ਮੁਹੱਬਤ ਇੱਕ ਕਾਤਲ ਵੀ‌ ਹੁੰਦੀ ਹੈ

by admin

ਸੁਖ ਤੇਰਾ ਹਰ ਦਿਨ ਦਾ ਇਹੀ ਸਵਾਲ ਹੁੰਦਾ ਹੈ ਕਿ ਮੈਂ ਉਦਾਸ ਕਿਉਂ ਰਹਿੰਦੀ ਹਾਂ, ਕਿਉਂ ਇਹ ਭੋਲ਼ਾ ਜਿਹਾ ਚਿਹਰਾ ਕਿਸੇ ਵੀ ਪਲ਼ ਖਿੜਦਾ ਨਹੀਂ, ਤੈਨੂੰ ਪਤਾ ਜੋ ਮੈਂ ਤੇਰੇ ਅੱਗੇ ਰੱਖ ਰਹੀ ਹਾਂ ਇਹਨੂੰ ਸੁਣਦਿਆਂ ਹੋ ਸਕਦਾ ਤੇਰੇ ਅੰਦਰ ਮੇਰੇ ਲਈ ਨਫ਼ਰਤ ਭਰ ਜਾਵੇ,ਪਰ ਪਤਾ ਨਹੀਂ ਕਿਉਂ ਤੇਰੇ ਨਾਲ ਇਹ ਫੋਲਣ ਨੂੰ ਦਿਲ ਕਰ‌ ਰਿਹਾ ਜੀਅ ਕਰਦਾ ਇਹ ਸਭ ਤੈਨੂੰ ਤੇਰੇ ਸਾਹਮਣੇ ਬਹਿ ਕੇ ਦੱਸਾਂ ਤੇ ਤੂੰ ਮੈਨੂੰ, ਜਿਦਾਂ ਬਾਕੀ ਸਭ ਨੂੰ ਸੰਭਾਲਦਾ ਹੈਂ, ਓਦਾਂ ਹੀ ਮੇਰਾ ਸਿਰ ਫੜ ਆਪਣੀ ਹਿੱਕ ਨਾਲ ਲਾ ਲਵੇ ਤੇ ਕਿਹਵੇਂ  ਬੱਚੇ ਪਹਿਲਾਂ ਚੁੱਪ ਕਰੋ।

ਮੇਰੇ ਪਰਿਵਾਰ ਵਿਚ ਕੌਣ ਕੌਣ‌ ਹੈ ਇਹ ਤੈਨੂੰ ਪਤਾ ਹੈ। ਪਰ ਕੌਣ ਕੌਣ ਸੀ ਇਹ ਤੈਨੂੰ ਨਹੀਂ ਪਤਾ ਸਾਲ ਪਹਿਲਾਂ ਦੀ‌ ਗੱਲ ਹੈ,ਜਦ ਸਭ ਕੁਝ ਠੀਕ ਠਾਕ ਸੀ, ਤੈਨੂੰ ਪਤਾ ਹੈ ਮਾਪਿਆਂ ਦੀ ਇਕਲੌਤੀ ਧੀ ਸੀ,ਇਹ ਮੇਰੀ ਦੂਸਰੀ ਮਾਂ ਹੈ। ਮੈਂ ਆਪਣੀਂ ਨੂੰ ਖਾ ਗਈ, ਹਾਂ ਖਾ ਗਈ,ਉਹ ਕਿਦਾਂ ਇਹ ਕਿਸੇ ਨੂੰ ਨਹੀਂ ਪਤਾ, ਮੈਂ ਗਿਆਰਵੀਂ ਜਮਾਤ ਵਿਚ ਸਾਂ ਮੇਰੇ ਨਾਲ਼ ਦੇ ਪਿੰਡ ਦਾ ਮੁੰਡਾ ਮੇਰੇ ਨਾਲ਼ ਪੜਦਾ ਸੀ ਜਿਸ ਨਾਲ਼ ਮੈਨੂੰ ਪਿਆਰ ਹੋ ਗਿਆ, ਅਸੀਂ ਹਰਰੋਜ਼ ਸਕੂਲ ਵਿੱਚ ਮਿਲਦੇ, ਐਦਾਂ ਹੀ‌ ਕਰਦੇ ਕਰਾਉਂਦੇ ਦੋ ਸਾਲ ਬੀਤ ਗਏ, ਬਾਰਵੀਂ ਜਮਾਤ ਤੋਂ ਬਾਅਦ ਮੈਂ ਅੱਗੇ ਪੜ੍ਹਨਾ ਚਾਹੁੰਦੀ ਸੀ, ਮੇਰੇ ਦਿਲ ਵਿਚ ਸੀ ਉਹ ਤੇ ਮੈਂ ਅਸੀਂ ਦੋਵੇਂ ਇੱਕਠੇ ਕਾਲਜ ਜਾਇਆ ਕਰਾਂਗੇ, ਓਥੇ ਬਹਿ ਗੱਲਾਂ ਕਰਿਆ ਕਰਾਂਗੇ,ਚਾਹ ਪੀਆ ਕਰਾਂਗੇ, ਐਨੇ ਬਹਾਨੇ ਨਾਲ ਅਸੀਂ ਮਿਲ਼ਦੇ ਰਹਾਂਗਾ,ਪਰ ਮੇਰੀ ਮਾਂ ਦਾ ਦਿਲ ਬੜਾ ਨਾਜ਼ੁਕ ਸੀ ਇੱਕ ਤੇ ਉਹ ਉਂਝ ਹੀ ਬਿਮਾਰ ਰਹਿੰਦੀ ਸੀ ਸਾਹ ਦੀ ਦਿੱਕਤ ਸੀ।

ਮੇਰੀ ਮਾਂ ਨੇ ਮੈਨੂੰ ਕਿਹਾ ਨਹੀਂ ਪੁੱਤ ਬਸ ਹੋਰ ਨੀ ਅੱਗੇ ਪੜ੍ਹਨਾ, ਤੂੰ ਘਰ ਰਹਿ ਮੇਰੇ ਨਾਲ਼ ਕੰਮ ਕਰਵਾ ਦਿਆ ਕਰ,ਪਰ ਜਦ ਮੈਂ ਜ਼ਿਦ ਨਾ ਛੱਡੀ ਤਾਂ ਮਾਂ ਨੇ ਮੈਨੂੰ ਨਾਨਕੇ ਭੇਜ ਦਿੱਤਾ ਅੰਮ੍ਰਿਤਸਰ, ਉਹ ਵੀ ਓਥੇ ਹੀ ਚਲਾ ਗਿਆ, ਅਸੀਂ ਦੋਵੇਂ ਓਥੇ ਬੀ ਏ ਕਰ ਰਹੇ ਸੀ ਕਿ ਲਾੱਕਡਾਊਨ ਲੱਗ ਗਿਆ, ਮੈਨੂੰ ਪਿੰਡ ਆਉਣਾ ਪਿਆ, ਦਿਨਾਂ ਦਾ ਲਾਕਡਾਊਨ ਮਹੀਨਿਆਂ ਵਿਚ ਬਦਲ ਗਿਆ‌ ਤੇ ਕਾਲਜ ਤਾਂ ਖੁੱਲਣ ਦਾ ਨਾਮ ਹੀ ਨਹੀਂ ਲੈ ਰਹੇ, ਅਸੀਂ ਇੱਕ ਦੂਜੇ ਨੂੰ ਮਿਲ਼ੇ ਬਿਨਾਂ ਨਹੀਂ ਰਹਿ ਸਕਦੇ ਸੀ, ਫ਼ੇਰ ਅਸੀਂ ਰਾਤ ਨੂੰ ਮਿਲ਼ਣ ਲੱਗੇ,ਘਰ ਦੁੱਧ ਵਿੱਚ ਮੈਂ ਨੀਂਦ ਦੀਆਂ ਗੋਲੀਆਂ ਮਿਲ਼ਾ ਦੇਂਦੀ ਤੇ ਉਹ ਸਾਡੇ ਘਰ ਆ ਜਾਂਦਾ ਅਸੀਂ ਸਾਰੀ ਰਾਤ ਇੱਕਠਿਆਂ ਕੱਢਦੇ, ਮਾਂ ਨੂੰ ਨੀਂਦ ਦੀ ਗੋਲੀ ਤੋਂ ਇਨਫੈਕਸ਼ਨ ਸੀ ਜਿਸ ਬਾਰੇ ਮੈਨੂੰ ਨਹੀਂ ਸੀ ਪਤਾ, ਇੱਕ ਦਿਨ ਮੇਰੇ ਤੋਂ ਦੋ ਗੋਲੀਆਂ ਜ਼ਿਆਦਾ ਪੈ ਗਈਆਂ ਭੁਲੇਖੇ ਨਾਲ਼, ਮੈਂ ਭੁੱਲ ਗਈ ਸੀ, ਅਸੀਂ ਦੋਵੇਂ ਮਿਲ਼ੇ, ਸਵੇਰ ਹੋਈ,ਬਾਪੂ ਉੱਠਿਆ ਬੱਲਬ ਜਗਾ‌ ਦਿੱਤਾ, ਵੇਖਿਆ ਅੱਜ ਮਾਂ ਨਹੀਂ ਦਿਸ ਰਹੀ ਸੀ,ਉਹ ਹਲੇ ਤੱਕ ਸੌਂ ਰਹੀ ਸੀ, ਮਾਂ ਨੂੰ ਪਾਠੀ ਬੋਲਦੇ ਸਾਰ ਅੱਚਵੀ ਲੱਗ ਜਾਂਦੀ ਸੀ।

ਮਾਂ ਉਸ ਰਾਤ ਦੀ ਸੁੱਤੀ ਅੱਜ ਤੱਕ ਨਹੀਂ ਉੱਠੀ, ਕਿਸੇ ਨੂੰ ਕੁਝ ਨਹੀਂ ਪਤਾ ਲੱਗਾ, ਡਾਕਟਰਾਂ ਨੇ ਕਰੋਨਾ ਕਹਿ ,ਸਭ ਨੂੰ ਸਾਡੇ ਘਰ ਆਉਣ ਜਾਣ ਤੋਂ ਰੋਕ ਲਿਆ, ਸਾਡਾ ਵੀ ਟੈਸਟ ਕਰਿਆ ਗਿਆ,ਰੀਪੋਟਾਂ ਵਿਚ ਕੁਝ ਨਹੀਂ ਆਇਆ,ਆਵੇ ਤਾਂ ਜੇ ਕੁਝ ਹੋਇਆ ਹੋਵੇ,ਪਰ ਮੈਂ ਮਾਂ ਦੀ ਜਾਨ ਲੈ ਲਈ, ਆਪਣੀ ਹੀ ਮਾਂ ਨੂੰ ਮਾਰ ਦਿੱਤਾ. ਮੈਂ ਆਪਣੇ ਆਪ ਨੂੰ ਮਾਰ ਮੁਕਾਉਣਾ ਚਾਹੁੰਦੀ ਸੀ। ਮੈਂ ਪੂਰੀ ਤਰ੍ਹਾਂ ਪਾਗਲਾਂ ਵਾਂਗ ਹੋ ਗਈ ਸਾਂ,ਪਰ ਤੇਰੀਆਂ ਲਿਖਤਾਂ ਨੇ ਬਚਾ ਲਿਆ, ਤੁਹਾਡੀ ਹਰ ਗੱਲ ਨੇ ਮੈਨੂੰ ਮੁੜ ਤੋਂ ਜਿਉਂਣ ਲਈ ਖੜ੍ਹਾ ਕੀਤਾ ਇਹ ਮੁਹੱਬਤ ਵਾਲੀਆਂ ਕਹਾਣੀਆਂ ਗੱਲਾਂ ਹੁਣ ਮੈਨੂੰ ਭੂਤਾਂ ਭਰੇਤਾਂ ਵਾਂਗ ਡਰਾਉਣੀਆਂ ਲੱਗਦੀਆਂ ਨੇ,ਇਹੀ ਵਜਾਹ ਹੈ ਮੇਰੇ ਹਰ ਵਕ਼ਤ ਚੁੱਪ ਰਹਿਣ ਦੀ, ਉਦਾਸ ਰਹਿਣ ਸੀ। ਵੱਲੋਂ : ਸੁਖਦੀਪ ਸਿੰਘ ਰਾਏਪੁਰ

Unknown

You may also like