ਬੱਕਰੀ ਨੰਬਰ -3

by Sandeep Kaur

ਦੱਸਦੇ ਇੱਕ ਵਾਰ ਤਿੰਨ ਮਹਾ-ਨਲਾਇਕ ਦੋਸਤਾਂ ਨੇ ਆਉਂਦੇ ਸੋਮਵਾਰ ਹੋਣ ਵਾਲੀ ਪ੍ਰੀਖਿਆ ਤੋਂ ਬਚਣ ਲਈ ਇੱਕ ਸਕੀਮ ਬਣਾ ਲਈ!

ਸੋਮਵਾਰ ਸੁਵਖਤੇ ਮੂੰਹ ਹਨੇਰੇ ਸਭ ਤੋਂ ਪਹਿਲਾਂ ਸਕੂਲ ਅੱਪੜ ਗਏ ਤੇ ਬਾਹਰ ਚਰਦੀਆਂ ਤਿੰਨ ਬੱਕਰੀਆਂ ਘੇਰ ਕੇ ਸਕੂਲ ਦੇ ਅਹਾਤੇ ਵਿਚ ਲੈ ਆਏ!

ਪਹਿਲੀ ਬੱਕਰੀ ਤੇ ਸਿਆਹੀ ਨਾਲ ਨੰਬਰ (1) ਲਿਖ ਦਿੱਤਾ..ਦੂਜੀ ਤੇ ਨੰਬਰ (2) ਤੇ ਤੀਜੀ ਤੇ ਨੰਬਰ (3) ਲਿਖਣ ਦੀ ਜਗਾ ਜਾਣ ਬੁਝ ਕੇ ਹੀ ਨੰਬਰ (4) ਲਿਖ ਦਿੱਤਾ!

ਫਿਰ ਤਿੰਨੋਂ ਬੱਕਰੀਆਂ ਸਕੂਲ ਦੀ ਅਹਾਤੇ ਵਿਚ ਚਰਦੀਆਂ ਹੋਈਆਂ ਛੱਡ ਬਾਹਰੋਂ ਗੇਟ ਨੂੰ ਕੁੰਡਾ ਲਾ ਕੇ ਆਪ ਦੌੜ ਗਏ!

ਸਕੀਮ ਇਹ ਸੀ ਕੇ ਜਦੋਂ ਸੁਵੇਰੇ ਸਕੂਲ ਖੁਲੂਗਾ ਤਾਂ ਵਹਿਮੀਂ ਪ੍ਰਿੰਸੀਪਲ ਨੇ ਓਨੀ ਦੇਰ ਪੇਪਰ ਸ਼ੁਰੂ ਹੀ ਨਹੀਂ ਹੋਣ ਦੇਣੇ ਜਿੰਨੀ ਦੇਰ ਤੱਕ ਬੱਕਰੀ ਨੰਬਰ 3 ਲੱਭਦੀ ਨਹੀਂ!

ਅਸਲ ਵਿਚ ਓਹੀ ਗੱਲ ਹੋਈ..

ਸਕੂਲ ਲੱਗਾ ਤੇ ਫੇਰ ਸਾਰਾ ਸਟਾਫ ਅਤੇ ਵਿਦਿਆਰਥੀ ਸੁਵੇਰ ਤੋਂ ਲੈ ਕੇ ਸ਼ਾਮ ਤੱਕ ਬੱਕਰੀ ਨੰਬਰ 3 ਨੂੰ ਲੱਭਦੇ ਰਹੇ!

ਪੂਰੀ ਦਿਹਾੜੀ ਬੱਸ ਇਸੇ ਕੰਮ ਵਿਚ ਲੰਘ ਗਈ..ਨਾ ਪ੍ਰੀਖਿਆ ਹੋਈ ਤੇ ਨਾ ਪੜਾਈ!

ਫੇਰ ਅਗਲਾ ਦਿਨ ਵੀ ਇੰਝ ਹੀ ਨਿੱਕਲ ਗਿਆ..ਕਿੰਨੀਆਂ ਦਿਹਾੜੀਆਂ ਭੰਨਣ ਮਗਰੋਂ ਵੀ ਅਖੀਰ ਨੂੰ ਨਾ ਮਾਇਆ ਮਿਲੀ ਨਾ ਰਾਮ..ਉੱਤੋਂ ਪ੍ਰਿੰਸੀਪਲ ਸਾਬ ਨੂੰ ਸੁਫਨਿਆਂ ਵਿਚ ਵੀ ਬੱਕਰੀ ਨੰਬਰ ਤਿੰਨ ਹੀ ਦਿਸਿਆ ਕਰਦੀ..!

ਆਓ ਇਸ ਵਿਅੰਗ ਨੂੰ ਅਜੋਕੇ ਮਾਹੌਲ ਦੇ ਸੰਧਰਬ ਵਿਚ ਵੇਖੀਏ..

ਅੱਜ ਵੀ ਬਹੁਤੇ ਕਿਸੇ ਐਸੇ ਰੋਜਗਾਰ ਦੀ ਤਲਾਸ਼ ਵਿਚ ਪੂਰੀ ਜਿੰਦਗੀ ਕੱਢ ਦਿੰਦੇ ਨੇ ਜਿਥੇ ਕੰਮ ਘੱਟ ਤੇ ਪੈਸੇ ਮੀਂਹ ਵਾੰਗ ਡਿੱਗਦੇ ਹੋਣ!

ਕਈਆਂ ਨੂੰ ਬਿਨਾ ਕੁਝ ਕੀਤਿਆਂ ਕਰੋੜਾਂ ਦੀ ਲਾਟਰੀ ਦੀ ਉਡੀਕ ਰਹਿੰਦੀ ਹੈ!

ਕਈ ਕਾਰੋਬਾਰ ਵਿਚ ਛੱਪਰ-ਪਾੜ ਮੁਨਾਫ਼ੇ ਉਡੀਕਦੇ ਅੰਤ ਕਬਰਿਸਤਾਨ ਦਾ ਸ਼ਿੰਗਾਰ ਬਣ ਜਾਂਦੇ!

ਕਈ ਐਸੇ ਜੀਵਨ ਸਾਥੀ ਦੀ ਤਲਾਸ਼ ਵਿਚ ਧੌਲਿਓਂ-ਧੌਲੀ ਹੋ ਜਾਂਦੇ ਜਿਹੜਾ ਪੈਸੇ ਅਤੇ ਸਕਲ ਪੱਖੋਂ ਬੱਸ ਸੋਲਾਂ ਕਲਾ ਸੰਪੂਰਨ ਹੋਵੇ!

ਕਈ ਸਾਰੀ ਉਮਰ ਸੋਹਣੇ ਦਿਖਣ-ਦਿਖਾਉਣ ਤੇ ਫੋਕਾ ਟੌਹਰ-ਟੱਪਾ ਬਣਾਉਣ ਦੇ ਚੱਕਰ ਵਿਚ ਅਖੀਰ ਨੰਗ ਹੋ ਜਾਂਦੇ!

ਆਓ ਅੰਤਰ ਝਾਤ ਮਾਰੀਏ..

ਕਿਧਰੇ ਸਾਡੀ ਸੰਖੇਪ ਜਿਹੀ ਜਿੰਦਗੀ ਦੇ ਕਿੰਨੇ ਸਾਰੇ ਸੁਨਹਿਰੀ ਕੀਮਤੀ ਪਲ ਵੀ ਉਸ ਬੱਕਰੀ ਨੰਬਰ (3) ਦੀ ਤਲਾਸ਼ ਵਿਚ ਹਰ ਪਲ ਗੁਆਚਦੇ ਤੇ ਨਹੀਂ ਜਾ ਰਹੇ ਜਿਹੜੀ ਅਸਲ ਵਿਚ ਕਿਧਰੇ ਹੈ ਹੀ ਨਹੀਂ..ਬੱਸ ਕਿਸੇ ਸ਼ਰਾਰਤੀ ਨੇ ਸਾਨੂੰ ਸਾਡੀ ਮੰਜਿਲ-ਏ-ਮਕਸੂਸ ਤੋਂ ਭਟਕਾਉਣ ਲਈ ਉਸਦਾ ਖਿਆਲੀ ਜਿਹਾ ਵਜੂਦ ਸਾਡੇ ਦਿਮਾਗਾਂ ਵਿਚ ਜਬਰਦਸਤੀ ਘੁਸੇੜ ਦਿੱਤਾ ਹੋਵੇ!

ਹਰਪ੍ਰੀਤ ਸਿੰਘ ਜਵੰਦਾ

You may also like