, ਮੈਂ ਵੀ ਕਿਹੜੀਆਂ ਗੱਲਾਂ ਲੈ ਕੇ ਬਹਿ ਗਿਆ |’ ਕਹਿ ਕੇ ਖਰਗੋਸ਼ ਨੇ ਸਿਰ ਝੁਕਾ ਲਿਆ ਤੇ ਰੋਣ ਲੱਗਾ | ਲਗਦੈ ਤੰ ਆਪਣੀ ਮੌਤ ਤੋਂ ਜ਼ਿਆਦਾ ਹੀ ਘਬਰਾ ਗਿਆ, ਸ਼ੇਰ ਨੇ ਕਿਹਾ। ‘ਨਹੀਂ ਮਹਾਰਾਜ ਮੈਂ ਆਪਣੀ ਮੌਤ ਤੋਂ ਨਹੀਂ, ਤੁਹਾਡੀ ਮੌਤ |’ ‘ਮੇਰੀ ਮੌਤ ਕੀ ਬਕਵਾਸ ਕਰ ਰਿਹੈ ਸਾਫ-ਸਾਫ ਦੱਸ |’ ‘ਮਹਾਰਾਜ, ਮੇਰੇ ਜੀਵਨ ਦੀ ਲੀਲਾ ਤਾਂ ਸਮਾਪਤ ਹੀ ਹੋ ਰਹੀ ਹੈ ਪਰ ਮੇਰੀ ਮੌਤ ਨਾਲ ਹੀ ਤੁਹਾਡੇ ਵੀ ਪ੍ਰਾਣ ਉਡ ਜਾਣਗੇ | ਇਹੋ ਸੋਚ ਕੇ ਰੋਣਾ ਆ ਗਿਆ | ਜਿਸ ਬਿਮਾਰੀ ਦੀ ਗੱਲ ਮੈਂ ਕਰ ਰਿਹਾ ਹਾਂ, ਮੈਨੂੰ ਖਾਣ ਮਗਰੋਂ ਉਹ ਤੁਹਾਡੇ ਅੰਦਰ ਆ ਜਾਵੇਗੀ ਤੇ ਫਿਰ | ਖਰਗੋਸ਼ ਨੇ ਆਪਣੇ ਹੰਝੂ ਪੂੰਝਦਿਆਂ ਕਿਹਾ। 

ਓਹ, ਇਹ ਤਾਂ ਮੈਂ ਸੋਚਿਆ ਹੀ ਨਹੀਂ | ਸ਼ੇਰ ਖਰਗੋਸ਼ ਦੀ ਗੱਲ ਸੁਣ ਕੇ ਘਬਰਾ ਗਿਆ ਸੀ | ਫਿਰ ਕਹਿਣ ਲੱਗਾ, ਤੇ ਆਪਣੇ ਰਾਜੇ ਪ੍ਰਤੀ ਵਫਾਦਾਰੀ ਨਿਭਾਈ ਹੈ | ਜੇ ਮੈਂ ਤੈਨੂੰ ਕਾਹਲੀ ਵਿਚ ਖਾ ਜਾਂਦਾ ਤਾਂ ਮੇਰੇ ਵੀ ਪ੍ਰਾਣ ਉਡ ਜਾਂਦੇ | ਕਹਿੰਦੇ ਨੇ ਕਿ ਮਰਨ ਵੇਲੇ ਕੋਈ ਝੂਠ ਨਹੀਂ ਬੋਲਦਾ | ਸ਼ਾਇਦ ਤੇ ਸੱਚ ਹੀ ਕਹਿ ਰਿਹਾ ਹੈਂ । ਤੂੰ ਮੇਰੀ ਜਾਨ ਬਚਾਈ, ਇਸ ਲਈ ਜਾਹ ਤੇਰੇ ਪ੍ਰਾਣ ਵੀ ਬਖਸ਼ੇ |’ ਸ਼ੇਰ ਨੇ ਖਰਗੋਸ਼ ‘ਤੇ ਜਿਵੇਂ ਅਹਿਸਾਨ ਜਤਾਉਣ ਦਾ ਦਿਖਾਵਾ ਕੀਤਾ। ਉਹ ਉਸ ਦੀ ਬਿਮਾਰੀ ਤੋਂ ਡਰਦਾ ਪਹਿਲਾਂ ਹੀ ਉਸ ਨੂੰ ਖਾਣ ਦਾ ਇਰਾਦਾ ਤਿਆਗ ਚੁੱਕਾ ਸੀ | ਖਰਗੋਸ਼ ਨੇ ਹਨੇਰੇ ਵਿਚ ਤੀਰ ਚਲਾਇਆ ਸੀ, ਜੋ ਨਿਸ਼ਾਨੇ ‘ਤੇ ਲੱਗਾ | ਉਸ ਨੇ ਚਲਾਕੀ ਨਾਲ ਆਪਣੇ ਪ੍ਰਾਣ ਬਚਾਅ ਲਏ ਸੀ ਤੇ ਇਕ ਵਾਰ ਫਿਰ ਸਿੱਧ ਕਰ ਦਿੱਤਾ ਸੀ ਕਿ ਤਾਕਤ ਨਾਲੋਂ ਬੁੱਧੀ ਵੱਡੀ ਹੁੰਦੀ ਹੈ।

You may also like