ਕਿਤਾਬਾਂ ਵਾਲਾ ਰੱਖਣਾ

by Bachiter Singh

“ਕਿਤਾਬਾਂ ਵਾਲਾ ਰੱਖਣਾ” ਨਾਮ ਦੀ ਇਹ ਵੀਡੀਊ ਜਦੋਂ 3 ਮਿੰਟ 23 ਸਕਿੰਟ ਤੇ ਅੱਪੜਦੀ ਏ ਤਾਂ ਇੱਕ ਭੈਣ ਅਲਮਾਰੀ ਤੇ ਲੱਗੀ ਆਪਣੇ ਵੀਰ ਦੀ ਫੋਟੋ ਤੇ ਹੱਥ ਫੇਰ ਸਬਰ ਦਾ ਘੁੱਟ ਜਿਹਾ ਭਰਦੀ ਹੋਈ ਵਿਖਾਈ ਦਿੰਦੀ ਏ ਅਤੇ ਨਾਲ ਹੀ ਇਹ ਭਾਵੁਕਤਾ ਭਰਪੂਰ ਇਹ ਬੋਲ ਗੂੰਜ ਉਠਦੇ ਨੇ.. “ਸਾਨੂੰ ਜੰਗ ਨਵੀਂ ਪੇਸ਼ ਹੋਈ..
“ਸਾਡਾ ਸਾਰਾ ਪਾਣੀ ਲੁੱਟ ਕੇ ਤੇਰੀ ਦਿੱਲੀ ਦਰਵੇਸ਼ ਹੋਈ”
“ਭਟਕ ਗਏ ਨੇ ਭਾਵੇਂ ਗੱਬਰੂ..ਫੇਰ ਇੱਕ ਦਿਨ ਮੁੜ ਆਉਣਗੇ”
“ਮੁਖ ਹੋਣੇ ਨੰਦ ਪੁਰ ਵੱਲ ਨੂੰ..ਚੜ੍ਹਦੀ ਕਲਾ ਦੇ ਗੀਤ ਗਾਉਣਗੇ..” ਲੂ ਕੰਢੇ ਖੜੇ ਹੋ ਜਾਂਦੇ..
ਇਹ ਗਾਣਾ ਮੇਰੇ ਬਹੁਤ ਹੀ ਕਰੀਬ ਆ ਅਸਲ ਵਿਚ ਦਿੱਲੀ ਨੇ ਕਦੀ ਵੀ ਨਹੀਂ ਚਾਹਿਆ ਕੇ ਸਿੱਖੀ ਸਰੂਪ ਅਨੰਦਪੁਰ ਵੱਲ ਨੂੰ ਵਹੀਰਾਂ ਘੱਤੇ..ਤਾਂ ਹੀ ਸ਼ਾਇਦ ਨਸ਼ਿਆਂ ਅਤੇ ਅਸ਼ਲੀਲਤਾ ਵਾਲਾ ਹੜ ਜਿਹਾ ਵਗਾ ਦਿੱਤਾ.. ਆਓ ਦੋਸਤੋ ਥੋੜਾ ਪਿਛਾਂਹ ਨੂੰ ਚਲੀਏ..
ਉੱਨੀ ਸੌ ਚੁਰਾਸੀ..ਪੰਜਾਬੀ ਨੌਜਵਾਨੀ ਤੇ ਥੋਪ ਦਿੱਤੇ ਗਏ ਇੱਕ ਧੋਖੇ ਭਰੇ ਮੈਚ ਵਿਚ ਆਯੋਜਕ,ਰੈਫਰੀ,ਕੁਮੈਂਟਰੀ ਕਰਨ ਵਾਲੇ,ਵੇਖਣ ਵਾਲੇ ਦਰਸ਼ਕ ਅਤੇ ਇਸ ਮੈਚ ਨੂੰ ਕਵਰ ਕਰਦੀ ਪ੍ਰੈਸ ਤੱਕ ਸਾਰਾ ਕੁਝ ਇਹਨਾਂ ਦਾ ਆਪਣਾ ਹੀ ਖੜਾ ਕੀਤਾ ਹੋਇਆ ਸੀ! ਸੀਨੇ ਅਤੇ ਜਮੀਰ ਤੇ ਵੱਜੀ ਡੂੰਘੀ ਸੱਟ ਨੂੰ ਲਈ ਫਿਰਦੇ ਅਨੇਕਾਂ ਨੌਜੁਆਨ ਮੈਦਾਨ ਵਿਚ ਡਟ ਗਏ..ਆਪਣੀ ਹੋਂਦ,ਜਿਸਮ,ਵਜੂਦ,ਪੈਸਾ-ਧੇਲਾ,ਪਰਿਵਾਰਿਕ ਸੁਖ ਅਤੇ ਸੀਮਤ ਸਾਧਨ..ਸਾਰਾ ਕੁਝ ਹੀ ਇਸ ਮੈਚ ਵਿਚ ਦਾਅ ਤੇ ਲਾ ਦਿੱਤਾ.. ਜਦੋਂ ਨਹਿਰਾਂ,ਕਸੀਆਂ,ਫਾਰਮ ਹਾਊਸ,ਦਰਿਆ ਅਤੇ ਖੁੱਲੇ ਖੇਤ ਖਲਿਆਣ ਸਾਰਾ ਕੁਝ ਰੱਤ ਨਾਲ ਲਾਲ ਹੋ ਗਿਆ ਅਤੇ ਦਿੱਲੀ ਦਾ ਤਖ਼ਤ ਕੰਬਣ ਲੱਗ ਪਿਆ ਤਾਂ ਅਗਲਿਆਂ “ਸਾਮ ਬਾਣ ਦੰਢ ਭੇਦ” ਵਾਲੇ ਘਟੀਆ ਤਰੀਕੇ ਅਪਣਾ ਲਏ..
ਨੀਲੇ ਪੀਲੇ ਚਿੱਟੇ ਅਤੇ ਖਾਕੀ ਵਰਦੀ ਪਾਈ ਆਪਣੇ ਕਿੰਨੇ ਸਾਰੇ ਰੈਫਰੀਆਂ ਰਾਂਹੀ ਨੀਲੇ ਪੀਲੇ ਕਾਰਡ ਵਿਖਾ ਕੇ ਕਿੰਨੇ ਨੌਜੁਆਨ ਪਹਿਲੋਂ ਮੈਚੋਂ ਬਾਹਰ ਕਰ ਦਿੱਤੇ ਅਤੇ ਫੇਰ ਓਹਨਾ ਦਾ ਵਜੂਦ ਮੁਕਾ ਦਿੱਤਾ..
ਬਾਨਵੇਂ ਤ੍ਰੇਆਨਵੇਂ ਦੇ ਦਿੰਨਾ ਵਿਚ ਸਾਰੀ ਦੁਨੀਆਂ ਵਿਚ ਇਹ ਢੰਡੋਰਾ ਪਿੱਟਣਾ ਸ਼ੁਰੂ ਕਰ ਦਿੱਤਾ ਕੇ ਅਸਾਂ ਮੈਂਚ ਜਿੱਤ ਲਿਆ.. ਫੇਰ ਸੀਨੇ ਵਿਚ ਖਿੱਚ ਲਈ ਅਗਸਤ 31-1995 ਨੂੰ ਦਿਲਾਵਰ ਸਿੰਘ ਨਾਮ ਦਾ ਗੁਰੂ ਦਾ ਸਿੰਘ ਉਠਿਆ..ਫੱਟੇ ਦੇ ਐਨ ਵਿਚਕਾਰ ਗੇਂਦ ਮਾਰ ਐਸਾ ਗੋਲ ਕੀਤਾ ਕੇ ਮੈਚ ਦਾ ਪਾਸਾ ਹੀ ਪਲਟ ਜਿਹਾ ਗਿਆ ਤੇ ਸਾਰੀ ਦੁਨੀਆ ਹੱਕੀ-ਬੱਕੀ ਰਹਿ ਗਈ.. ਚੋਵੀ ਸਾਲਾਂ ਬਾਅਦ ਅੱਜ ਕੱਤੀ ਅਗਸਤ ਵਾਲੇ ਓਸੇ ਦਿਨ ਨੂੰ ਭਾਈ ਦਿਲਾਵਰ ਸਿੰਘ ਅਤੇ ਉਸਦੇ ਜੰਮਦਾਤਿਆਂ ਅਤੇ ਉਸ ਦੀ ਕੀਤੀ ਲਾਸਾਨੀ ਕੁਰਬਾਨੀ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ..!

You may also like