ਮੌਤ

by Manpreet Singh

ਸਿਕੰਦਰ ਆਪਣੀ ਮਾਂ ਦਾ ਸਤਿਕਾਰ ਕਰਦਾ ਸੀ। ਉਹ ਆਪਣੀਆਂ ਮੁਹਿੰਮਾਂ ਬਾਰੇ ਮਾਂ ਨੂੰ ਲਿਖਦਾ ਰਹਿੰਦਾ ਅਤੇ ਮਾਂ ਦੇ ਖ਼ਤ ਪ੍ਰਾਪਤ ਕਰਦਾ ਰਹਿੰਦਾ ਸੀ। ਏਸ਼ੀਆ ਦੀ ਮੁਹਿੰਮ ਫ਼ਤਹਿ ਕਰ ਕੇ ਉਹ ਮਾਂ ਨੂੰ ਮਿਲਣਾ ਚਾਹੁੰਦਾ ਸੀ ਪਰ ਉਸ ਦੀ ਇਹ ਖ਼ਾਹਿਸ਼ ਪੂਰੀ ਨਾ ਹੋਈ। ਸਭ ਤੋਂ ਵੱਧ ਅਧੂਰੀਆਂ ਖ਼ਾਹਿਸ਼ਾਂ ਬਾਦਸ਼ਾਹਾਂ ਦੀਆਂ ਹੁੰਦੀਆਂ ਹਨ। ਖ਼ਾਹਿਸਾਂ ਬਾਦਸ਼ਾਹਾਂ ਨੂੰ ਖ਼ੂਬ ਭਟਕਾਉਂਦੀਆਂ ਹਨ। ਸਿਕੰਦਰ ਵੀ ਭਟਕਿਆ। ਸਿਕੰਦਰ ਪੂਰੇ ਹੋਸ਼-ਹਵਾਸ ਵਿੱਚ ਮਰਿਆ। 32 ਸਾਲ ਦੀ ਉਮਰ ਵਿੱਚ ਸਿਕੰਦਰ ਮਰ ਵੀ ਗਿਆ ਸੀ। ਜਦੋਂ ਉਸ ਨੂੰ ਪਤਾ ਲੱਗ ਗਿਆ ਕਿ ਉਸ ਦੇ ਬਚਣ ਦੀ ਕੋਈ ਸੰਭਾਵਨਾ ਨਹੀਂ ਤਾਂ ਉਸ ਨੇ ਲਿਖ ਕੇ ਕਿਹਾ ਕਿ ਉਸ ਦੇ ਮਰਨ ’ਤੇ ਤਿੰਨ ਕੰਮ ਕੀਤੇ ਜਾਣ। ਪਹਿਲਾ: ਮੇਰੀ ਅਰਥੀ ਮੇਰੇ ਹਕੀਮ ਚੁੱਕ ਕੇ ਲੈ ਕੇ ਜਾਣਗੇ ਤਾਂ ਕਿ ਸੰਸਾਰ ਜਾਣ ਜਾਵੇ ਕਿ ਮੌਤ ਤੋਂ ਕੋਈ ਨਹੀਂ ਬਚਿਆ, ਕੋਈ ਨਹੀਂ ਬਚਾ ਸਕਦਾ। ਦੂਜਾ: ਕਬਰਸਤਾਨ ਤਕ ਦੇ ਰਸਤੇ ਉੱਤੇ ਮੇਰੇ ਖ਼ਜ਼ਾਨੇ ਵਿੱਚ ਪਏ ਹੀਰੇ-ਮੋਤੀ ਖਿਲਾਰੇ ਜਾਣਗੇ ਤਾਂ ਕਿ ਹਰ ਕੋਈ ਜਾਣ ਜਾਵੇ ਕਿ ਸਭ ਖ਼ਜ਼ਾਨੇ ਇੱਥੇ ਹੀ ਰਹਿ ਜਾਣਗੇ। ਤੀਜਾ: ਮੇਰੀ ਅਰਥੀ ਵਿੱਚੋਂ ਮੇਰੇ ਹੱਥ ਬਾਹਰ ਕੱਢ ਕੇ ਰੱਖੇ ਜਾਣਗੇ ਤਾਂ ਕਿ ਸੰਸਾਰ ਨੂੰ ਦੱਸ ਸਕਾਂ ਕਿ ਜਿਸ ਨੇ ਦੁਨੀਆਂ ਜਿੱਤ ਲਈ ਸੀ, ਦੁਨੀਆਂ ਤੋਂ ਜਾਣ ਵੇਲੇ ਉਸ ਦੇ ਦੋਵੇਂ ਹੱਥ ਖਾਲੀ ਸਨ।
ਸਿਕੰਦਰ ਨੂੰ ਭਾਰਤ ਦੀ ਰੂਹਾਨੀਅਤ ਨੇ ਵੰਗਾਰਿਆ ਸੀ। ਇੱਕ ਨਾਂਗੇ ਫ਼ਕੀਰ ਨੇ ਸਿਕੰਦਰ ਨੂੰ ਕਿਹਾ ਸੀ: ਤੂੰ ਸਾਡੇ ਵਾਂਗ ਹੀ ਇੱਕ ਸਾਧਾਰਨ ਵਿਅਕਤੀ ਹੈਂ ਪਰ ਅੰਤਰ ਇਹ ਹੈ ਕਿ ਤੂੰ ਘਰ-ਬਾਰ ਤਿਆਗ ਕੇ ਦੂਰ-ਦੁਰਾਡੀਆਂ ਧਰਤੀਆਂ ’ਤੇ ਆਪ ਦੁਖੀ ਹੋਣ ਅਤੇ ਹੋਰਾਂ ਨੂੰ ਦੁਖੀ ਕਰਨ ਆਇਆ ਹੈਂ। ਆਪਣੇ ਜੀਵਨ ਦੇ ਅੰਤਲੇ ਦਿਨਾਂ ਵਿੱਚ ਸਿਕੰਦਰ ਵੀ ਦਾਰਸ਼ਨਿਕ ਹੋ ਗਿਆ ਸੀ।

You may also like