ਉਹ ਤਾਂ ਗੁਰੂ ਸੀ…….

ਕੁੱਝ ਕੁ ਦਿਨਾਂ ਦਾ ਸਾਰਿਆਂ ਦੀਆਂ ਸਟੋਰੀਆਂ ਟਕਾ ਕੇ ਜੇ ਦੇਖਦਾ ਪਰ ਜੇ ਕਿਸੇ ਨੇ ਚਾਰ ਸਾਹਿਬਜ਼ਾਦਿਆਂ ਦੀ ਫੋਟੋ ਪਾਈ ਹੁੰਦੀ ਤਾਂ ਬਿੰਦ ਕੁ ਲਈ ਰੁਕ ਕੇ ਅੱਗੇ ਟਪਾ ਦਿੰਦਾ ਜਿਵੇਂ ਕੋਈ ਵਾਹ ਵਾਸਤਾ ਈ ਨਾ ਹੋਵੇ। ਮੈਂ ਨਿੱਤ ਭੱਜਦਾ ਸੀ ਇਸ ਗੱਲ ਤੋਂ, ਪਰ ਅੱਜ ਆਪੇ ਨੇ ਜਕੜ ਈ ਲਿਆ। ਸੁਆਲ ਵੀ ਆਵਦੇ ਸੀ ਤੇ ਜਵਾਬ ਵੀ ਪਰ ਜਵਾਬ ਸਰੀਰ ਨੂੰ ਸੁੰਨ ਕਰਦੇ ਰਹੇ। ਅਸੀਂ ਸਾਰੇ ਇੱਕ ਦੌੜ ਦਾ ਹਿੱਸਾ ਬਣ ਚੁੱਕੇ ਆ, ਖਾਸਕਰ ਬਾਹਰਲੇ ਮੁਲਖਾਂ ਆਲੇ। ਪਰਿਵਾਰਾਂ ਦਾ ਭਵਿੱਖ ਤੇ ਸਥਾਪਤੀ ਦੀ ਦੌੜ ‘ਚ ਪੈਸਾ ਮੁੱਖ ਆ ਤੇ ਸਮਾਂ ਮੱਛੀ ਮੋਟਰ ਦੀ ਧਾਰ ਵਾਂਗੂੰ ਉੱਤੋ ਦੀ ਹੋ-ਹੋ ਟੱਪਦਾ। ਗੱਲ ਇਹ ਇਸ ਲਈ ਜ਼ਰੂਰੀ ਆ ਕਿਉਂਕਿ ਇਹ ਸਾਡੇ ਨਾਲ ਜੁੜੀ ਹੋਈ ਆ। ਚਮਤਕਾਰਾਂ ਜਾਂ ਅਨੋਖੇ ਕਰਤੱਬ ਦੀ ਗੱਲ ਨੀ ਇਹ।
ਇਹ ਗੱਲ ਸਿਦਕ ਦੀ ਆ, ਸਿੱਖਿਆ ਦੀ ਆ। ਆਵਦੀ ਸੁਰਤ ‘ਚ ਅਸੀਂ ਬਾਪੂ ਅਰਗਿਆਂ ਦੇ ਹੱਥ ਦਾਰੂ ਦੀ ਬੋਤਲ ਦੇਖੀ, ਚਾਚੇ-ਤਾਇਆਂ ਦੀ ਜੁਬਾਨ ਤੇ ਗਾਲਾਂ। ਜਿਹੋ ਜਾ ਮਹੌਲ ਸੀ ਤੇ ਉਹੋ ਜੇ ਅਸੀਂ ਹੋਗੇ। ਜ਼ਿੰਦਗੀ ਜੇ 100 ਸਾਲ ਦੀ ਆ ਤਾਂ ਚੌਥਾ ਹਿੱਸਾ ਇਸੇ ਜੱਦੋ-ਜਹਿਦ ‘ਚ ਹੀ ਕੱਢਤਾ ਵੀ ਇਹ ਸਹੀ ਆ ਜਾਂ ਇਹ ਗਲਤ। ਬਾਬਾ ਅਜੀਤ ਸਿੰਘ, ਬਾਬਾ ਫਤਿਹ ਸਿੰਘ ਵਰਗਿਆਂ ਨੂੰ ਸਿੱਖਿਆ ਈ ਜਦੋਂ ਦਾਦੇ ਨੇ ਬਲੀਦਾਨ ਤੇ ਪਿਉ ਨੇ ਜੁਝਾਰੂ ਯੋਧੇ ਵਜੋਂ ਦਿੱਤੀ ਸੀ ਤਾਂ ਉਹ ਡੋਲ ਕਿਵੇਂ ਜਾਂਦੇ। ਅਸੀਂ ਫੇਰ ਇਹ ਕਹਿ ਕਿ ਗੱਲ ਟਾਲ ਜਾਨੇ ਆ ਕਿ ਉਹ ਤਾਂ ਗੁਰੂ ਸੀ……. ਆਪਣੇ ਆਪ ਨੂੰ ਸੱਚੇ ਜੇ ਰੱਖ ਕੇ ਸੱਚ ਤੋਂ ਫੇਰ ਭੱਜ ਲੈਣੇ ਆ।
ਅੱਜ ਕਰਿਸਮਿਸ ਦੀਆਂ ਖੁਸ਼ੀਆਂ ਤੇ ਨਵੇਂ ਸਾਲ ਦਿਆਂ ਜਸ਼ਨਾਂ ‘ਚ ਅਸੀਂ ਸਾਡੇ ਉਹਨਾਂ ਮਹਾਨ ਯੋਧਿਆਂ ਦੀ ਮਿਸਾਲ ਦੇਣੀ ਭੁੱਲਗੇ। ਮੈਂ ਕਦੇ ਨੀ ਕਿਹਾ ਸੀ ਕਿ ਮੈਰੀ ਕਰਿਸਮਿਸ ਨਾ ਕਹੋ, ਕਹੋ ਰੱਜ ਕੇ ਕਹੋ ਪਰ ਸੈਂਟੇ ਦੇ ਆਉਣ ਦੀ ਕਹਾਣੀ ਤੋਂ ਪਹਿਲਾਂ ਜਵਾਕਾਂ ਨੂੰ ਦੱਸਿਉ ਕਿ ਇਹਨਾਂ ਦਿਨਾਂ ਦਾ ਸਾਡਾ ਕੀ ਇਤਿਹਾਸ ਆ। ਦੱਸਿਉ ਕਿ ਸਾਡੀ ਅਸਲ ਸਥਾਪਤੀ ਦੀ ਨੀਂਹ ਰੱਖਣ ਵਾਲੇ ਕੌਣ ਸਨ। ਧਰਮਾਂ, ਕੌਮ, ਕਮਿਊਨਿਟੀ ਦੀ ਗੱਲ ਫੇਰ ਕਰਾਂਗੇ। ਅੱਜ ਅਸੀਂ ਪਿੱਠਾਂ ਤੇ ਉੱਕਰੇ ਉਹ ਇਤਿਹਾਸ ਫਰੋਲੀਏ ਜਿੰਨਾਂ ਨੂੰ ਅਸੀਂ ਖੁਦ ਹੀ ਦੱਬ ਲਿਆ। ਕਿਸੇ ਨੇ ਅਗਾਂਹ ਵਧੂ ਸੋਚ ਦੇ ਹੌਂਸਲੇ ਨਾਲ, ਕਿਸੇ ਨੇ ਨਵੇਂ ਸਾਲ ਦੀ ਪਾਰਟੀ ਦੇ ਪੈੱਗ ਹੇਠਾਂ, ਕਿਸੇ ਨੇ ਸੈਂਟੇ ਦੇ ਲਾਲ ਲੀੜਿਆਂ ਨਾਲ।
ਪਰ 300 ਵਰੇਂ ਪਿੱਛੇ ਝਾਤੀ ਮਾਰ ਕੇ ਦੇਖਿਉ। ਚਮਕੌਰ ਦੀ ਗੜੀ ‘ਚ ਜੂਝਦੇ ਤੇ ਸਰਹਿੰਦ ਦੀਆਂ ਦੀਵਾਰਾਂ ‘ਚ ਖੜੇ ਸਾਹਿਬਜ਼ਾਦੇ ਸਾਡੇ ਵੱਲ ਬੜੀਆਂ ਆਸਾਂ ਨਾਲ ਵੇਖ ਰਹੇ ਆ। ਉਹਨਾਂ ਨੂੰ ਭੁੱਲਿਉ ਨ ਪਿਆਰਿਉ।

Jashandeep Singh Brar

  • ਲੇਖਕ: Jashandeep Singh Brar
Share on Whatsapp