ਨਵੀਂ ਲੈਕਚਰਰ

ਸੀਮਾ ਗੁਪਤਾ ਸੀ ਸ਼ਾਇਦ ਉਸਦਾ ਨਾਮ..ਉਮਰ ਹੋਵੇਗੀ ਕੋਈ ਪੱਚੀ ਕੂ ਸਾਲ..
ਜਦੋਂ ਨਵੀਂ ਨਵੀਂ ਲੈਕਚਰਰ ਲਗੀ ਤਾਂ ਕਲਾਸ ਵਿਚਂ ਸ਼ਰਾਰਤਾਂ ਕਾਰਨ ਅਕਸਰ ਹੀ ਵਿਚਾਰੀ ਦੇ ਪਸੀਨੇ ਛੁੱਟ ਜਾਇਆ ਕਰਦੇ..ਬਥੇਰੀਆਂ ਬੇਨਤੀਆਂ ਕਰਿਆ ਕਰਦੀ ਕੇ ਨਵੀਂ ਹਾਂ ਪਲੀਜ ਥੋੜਾ ਸਹਿਯੋਗ ਦਿਓ…

ਸਹਿਯੋਗ ਤਾਂ ਕਾਹਦਾ ਦੇਣਾ ਸੀ ਸਗੋਂ ਇੱਕ ਦਿਨ ਗਰੁੱਪ ਦੇ ਮੁੰਡੇ ਨੇ ਨਿੱਕਾ ਜਿੰਨਾ ਕਤੂਰਾ ਚੁੱਕ ਲਿਆਂਦਾ ਅਤੇ ਕਲਾਸ ਅੰਦਰ ਪੜਾਉਂਦੀ ਦੇ ਉੱਤੇ ਦੇ ਮਾਰਿਆ…
ਚਊਂ-ਚਊਂ ਕਰਦੇ ਕਤੂਰੇ ਦੀਆਂ ਚੀਕਾਂ ਅਤੇ ਅਚਾਨਕ ਵਾਪਰੇ ਇਸ ਵਰਤਾਰੇ ਕਾਰਨ ਉਹ ਨੁੱਕਰ ਵਿਚ ਲੱਗ ਰੋਣ ਲੱਗ ਪਈ…
ਗੱਲ ਪ੍ਰਿੰਸੀਪਲ ਤੱਕ ਜਾ ਅੱਪੜੀ..ਤੇ ਉਸਨੂੰ ਇਸ ਅਧਾਰ ਤੇ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਕੇ ਸ਼ਾਇਦ ਕਲਾਸ ਨੂੰ ਕੰਟਰੋਲ ਕਰਨ ਦੀ ਸਮਰੱਥਾ ਨਹੀਂ ਸੀ…

ਮਗਰੋਂ ਪਤਾ ਲੱਗਾ ਕੇ ਬਿਨਾ ਬਾਪ ਦੇ ਤਿੰਨ ਨਿੱਕੇ ਭੈਣ ਭਰਾਵਾਂ ਦੇ ਪਾਲਣ ਪੋਸ਼ਣ ਦੀ ਜੁੰਮੇਵਾਰੀ ਉਸ ਤੇ ਸੀ..
ਫੇਰ ਇੱਕ ਦਿਨ ਜਦੋਂ ਉਸ ਨੂੰ ਕੋਲ ਹੀ ਪ੍ਰਾਈਵੇਟ ਸਕੂਲ ਵਿਚ ਸਾਈਕਲ ਤੇ ਨਿੱਕਲਦਿਆਂ ਦੇਖਿਆ ਤਾਂ ਬੜਾ ਅਫਸੋਸ ਹੋਇਆ..ਕੇ ਘਟੀਆ ਮਜਾਕ ਖਾਤਿਰ ਕਿਸੇ ਦੀ ਚੰਗੀ ਭਲੀ ਰੋਜੀ ਰੋਟੀ ਖੋਹ ਲਈ ਏ..ਪਰ ਸ਼ਾਇਦ ਉਸ ਵੇਲੇ ਤੱਕ ਕਾਫੀ ਦੇਰ ਹੋ ਚੁਕੀ ਸੀ..

ਕਾਫੀ ਵਰ੍ਹਿਆਂ ਮਗਰੋਂ 2005 ਨੂੰ ਕਨੇਡਾ ਆਣ ਪਹੁੰਚੇ.. ਜਦੋਂ ਕੰਮ ਨਾ ਮਿਲਿਆ ਤਾਂ ਇੱਕ ਪੀਜੇ ਤੇ ਜਾਣਾ ਸ਼ੁਰੂ ਕਰ ਦਿੱਤਾ..
ਨਵਾਂ ਸ਼ਹਿਰ..ਨਵੇਂ ਲੋਕ..ਨਵੀਆਂ ਸਟ੍ਰੀਟਾਂ..ਜਦੋਂ ਕੋਈ ਫੋਨ ਤੇ ਆਡਰ ਦਿਆ ਕਰਦਾ ਤਾਂ ਨਾ ਤੇ ਅਗਲੇ ਦੀ ਪੂਰੀ ਗੱਲ ਹੀ ਸਮਝ ਆਉਂਦੀ ਤੇ ਨਾ ਹੀ ਸਟ੍ਰੀਟ ਦਾ ਹੀ ਪਤਾ ਲੱਗਦਾ..
ਇੱਕ ਦੋ ਵਾਰ ਗਲਤ ਜਗਾ ਆਡਰ ਡਿਲਿਵਰ ਹੋ ਗਿਆ..ਨਾਲਦੇ ਮਖੌਲ ਬਣਾਇਆ ਕਰਨ..ਤੇ ਨਿੱਕੀ-ਨਿੱਕੀ ਗੱਲ ਅਗਾਂਹ ਤੱਕ ਅੱਪੜਨੀ ਸ਼ੁਰੂ ਹੋ ਗਈ…
ਖੈਰ ਕਿਸੇ ਤਰਾਂ ਕਰ ਕਰਾ ਕੇ ਵੀਹ ਕੂ ਦਿਨ ਲੰਘਾਏ…ਫੇਰ ਹਾਲਾਤ ਏਦਾਂ ਦੇ ਬਣ ਗਏ ਕੇ ਕੰਮ ਛੱਡਣਾ ਪਿਆ..ਜਾਂ ਆਖ ਲਵੋ ਕੰਮ ਤੋਂ ਫਾਰਗ ਕਰ ਦਿੱਤਾ ਗਿਆ…
ਆਪਣੇ ਬਣਦੇ ਪੈਸੇ ਮੰਗੇ ਤਾਂ ਅਗਲਾ ਮਜਾਕ ਜਿਹੇ ਨਾਲ ਆਖਣ ਲੱਗਾ ਕੇ ਕਾਹਦੇ ਪੈਸੇ ?..ਤੇਰੇ ਕਰਕੇ ਤਾਂ ਮੇਰੇ ਕਾਰੋਬਾਰ ਦਾ ਨੁਕਸਾਨ ਹੀ ਬਹੁਤ ਹੋਇਆ ਏ..”
ਤੁਰੇ ਆਉਂਦੇ ਨੂੰ ਸਮਝ ਆ ਗਈ ਕੇ ਢਿੱਡ ਤੇ ਲੱਤ ਵੱਜ ਚੁੱਕੀ ਸੀ..ਖੈਰ ਅੱਧੀ ਰਾਤ ਘਰ ਪਹੁੰਚਿਆ…ਸਾਰੇ ਗੂੜੀ ਨੀਂਦਰ ਸੁੱਤੇ ਪਏ ਸੀ…ਸਮਝ ਨਾ ਆਵੇ ਕੇ ਸਾਰੀ ਗੱਲ ਕਿੱਦਾਂ ਤੇ ਕਿਸਨੂੰ ਦੱਸਾਂ..
ਇਸੇ ਉਧੇੜ-ਬੁਣ ਵਿਚ ਹੀ ਸਾਂ ਕੇ ਬਾਹਰੋਂ ਕਿਸੇ ਪੀੜ ਨਾਲ ਕਰਾਹੁੰਦੇ ਹੋਏ ਕਤੂਰੇ ਦੀ ਅਵਾਜ ਨੇ ਮੇਰੇ ਲੂ ਕੰਢੇ ਖੜੇ ਕਰ ਦਿੱਤੇ ਅਤੇ ਨਾਲ ਹੀ ਇੰਝ ਲਗਿਆ ਜਿਦਾਂ ਓਹੋ ਵੀਹ ਸਾਲ ਪਹਿਲਾਂ ਵਾਲੀ ਸੀਮਾ ਗੁਪਤਾ ਕੰਧ ਨਾਲ ਲੱਗੀ ਮੇਰੇ ਵੱਲ ਤੱਕ ਰਹੀ ਹੋਵੇ..

Share on Whatsapp