ਪਰਮਾਤਮਾ ਦਾ ਸਿੰਘਾਸਨ

ਮਹਾਰਾਜਾ ਰਣਜੀਤ ਸਿੰਘ ਸ਼ਿਕਾਰ ਖੇਡ ਕੇ ਵਾਪਸ ਆ ਰਿਹਾ ਸੀ।ਰਸਤੇ ਵਿਚ ਇਕ ਝੁੱਗੀ ਵਿਚ ਇਕ ਫ਼ਕੀਰ ਆਪਣੇ ਗੋਡਿਆਂ ਵਿਚ ਸਿਰ ਦੇ ਕੇ ਰੋ ਰਿਹਾ ਸੀ।
ਮਹਾਰਾਜ ਘੋੜੇ ਤੋਂ ਉਤਰੇ ; ਦੇਖਿਆ ,ਫ਼ਕੀਰ ਵੱਡੀ ਉਮਰ ਦਾ ਹੈ ; ਤਰਸ ਆ ਗਿਆ,ਪੁੱਛਿਆ-
“ਫ਼ਕੀਰਾ ! ਰੋ ਕਿਉਂ ਰਿਹਾ ਹੈਂ ?”
ਉਸ ਫ਼ਕੀਰ ਨੇ ਗੋਡਿਆਂ ਵਿਚੋਂ ਸਿਰ ਉੱਚਾ ਨਹੀਂ ਕੀਤਾ ਤੇ ਉਸੇ ਤਰਾੑਂ ਸਿਰ ਝੁਕਿਆਂ ਹੀ ਬੋਲਿਆ-
“ਰੋਵਾਂ ਨਾ ਤਾਂ ਕੀ ਕਰਾਂ,ਮੁਲਕ ਦਾ ਬਾਦਸ਼ਾਹ ਇਕ ਸਿੱਖ ਹੈ,ਐਸ ਕਰਕੇ ਰੋ ਰਿਹਾ ਹਾਂ।”
ਮਹਾਰਾਜਾ ਰਣਜੀਤ ਸਿੰਘ ਨੇ ਕਿਹਾ,
“ਮੁਲਕ ਦਾ ਰਾਜਾ ਸਿੱਖ ਹੈ,ਤੈਨੂੰ ਕੀ ਤਕਲੀਫ਼ ਹੈ ?”
ਕੋਲ ਇਕ ਕੁਰਾਨ ਸ਼ਰੀਫ਼ ਪਈ ਸੀ।
ਕਹਿਣ ਲੱਗਾ-
“੨੦ ਸਾਲ ਵਿਚ ਮੈਂ ਕੁਰਾਨ ਸ਼ਰੀਫ਼ ਦਾ ਟੀਕਾ ਲਿਖਿਆ ਹੈ,ਤਰਜਮਾ ਸ਼ਾਇਰੀ ਵਿਚ ਕੀਤਾ ਹੈ। ਸ਼ਹਿਨਸ਼ਾਹ ਕੋਈ ਮੁਸਲਮਾਨ ਹੁੰਦਾ ਤਾਂ ਮੇਰੀ ਇੱਛਾ ਸੀ ਕਿ ਪੰਜਾਬ ਦੀ ਹਰ ਜਾਮਾ ਮਸਜਿਦ ਵਿਚ ਮੇਰਾ ਇਹ ਟੀਕਾ ਪਹੁੰਚੇ। ਲੋਕਾਂ ਨੂੰ ਕੁਰਾਨ ਸ਼ਰੀਫ਼ ਦੇ ਅਰਥਾਂ ਦਾ ਪਤਾ ਚੱਲੇ। ਪਰ ਕਰਾਂ ਕੀ,ਸ਼ਹਿਨਸ਼ਾਹ ਸਿੱਖ ਹੈ। ਮੇਰੇ ਵਿਚ ਇਤਨੀ ਤੌਫ਼ੀਕ ਨਹੀਂ ਕਿ ਇਤਨੀਆਂ ਕਾਪੀਆਂ ਕਰਾ ਕੇ ਹਰ ਮਸਜਿਦ ਵਿਚ ਪਹੁੰਚਾ ਸਕਾਂ।”
ਮਹਾਰਾਜਾ ਰਣਜੀਤ ਸਿੰਘ ਨੇ ਕਿਹਾ-
“ਫ਼ਕੀਰਾ ! ਇਹ ਕੁਰਾਨ ਸ਼ਰੀਫ਼ ਮੇਰੇ ਹਵਾਲੇ ਕਰ ਤੇ ਤਿੰਨ ਮਹੀਨੇ ਦੀ ਮੁਹਲਤ ਦੇ। ਮੈਂ ਹਰ ਮਸਜਿਦ ਵਿਚ ਇਸ ਦੀਆਂ ਕਾਪੀਆਂ ਪਹੁੰਚਾ ਦਿਆਂਗਾ।”
ਫ਼ਕੀਰ ਨੇ ਸਿਰ ਉੱਚਾ ਕੀਤਾ ਤਾਂ ਦੇਖ ਕੇ ਹੈਰਾਨ ਹੋ ਗਿਆ ਕਿ ਮੈਂ ਤਾਂ ਮਹਾਰਾਜਾ ਰਣਜੀਤ ਸਿੰਘ ਨਾਲ ਹੀ ਗੱਲਾਂ ਪਿਆ ਕਰਦਾ ਸੀ। ਫ਼ਕੀਰ ਕੁਰਾਨ ਸ਼ਰੀਫ਼ ਚੁੱਕ ਕੇ ਦੇਣ ਲੱਗਾ ਤੇ ਕਹਿਣ ਲੱਗਾ-
“ਮੇਰੀ ਇਕ ਸ਼ਰਤ ਹੈ।”
“ਕੀ?”
“ਮੇਰੇ ਕਹੇ ਹੋਏ ਸ਼ਬਦ ਮੈਨੂੰ ਵਾਪਸ ਕਰ ਦਿਉ। ਮੈਂ ਖ਼ੁਦਾ ਅੱਗੇ ਦੁਆ ਕਰਦਾ ਹਾਂ ਕਿ ਹਰ ਮੁਲਕ ਦਾ ਬਾਦਸ਼ਾਹ ਤੇਰੇ ਵਰਗਾ ਹੋਵੇ।”

ਕਿਸੇ ਦੀ ਰਾਜਨੀਤੀ ਤੇ ਰਾਜ ਸਿੰਘਾਸਨ ਪ੍ਭੂ ਦਾ ਹੀ ਬਣ ਜਾਂਦਾ ਹੈ।ਇਸੇ ਤਰਾੑਂ ਦਾ ਹੀ ਰਾਜਾ ਜਨਕ ਸੀ। ਮਹਾਰਾਜਾ ਰਣਜੀਤ ਸਿੰਘ ਤੇ ਰਾਜਾ ਜਨਕ ਨੇ ਰਾਜ ਸਿੰਘਾਸਨ ਨੂੰ ਰਾਮ ਦਾ ਸਿੰਘਾਸਨ ਬਣਾ ਦਿੱਤਾ,ਪਰਮਾਤਮਾ ਦਾ ਸਿੰਘਾਸਨ।

Share on Whatsapp