ਦਿਹਾੜੀ

by Sandeep Kaur

ਕਰਮੁ ਦੂਰ ਦੁਰਾਡੇ ਪਿੰਡ ਦਾ ਅੱਤ ਗਰੀਬ ਦਿਹਾੜੀਦਾਰ ਮਜ਼ਦੂਰ ਸੀ। ਜਿੰਦਗੀ ਦੀ ਹਰ ਲੋੜ ਸਮੇਂ ਉਸ ਦਾ ਹੱਥ ਤੰਗ ਹੀ ਰਹਿੰਦਾ ਸੀ। ਉਹ ਚੋਣਾ ਨੂੰ ਰੱਬੀ ਵਰਦਾਨ ਸਮਝਦਾ ਸੀ ਕਿਉਂਕਿ ਹਰ ਚੋਣ ਵਿੱਚ ਉਸ ਨੂੰ ਵੋਟ ਦਾ ਕੁਝ ਨਾ ਕੁਝ ਜ਼ਰੂਰ ਮਿਲ ਜਾਂਦਾ ਸੀ। ਉਹ ਮਿਲੀ ਰਕਮ ਨਾਲ ਆਪਣੀ ਕਿਸੇ ਅੱਤ ਜ਼ਰੂਰੀ ਗਰਜ ਨੂੰ ਪੂਰਾ ਕਰ ਲੈਂਦਾ ਸੀ।
ਵੱਡੀਆਂ ਚੋਣਾਂ ਵਿੱਚ ਉਨ੍ਹਾਂ ਦੇ ਮੁਹੱਲੇ ਦੀਆਂ ਵੋਟਾਂ ਦੀ ਗਿਣਤੀ ਕਰਕੇ ਰਕਮ ਪਹਿਲਾਂ ਹੀ ਪਹੁੰਚਾ ਦਿੱਤੀ ਜਾਂਦੀ ਸੀ ਤਾਂ ਜੋ ਵੋਟਾਂ ਪਾਉਣ ਵਾਲੇ ਦਿਨ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ। ਪੰਚਾਇਤਾਂ ਦੀਆਂ ਚੋਣਾਂ ਵਿੱਚ ਵੋਟ ਵਾਪਸ ਲਿਆ ਕੇ ਦਿੱਤੀ ਜਾਂਦੀ ਸੀ। ਇੱਕ ਹੱਥ ਵਿਚੋਂ ਵੋਟ ਫੜਕੇ ਦੂਜੇ ਹੱਥ ਵਿੱਚ ਨੋਟ ਫੜਾ ਦਿੱਤੇ ਜਾਂਦੇ ਸਨ। ਇਹ ਨੋਟ ਵੱਡੀਆਂ ਚੋਣਾਂ ਨਾਲੋਂ ਦੁਗਣੇ ਜਾਂ ਕਦੇ ਤਿੱਗਣੇ ਹੁੰਦੇ ਸਨ।
ਇਸ ਵਾਰ ਵੋਟਾਂ ਦਾ ਕੋਈ ਗਾਹਕ ਹੀ ਨਜ਼ਰ ਨਹੀਂ ਆ ਰਿਹਾ ਸੀ। ਵੋਟਾਂ ਪੈਣੀਆਂ ਅਰੰਭ ਹੋ ਗਈਆਂ ਸਨ। ਕਰਮੂ ਇਹ ਸੋਚ ਕੇ ਕਿ ਹੋ ਸਕਦਾ ਏ ਇਸ ਵਾਰ ਵੋਟਾਂ ਖਰੀਦਣ ਵਾਲੇ ਵੋਟਾਂ ਪੈਣ ਵਾਲੇ ਸਕੂਲ ਵਿੱਚ ਹੀ ਬੈਠੇ ਹੋਣ, ਉਹ ਵੋਟ ਪਾਉਣ ਲਈ ਚੱਲ ਪਿਆ।
ਸਕੂਲ ਪਹੁੰਚ ਕੇ ਵੀ ਉਸ ਦੇ ਕੁੱਝ ਹੱਥ ਪੱਲੇ ਨਾ ਪਿਆ। ਉਹ ਵੋਟ ਪਾਕੇ ਘਰ ਨੂੰ ਜਾਂਦਾ ਸੋਚਦਾ ਜਾ ਰਿਹਾ ਸੀ
“ਅੱਜ ਦੀ ਦਿਹਾੜੀ ਸਿਰ ਪਈ, ਵੋਟ ਬੁੰਗੇ ਵਿੱਚ ਗਈ।

You may also like