ਮਿੱਟੀ ‘ਤੇ ਮਿੱਟੀ ਪਾਣ ਦੀ ਕੀ ਲੋੜ ਹੈ

ਪਰ ਧਨ ਪਰ ਦਾਰਾ ਪਰਹਰੀ ॥
‘ਤਾ ਕੈ ਨਿਕਟਿ ਬਸੈ ਨਰਹਰੀ॥੧॥”
{ਅੰਗ ੧੧੬੩}
ਭਗਤ ਨਾਮਦੇਵ ਜੀ ਕਹਿੰਦੇ ਨੇ,ਜਿਹੜਾ ਬੰਦਾ ਮਨ ਕਰਕੇ ਪਰਾਏ ਧਨ ਪਰਾਏ ਰੂਪ ਦਾ ਤਿਆਗ ਕਰਦਾ ਹੈ,ਹਰੀ ਪਰਮਾਤਮਾ ਉਸ ਦੇ ਕੋਲ ਹੈ।

ਮਹਾਂਰਾਸ਼ਟਰ ਦੇ ਸੰਤ ਤੁਕਾ ਰਾਮ ਜੀ ਨਦੀ ਤੋਂ ਇਸ਼ਨਾਨ ਕਰਕੇ ਆ ਰਹੇ ਸਨ,ਪਿੱਛੇ-ਪਿੱਛੇ ਉੁਹਨਾਂ ਦੀ ਧਰਮ ਪਤਨੀ ਸੀ। ਦੋਨੋਂ ਭਗਤੀ ਦੇ ਮੁਜੱਸਮੇਂ,ਰਸਤੇ ਵਿਚ ਕੀ ਵੇਖਿਆ ਕਿ ਮਿੱਟੀ ਦੇ ਢੇਰ ‘ਤੇ ਸੋਨੇ ਦਾ ਹਾਰ ਪਿਆ ਹੈ। ਸੰਤ ਤੁਕਾ ਰਾਮ ਦੇ ਮਨ ਵਿਚ ਖਿਆਲ ਆਇਆ ਕਿ ਮੇਰੇ ਪਿੱਛੇ ਮੇਰੀ ਪਤਨੀ ਆ ਰਹੀ ਹੈ,ਪਰਾਇਆ ਧਨ ਹੈ ਕਿਧਰੇ ਚੁੱਕ ਨਾ ਲਵੇ। ਇਸਤਰੀ ਜਾਤ ਸੋਨੇ ਤੋਂ ਪ੍ਭਾਵਤ ਹੋ ਜਾਂਦੀ ਹੈ। ਧਨ ਵੇਖ ਕੇ ਚੁੱਕ ਨਾ ਲਵੇ ਤੇ ਸੋਨੇ ਦੇ ਹਾਰ ਤੇ ਮਿੱਟੀ ਪਾਣ ਲੱਗੇ,ਇੰਨੇ ਨੂੰ ਉਹ ਵੀ ਕੋਲ ਆ ਗਈ ਤੇ
ਕਹਿਣ ਲੱਗੀ,
“ਭਗਤ ਜੀ !
ਮਿੱਟੀ ‘ਤੇ ਮਿੱਟੀ ਪਾਣ ਦੀ ਕੀ ਲੋੜ ਹੈ,
ਕਿਉਂ ਖੇਚਲ ਕਰਦੇ ਹੋ ਮਿੱਟੀ ‘ਤੇ ਮਿੱਟੀ ਪਾਣ ਦੀ?”
ਸੰਤ ਤੁਕਾ ਰਾਮ ਦੀਆਂ ਅੱਖਾਂ ਭਰ ਆਈਆਂ,
ਕਹਿਣ ਲੱਗੇ,
“ਤੈਨੂੰ ਇਹ ਹਾਰ ਮਿੱਟੀ ਦਿਸਿਆ ਹੈ, ਇਸ ਮਿੱਟੀ ਵਿਚੋਂ ਮੈਨੂੰ ਸੋਨਾ ਦਿਸਿਆ ਹੈ,ਅੱਜ ਮੈਂ ਤੇਰੇ ਨਾਲੋਂ ਪਛੜ ਗਿਆ ਹਾਂ ਅਧਿਆਤਮਕ ਦੁਨੀਆਂ ਵਿਚ। ਤੂੰ ਬਹੁਤ ਅੱਗੇ ਲੰਘ ਗਈ ਹੈਂ,ਤੇ ਮੈਂ ਪੱਛੜ ਗਿਆ ਹਾਂ।ਇਹ ਠੀਕ ਹੈ ਕਿ ਮੈਂ ਪਰਾਇਆ ਧਨ ਚੁੱਕਿਆ ਤੇ ਨਹੀਂ ਸੀ,ਪਰ ਮੈਨੂੰ ਧਨ ਦਿਖਿਆ ਹੈ,ਪਰਾਇਆ ਧਨ ਦਿਸਣਾ ਵੀ ਨਹੀਂ ਚਾਹੀਦਾ। ਅਾਖ਼ੀਰ ਮੇਰੇ ਮਨ ਨੇ ਧਨ ਨੂੰ ਕਬੂਲਿਆ ਤੇ ਹੈ,ਤੇ ਤੇਰਾ ਮਨ ਤੇ ਇਤਨਾ ਵੀ ਨਹੀਂ ਕਬੂਲਦਾ ਤੇ ਤੂੰ ਮਿੱਟੀ ‘ਤੇ ਮਿੱਟੀ ਕਹਿੰਦੀ ਹੈਂ,ਤੇ ਮੈਂ ਮਿੱਟੀ ਨੂੰ ਸੋਨਾ ਮੰਨਿਆ ਹੈ,ਅੈਸਾ ਬੰਦਾ ਕਿਓਂ ਬੁਰਾਈਆਂ ਕਰੇਗਾ।”
ਸੀ੍ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ,

“ਨਚ ਦੁਰਲਭੰ ਧਨੰ ਰੂਪੰ ਨਚ ਦੁਰਲਭੰ ਸਵਰਗ ਰਾਜਨਹ॥”
{ਅੰਗ ੧੩੫੭}
ਅੈ ਬੰਦੇ ! ਮੇਰਾ ਸੰਦੇਸ਼ ਤੇ ਉਪਦੇਸ਼ ਇਹ ਹੈ ਕਿ ਧਨ ਇਤਨੀ ਚੀਜ਼ ਨਹੀਂ ਹੈ ਕਿ ਇਹਦੀ ਖ਼ਾਤਰ ਈਮਾਨ ਵੇਚ ਦਿੱਤਾ ਜਾਏ,ਧਰਮ ਵੇਚ ਦਿੱਤਾ ਜਾਏ। ਰੂਪ ਤੇ ਸੁੰਦਰਤਾ ਵੀ ਇਤਨੀ ਕੀਮਤੀ ਚੀਜ਼ ਨਹੀਂ ਕਿ ਇਸ ਦੀ ਖ਼ਾਤਰ ਵੀ ਧਰਮ ਵੇਚ ਦਿੱਤਾ ਜਾਏ।

Share on Whatsapp