ਲਾਂਵਾਂ ਨਾਲ ਵਿਆਹੀ

by admin

ਮੇਰੇ ਮੰਮੀ ਡੈਡੀ ਹਮੇਸਾ ਨਿੱਕੀ ਨਿੱਕੀ ਗੱਲ ਤੇ ਨੋਕ-ਝੋਕ ਕਰਦੇ ਰਹਿੰਦੇ ਹਨ। ਕਈ ਵਾਰ ਤਾਂ ਮੰਮੀ ਖਿੱਝ ਕੇ ਕਹਿ ਦਿੰਦੇ ਹਨ ਕਿ ਫੇਰ ਛੱਡੋ ਮੇਰਾ ਖਹਿੜਾ ਪਰ ਡੈਡੀ ਅੱਗੋ ਹੱਸ ਕੇ ਕਹਿ ਦਿੰਦੇ ਹਨ ਕਿ ਲਾਂਵਾਂ ਨਾਲ ਵਿਆਹੀਆਂ ਕਦੇ ਛੱਡੀ ਦੀਆਂ ਨਹੀ ਹੁੰਦੀਆਂ ਅਤੇ ਗੱਲ ਹਾਸੇ ਵਿੱਚ ਬਦਲ ਜਾਂਦੀ ਹੈ। ਮੈਨੂੰ ਵੀ ਡੈਡੀ ਦੀ ਇਹ ਗੱਲ ਬਹੁਤ ਚੰਗੀ ਲੱਗਦੀ ਹੈ। ਜਦੋ ਮੇਰਾ ਵਿਆਹ ਤੈਅ ਹੋਇਆ ਤਾਂ ਡੈਡੀ ਨੇ ਇੱਕੋ ਗੱਲ ਕਹੀ ਸੀ ਕਿ ਰਿਸ਼ਤੇ ਜੌੜਨੇ ਸੌਖੇ ਹਨ ਪਰ ਨਿਭਾਉਣੇ ਬਹੁਤ ਔਖੇ, ਆਵਦੇ ਰਿਸ਼ਤੇ ਦਾ ਹਮੇਸ਼ਾ ਮਾਨ ਰੱਖੀ।

ਸਾਡਾ ਵਿਆਹ ਕਾਹਲੀ- ਕਾਹਲੀ ਵਿੱਚ ਹੀ ਹੋ ਗਿਆ। ਸਵਾ ਕੁ ਮਹੀਨੇ ਵਿੱਚ ਹੀ ਦੇਖ-ਦੇਖਾਈ, ਮੰਗਣੀ, ਵਿਆਹ ਸਭ ਹੋ ਗਿਆ। ਮੈਨੂੰ ਇਹ ਸੀ ਕਿ ਸਾਨੂੰ ਥੌੜਾ ਸਮਾਂ ਮਿਲੇ ਪਰ ਘਰਦਿਆਂ ਨੂੰ ਤਾਂ ਵਿਆਹ ਕਰਨ ਦੀ ਕਾਹਲੀ ਸੀ। ਵਿਆਹ ਤੋ ਪਹਿਲਾਂ ਅਸੀ ਦੋ-ਤਿੰਨ ਵਾਰ ਹੀ ਮਿਲੇ ਅਤੇ ਹਮੇਸ਼ਾ ਇਹ ਸੰਗਦੀ ਜਿਹੀ ਚੁੱਪ-ਚੁੱਪ ਹੀ ਲੱਗੀ। ਮੰਗਣੀ ਵਾਲੇ ਦਿਨ ਵੀ ਜਦੋ ਫੋਟੋਗ੍ਰਾਫਰ ਨੇ ਹੱਥ ਫੜਨ ਨੂੰ ਕਿਹਾ ਤਾਂ ਕੰਬ ਜੀ ਗਈ ਸੀ, ਮੈਂ ਸੋਚਿਆ ਸ਼ੰਗਦੀ ਹੈ। ਫਿਰ ਉਸ ਦਿਨ ਜਦੋ ਮੈਂ ਇਹਦੀ ਬੈਂਕ ਵੀ ਬਿਨ੍ਹਾਂ ਦੱਸੇ ਮਿਲਣ ਪਹੁੰਚ ਗਿਆ ਤਾਂ ਮੈਨੂੰ ਇਹ ਗੁੰਮ-ਸੁੰਮ ਜਿਹੀ ਹੀ ਲੱਗੀ। ਮੇਰੇ ਮਨ ਵਿੱਚ ਤੌਖਲਾ ਜਿਹਾ ਹੋਇਆ। ਮੈਂ ਆਵਦਾ ਸ਼ੱਕ ਦੂਰ ਕਰਨ ਲਈ, ਇਹਦੇ ਬੈਂਕ ਦੇ ਮੈਨੇਜਰ (ਮੇਰਾ ਚੰਗਾ ਮਿੱਤਰ ਅਤੇ ਵਿਚੋਲਾ) ਨਾਲ ਗੱਲ ਕੀਤੀ ਤਾਂ ਉਹ ਕਹਿੰਦਾ ਐਵੇ ਬਹੁਤਾ ਨਾ ਸੋਚ, ਘਬਰਾ ਗਈ ਹੋਉ। ਬਹੁਤ ਚੰਗੀ ਕੁੜੀ ਹੈ, ਬੱਸ ਆਵਦੇ ਕੰਮ ਨਾਲ ਹੀ ਮਤਲਬ ਰੱਖਦੀ ਹੈ, ਬੈਂਕ ਵਿੱਚ ਸਭ ਦੀ ਮੱਦਦ ਕਰਦੀ ਹੈ।
ਚੱਲੋ ਕਰਦੇ ਕਰਾਉਦੇ ਵਿਆਹ ਵੀ ਹੋ ਗਿਆ। ਵਿਆਹ ਦੀ ਪਹਿਲੀ ਰਾਤ ਵੀ ਜਦੋ ਮੈ ਇਹਦੇ ਕੋਲ ਜਾ ਕੇ ਬੈਠਾ ਤਾਂ ਇੱਕਦਮ ਡਰ ਜੀ ਗਈ ਸੀ। ਫਿਰ ਮੈਂ ਵੀ ਕਹਿ ਦਿੱਤਾ ਕਿ ਤੂੰ ਬੇਫਿਕਰ ਹੋ ਜਾ ਰਿਸ਼ਤਾ ਤੇਰੀ ਸਹਿਮਤੀ ਨਾਲ ਹੀ ਅੱਗੇ ਵਧੋ, ਸਾਰੀ ਉਮਰ ਹੁਣ ਆਂਪਾਂ ਇਕੱਠੇ ਹੀ ਰਹਿਣਾ, ਤੂੰ ਪਹਿਲਾਂ ਸਹਿਜ ਹੋ ਜਾ। ਅਤੇ ਫਿਰ ਉਹ ਚੁੱਪਚਾਪ ਬੈੱਡ ਦੇ ਇੱਕ ਕੋਨੇ ਲੱਗ ਕੇ ਪੈ ਗਈ। ਪਰ ਮੈਨੂੰ ਪਤਾ ਸਾਰੀ ਰਾਤ ਉਹਨੇ ਜਾਗਦੀ ਨੇ ਹੀ ਕੱਢ ਦਿੱਤੀ।ਇੰਜ ਉਹਦੀ ਚੁੱਪ ਨੇ ਮੈਨੂੰ ਫਿਕਰਾਂ ਵਿੱਚ ਪਾ ਦਿੱਤਾ।
ਅਗਲੇ ਦਿਨ ਜਦ ਉਹ ਮੇਰੇ ਜਾਗਣ ਤੋਂ ਪਹਿਲਾਂ ਹੀ ਉੱਠ ਕੇ ਚਲੀ ਗਈ। ਮੈਂ ਦੇਖਿਆ, ਮੰਮੀ ਡੈਡੀ ਨਾਲ ਤਾਂ ਉਹ ਬਹੁਤ ਖੁਸ਼ ਸੀ। ਪਰ ਰਾਤ ਨੂੰ ਉਹ ਫਿਰ ਮੇਰੇ ਨਾਲ ਬਿਨ੍ਹਾਂ ਕੋਈ ਗੱਲ ਕੀਤੇ ਚੁੱਪਚਾਪ ਸੌ ਗਈ। ਸਾਰੀ ਰਾਤ ਮੇਰੇ ਦਿਮਾਗ ਵਿੱਚ ਅਜੀਬ-ਅਜੀਬ ਖਿਆਲ ਆਉਦੇ ਰਹੇ। ਅਤੇ ਫਿਰ ਅਗਲੀ ਸਵੇਰ ਉਹ ਵਾਪਸ ਪੇਕੇ ਚਲੀ ਗਈ।
ਦੋ ਦਿਨ ਬਾਅਦ ਜਦੋ ਮੈਂ ਉਸਨੂੰ ਲੈਣ ਵੀ ਗਿਆ ਤਾਂ ਉਹ ਘਰਦਿਆਂ ਸਾਹਮਣੇ ਤਾਂ ਬਹੁਤ ਖੁਸ਼ ਸੀ ਪਰ ਕਾਰ ਵਿੱਚ ਬੈਠਦੇ ਹੀ ਫਿਰ ਉਹਦੇ ਚਿਹਰੇ ਤੇ ਚੁੱਪ ਪਸਰ ਗਈ ਸੀ। ਹੁਣ ਤਾਂ ਮੇਰਾ ਸਬਰ ਵੀ ਜਵਾਬ ਦੇ ਰਿਹਾ ਸੀ। ਮੇਰੇ ਵਾਰ-ਵਾਰ ਪੁੱਛਣ ਤੇ ਵੀ ਜਵਾਬ ਬੱਸ ਹੂੰ-ਹਾਂ ਹੀ ਸੀ। ਮਨ ਡਾਹਡਾ ਦੁੱਖੀ ਸੀ, ਜੀਅ ਕੀਤਾ ਇਹਨੂੰ ਵਾਪਸ ਪੇਕੇ ਹੀ ਛੱਡ ਆਂਵਾਂ ਪਰ ਫਿਰ ਡੈਡੀ ਦੀਆਂ ਗੱਲਾਂ ਯਾਦ ਆ ਗਈਆਂ।
ਅੱਜ ਤਾਂ ਮੈਂ ਪੱਕਾ ਧਾਰ ਲਿਆ ਸੀ ਕਿ ਗੱਲ ਇੱਕ ਪਾਸੇ ਲਾ ਹੀ ਦੇਣੀ ਹੈ।ਬਹੁਤ ਦੁੱਖੀ ਸੀ ਮੈਂ, ਚਾਂਵਾਂ ਨਾਲ ਕਰਾਇਆ ਵਿਆਹ ਗਲੇ ਦਾ ਫੰਦਾ ਬਣ ਗਿਆ ਸੀ। ਰਾਤ ਨੂੰ ਉਹ ਚੁੱਪਚਾਪ ਕਮਰੇ ਵਿੱਚ ਆ ਕੇ ਪੈ ਗਈ। ਮੈਨੂੰ ਇੰਨਾਂ ਗੁੱਸਾ ਆਇਆ ਕੇ ਮੈਂ ਕੰਬਲ ਵਗ੍ਹਾ ਕੇ ਮਾਰਿਆ ਤੇ ਪੁੱਛਿਆਂ ਜੇ ਕੋਈ ਹੋਰ ਹੈ ਤੇਰੇ ਦਿਲ ਵਿੱਚ ਤਾਂ ਮੇਰੇ ਨਾਲ ਵਿਆਹ ਹੀ ਕਿਉ ਕਰਾਇਆ? ਬਹੁਤ ਡਰ ਗਈ, ਮੈਨੂੰ ਗੁੱਸੇ ਵਿੱਚ ਦੇਖ ਕੇ। ਮੈਂ ਹੋਰ ਵੀ ਗੁੱਸੇ ਵਿੱਚ ਕਿਹਾ ਕਿ ਕੱਲ੍ਹ ਤੇਰੇ ਘਰਦਿਆਂ ਨੂੰ ਸੱਦਦਾਂ, ਦੱਸਦਾਂ ਉਹਨਾਂ ਨੂੰ ਕਿ ਤੂੰ ਤਾਂ ਮੈਨੂੰ ਬੁਲਾ ਕੇ ਵੀ ਰਾਜੀ ਨਹੀ।
ਘਰਦਿਆਂ ਦਾ ਨਾਮ ਸੁਣ ਕੇ ਉਹ ਮੇਰੇ ਅੱਗੇ ਹੱਥ ਜੌੜ ਕੇ ਬੈਠ ਗਈ। ਕਹਿੰਦੀ ਜੋ ਤੁਸੀ ਸੋਚ ਰਹੇ ਹੋ, ਇਹੋ ਜਿਹਾ ਕੁੱਝ ਨਹੀ ਹੈ। ਤੁਹਾਡੇ ਨਾਲ ਤਾਂ ਮੈਂ ਖੁਸ਼ ਹਾਂ ਪਰ ਮੇਰਾ ਅਤੀਤ ਮੇਰਾ ਪਿੱਛਾ ਨਹੀ ਛੱਡ ਰਿਹਾ। ਇੰਨਾ ਸੁਣਦੇ ਹੀ ਮੇਰੇ ਦਿਲ ਦੀ ਧੜਕਣ ਵੱਧ ਗਈ। ਉਹ ਅੱਗੇ ਦੱਸਣ ਲੱਗੀ ਕਿ ਗੱਲ ਬਹੁਤ ਪੁਰਾਣੀ ਹੈ, ਮੈਂ ਛੇਵੀ ਕਲਾਸ ਵਿੱਚ ਪੜ੍ਹਦੀ ਸੀ। ਗਰਮੀ ਦੀਆਂ ਛੁੱਟੀਆਂ ਸਨ। ਮੈਂ ਤੇ ਮੇਰਾ ਭਰਾ ਸਾਡੇ ਸਾਇੰਸ਼ ਵਾਲੇ ਸਰ ਕੋਲ ਟਿਊਸ਼ਨ ਜਾਂਦੇ ਸੀ। ਹੋਰ ਵੀ ਬੱਚੇ ਸਨ ਉੱਥੇ। ਸਰ ਦੇ ਬੱਚੇ ਅਤੇ ਪਤਨੀ ਕਿਤੇ ਬਾਹਰ ਗਏ ਹੋਏ ਸਨ। ਉਸ ਦਿਨ ਸਰ ਨੇ ਸਾਰੇ ਬੱਚਿਆ ਨੂੰ ਭੇਜ ਦਿੱਤਾ, ਮੇਰੇ ਭਰਾ ਨੂੰ ਵੀ ਪਰ ਮੈਨੂੰ ਰੋਕ ਲਿਆ। ਕਹਿੰਦੇ ਕਿ ਮੈਥ ਦਾ ਨਵਾਂ ਚੈਪਟਰ ਕਰਾਉਣਾ। ਫਿਰ ਉਹ ਮੈਨੂੰ ਚਾਹ ਦੇ ਬਹਾਨੇ ਅੰਦਰ ਲੈ ਗਏ ਅਤੇ ਫਿਰ ਮੇਰੇ ਨਾਲ ਗਲਤ ਹਰਕਤਾਂ ਕਰਨੀਆਂ ਸੁਰੂ ਕਰ ਦਿੱਤੀਆ। ਮੈਂ ਬਹੁਤ ਡਰ ਗਈ ਸੀ ਪਰ ਉਦੋ ਤੱਕ ਮੇਰਾ ਭਰਾ ਵਾਪਿਸ ਮੁੜ ਆਇਆ, ਸ਼ਾਇਦ ਉਹਨੂੰ ਬਾਪੂ ਦੀ ਗੱਲ ਯਾਦ ਆ ਗਈ ਸੀ ਕਿ ਤੁਸੀ ਦੋਵਾਂ ਨੇ ਇਕੱਠੇ ਹੀ ਜਾਣਾ ਤੇ ਇੱਕਠੇ ਹੀ ਵਾਪਿਸ ਆਉਣਾ।ਜਦੋ ਉਹਨੇ ਬਾਹਰ ਆ ਕੇ ਆਵਾਜ ਦਿੱਤੀ ਤਾਂ ਮੈਂ ਭੱਜ ਕੇ ਬਾਹਰ ਆ ਗਈ ਪਰ ਨਾਂ ਤਾਂ ਮੈਂ ਉਹਨੂੰ ਦੱਸਿਆ ਤੇ ਨਾ ਹੀ ਘਰ ਆ ਕੇ ਕਿਸੇ ਨੂੰ।
ਡਰ ਕਾਰਨ ਮੈਂ ਬੁਖਾਰ ਹੋ ਗਿਆ। ਫੇਰ ਮੰਮੀ ਦੇ ਵਾਰ-ਵਾਰ ਪੁੱਛਣ ਤੇ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ, ਮੰਮੀ ਵੀ ਬਹੁਤ ਰੋਏ ਪਰ ਉਹਨਾਂ ਨੇ ਕਿਸੇ ਹੋਰ ਨੂੰ ਦੱਸਣ ਨੂੰ ਮਨ੍ਹਾਂ ਕਰ ਦਿੱਤਾ। ਸ਼ਾਇਦ ਉਹ ਬਾਪੂ ਜੀ ਅਤੇ ਡੈਡੀ ਦੇ ਸੁਭਾਅ ਤੋ ਡਰਦੇ ਸਨ। ਵੈਸੇ ਉਸ ਸਰ ਨੂੰ ਮੈਂ ਫਿਰ ਕਦੇ ਨਹੀ ਦੇਖਿਆ, ਉਹ ਕਿਸੇ ਹੋਰ ਸ਼ਹਿਰ ਚਲਾ ਗਿਆ ਸੀ। ਪਰ ਉਹ ਡਰ ਕਦੇ ਵੀ ਮੇਰੇ ਦਿਮਾਗ ਵਿੱਚੋ ਨਹੀ ਨਿਕਲਿਆ। ਮੈਂ ਕਦੇ ਕਿਸੇ ਮਰਦ ਨਾਲ ਇਕੱਲੇ ਰਿਹ ਕੇ ਨਹੀ ਦੇਖਿਆ, ਵਿਸ਼ਵਾਸ ਕਰਨਾ ਬਹੁਤ ਔਖਾ ਲੱਗਦਾ।
ਉਹਨੂੰ ਇੰਜ ਰੋਦੀ ਸਿਸਕਦੀ ਨੂੰ ਦੇਖ ਕੇ ਮੇਰਾ ਗੁੱਸਾ ਤਾਂ ਕਿੱਧਰੇ ਉੱਡ ਗਿਆ ਸੀ। ਮੈਨੂੰ ਤਾਂ ਉਹ ਨਿੱਕੀ ਜਿਹੀ ਡਰੀ ਸਹਿਮੀ ਹੀ ਦਿੱਖੀ। ਮੈਨੂੰ ਉਸ ਉੱਪਰ ਬਹੁਤ ਤਰਸ ਆਇਆ। ਮੈ ਉਹਦੇ ਹੰਝੂ ਪੂੰਝ ਕੇ ਗਲ ਲਾ ਲਿਆ। ਪਲੀਜ ਮੈਨੂੰ ਛੱਡਿਉ ਨਾ, ਮੇਰੇ ਮਾਂ-ਪਿਉ ਜਿਊਦੇ ਜੀਅ ਮਰ ਜਾਣਗੇ। ਉਹ ਰੋਦੀ-ਰੋਦੀ ਬੋਲੀ। ਤੇ ਮੇਰੇ ਮੂੰਹੋ ਵਿਚੋ ਸਹਿਜ ਭਾਅ ਹੀ ਨਿਕਲ ਗਿਆ ਕਿ, ਕਮਲੀਏ ਲਾਂਵਾਂ ਨਾਲ ਵਿਆਹੀ ਕਦੇ ਛੱਡੀ ਦੀ ਨਹੀ ਹੁੰਦੀ।
ਤੇ ਉਹ ਪਤਾ ਨਹੀ ਕਦੋ ਮੇਰੇ ਬਾਂਹ ਤੇ ਸਿਰ ਧਰੀ ਹੀ ਰੋਦੀ ਰੋਦੀ ਸੌ ਗਈ ਸੀ।

ਹਰਪ੍ਰੀਤ ਬਰਾੜ੍ਹ

You may also like