ਮੇਹਨਤ

ਉਹ ਪੰਜ ਜਮਾਤਾਂ ਹੀ ਪਾਸ ਸੀ…ਸ਼ਾਇਦ ਇਸੇ ਲਈ ਹੀ ਕਨੇਡਾ ਆ ਕੇ ਬੜੀ ਮੇਹਨਤ ਕਰਨੀ ਪਈ…ਹਮਾਤੜ ਕੋਲ ਹੋਰ ਕੋਈ ਚਾਰਾ ਵੀ ਤਾਂ ਨਹੀਂ ਸੀ…ਕਦੀ ਕਲੀਨਿੰਗ,ਕਦੀ ਗਰਾਜ ਕਦੀ ਮਸ਼ਰੂਮਾਂ ਦੀ ਫੈਕਟਰੀ ਤੇ ਕਦੀ ਪੀਜਾ ਡਿਲੀਵਰੀ!
ਪਰ ਕੰਮ ਕੱਲੇ ਨੇ ਹੀ ਕੀਤਾ ਤੇ ਨਾਲਦੀ ਨੂੰ ਆਖ ਦਿੱਤਾ ਬੀ ਭਾਗਵਾਨੇ ਘੱਟ ਖਾ ਲਵਾਂਗੇ ਤੂੰ ਬੱਸ ਬੱਚੇ ਸੰਭਾਲ…
ਇਹੋ ਨੇ ਸਾਡਾ ਅਸਲੀ ਸਰਮਾਇਆ..ਬਾਕੀ ਜੋ ਹੋਊ ਆਪੇ ਦੇਖੀ ਜਾਊ…ਕਿਸੇ ਨਾਲ ਵੀ ਨਿੱਕੇ ਪੈਸੇ ਦੀ ਹੇਰਾ ਫੇਰੀ ਨੀ..ਇਥੋਂ ਤੱਕ ਕੇ ਗੌਰਮਿੰਟ ਨੂੰ ਟੈਕਸ ਵੀ ਪੂਰਾ ਭਰਿਆ!

ਮਗਰੋਂ ਥੋੜੀ-ਬਹੁਤ ਹਿੱਸੇ ਆਉਂਦੀ ਵੀ ਸ਼ਰੀਕਾਂ ਨੇ ਦੱਬ ਲਈ..ਅਖੇ ਕਨੇਡਾ ਦੇ ਡਾਲਰ ਕਮਾਉਂਦੇ ਓ ਥੋਨੂ ਕਾਹਦੀ ਲੋੜ ਜਮੀਨ ਦੀ..ਪਰ ਫੇਰ ਵੀ ਮਾਸਾ ਝੋਰਾ ਨੀ ਕੀਤਾ!
ਵਿਆਹਾਂ ਸ਼ਾਦੀਆਂ ਤੇ ਪਾਰਟੀਆਂ ਤੇ ਲੋਕ ਅਕਸਰ ਹੀ ਨਹੁੰਆਂ ਵਿਚ ਫਸੀ ਗ੍ਰੀਸ ਵਾਕਈ ਮੈਲ ਦੇਖ ਮਖੌਲ ਕਰਿਆ ਕਰਦੇ…
ਕੁਝ ਆਖਿਆ ਕਰਦੇ ਕੇ ਮਗਰੋਂ ਆਇਆਂ ਨੇ ਵੱਡੇ ਵੱਡੇ ਘਰ ਲੈ ਲਏ ਪਰ ਤੁਸੀਂ ਅਜੇ ਵੀ ਕਿਰਾਏ ਦੀਆਂ ਬੇਸਮੈਂਟਾਂ ਵਿਚ ਧੱਕੇ ਖਾ ਰਹੇ ਹੋ !
ਇਸੇ ਗੱਲੋਂ ਪਾਰਟੀਆਂ ਤੇ ਵੀ ਜਾਣਾ ਥੋੜਾ ਘੱਟ ਕਰ ਦਿੱਤਾ..ਓਸੇ ਨਾਲ ਥੋੜਾ ਬਹੁਤ ਮੇਲ ਜੋਲ ਰਖਿਆ ਜਿਸਦੇ ਨਾਲ ਸੋਚ ਮਿਲਦੀ ਸੀ ਤੇ ਫੇਰ ਇੱਕ ਦਿਨ ਬਾਬੇ ਨੇ ਮੇਹਰ ਕਰ ਹੀ ਦਿੱਤੀ…

ਜਿਸ ਦਿਨ ਵੱਡਾ ਕਾਕਾ ਸਰਕਾਰੀ ਵਜੀਫੇ ਤੇ ਡਾਕਟਰ ਬਣਿਆ ਤਾਂ ਦੁਨੀਆਂ ਹੈਰਾਨ ਪ੍ਰੇਸ਼ਾਨ ਰਹਿ ਗਈ ਕੇ ਇਹ ਮੁੰਡਾ ਨਾ ਕਦੀ ਕਿਸੇ ਪਾਰਟੀ ਵਿਚ ਦਿਸਿਆ ਤੇ ਨਾ ਹੀ ਕਿਸੇ ਫ਼ੰਕਸ਼ਨ ਚ…ਫੇਰ ਡਾਕਟਰ ਕਦੋਂ ਬਣ ਗਿਆ!
ਵੱਡੇ ਦੀ ਪਾਏ ਪੂਰਨਿਆਂ ਤੇ ਤੁਰਦਾ ਨਿੱਕਾ ਵੀ ਵੈਟਰਨਰੀ ਡਾਕਟਰ ਬਣਨ ਹੀ ਵਾਲਾ ਹੈ..ਨਹੁੰਆਂ ਵਿਚ ਫਸੀ ਮੈਲ ਅਤੇ ਪਾਟੀਆਂ ਜੈਕਟਾਂ ਨੇ ਅਖੀਰ ਨੂੰ ਮੁੱਲ ਮੋੜ ਹੀ ਦਿੱਤਾ ਤੇ ਪੈਰ ਪੈਰ ਤੇ ਕੀਤੇ ਸਰਫ਼ਿਆਂ ਤੇ ਕਿਰਸਾਂ ਨੇ ਵੀ ਰੰਗ ਲਿਆ ਹੀ ਦਿੱਤਾ!

ਜਿਹੜੇ ਲੋਕ ਅਕਸਰ ਹੀ ਠੱਠਾ ਮਖੌਲ ਕਰ ਗੱਲ ਗੱਲ ਤੇ ਨੀਵਾਂ ਦਿਖਾਉਂਦੇ ਹੁੰਦੇ ਸੀ ਹੁਣ ਅਕਸਰ ਹੀ ਫੋਨ ਕਰ ਨਿਆਣਿਆਂ ਦੇ ਰਿਸ਼ਤਿਆਂ ਦੀ ਗੱਲ ਤੋਰ ਲਿਆ ਕਰਦੇ ਨੇ…ਪਰ ਨਿਆਣਿਆਂ ਨੂੰ ਸਾਫ ਸਾਫ ਆਖ ਦਿੱਤਾ ਕੇ ਭਾਈ ਤੁਸੀਂ ਸਾਰੀ ਉਮਰ ਸਾਡੇ ਨਾਲ ਤੰਗੀਆਂ-ਤੁਰਸ਼ੀਆਂ ਕੱਟਦੇ ਹੋਏ ਕਦੀ ਮੱਥੇ ਵੱਟ ਨੀ ਪਾਇਆ..ਸੋ ਹੁਣ ਥੋਨੂੰ ਪੂਰੀ ਖੁੱਲ ਏ ਜਿੰਦਗੀ ਦਾ ਹਰ ਫੈਸਲਾ ਲੈਣ ਦੀ…ਪਰ ਫੈਸਲਾ ਲੈਣ ਲੱਗਿਆਂ ਆਪਣੇ ਵੱਡੇ ਵਡੇਰੇ ਜਰੂਰ ਯਾਦ ਕਰ ਲਿਆ ਜੇ

ਅਨੇਕਾਂ ਵਾਰ ਕਈ ਐਸੇ ਮੋੜ ਵੀ ਆਏ ਕੇ ਬੰਦ ਕਮਰੇ ਵਿਚ ਬੱਤੀ ਬੰਦ ਕਰ ਕਲਿਆਂ ਅਥਰੂ ਵੀ ਵਗਾਉਣੇ ਪਏ ਪਰ ਨਿਆਣਿਆਂ ਸਾਹਵੇਂ ਹਮੇਸ਼ਾਂ ਹੀ ਖਿੜੇ ਮੱਥੇ ਹੀ ਆਇਆ…ਕਦੀ ਵੀ ਵਿੱਤੋਂ ਬਾਹਰ ਜਾ ਕੇ ਕਿਸੇ ਦੀ ਰੀਸ ਨੀ ਕੀਤੀ ਤੇ ਨਾ ਹੀ ਬੇਲੋੜੀਆਂ ਖਾਹਸ਼ਾਂ ਨੂੰ ਦਿਮਾਗ ਤੇ ਹਾਵੀ ਹੋਣ ਦਿੱਤਾ!

ਮੈਨੂੰ ਉਸਦੀ ਵਿਥਿਆ ਸੁਣ ਕਿਸੇ ਦੀ ਕਹੀ ਪੁਰਾਣੀ ਗੱਲ ਯਾਦ ਆ ਗਈ ਕੇ..

“ਸੁਵੇਰ ਦੀਆਂ ਖਾਹਸ਼ਾਂ ਸ਼ਾਮਾਂ ਤੀਕ ਟਾਲਦੇ ਗਏ..ਤੇ ਬੱਸ ਏਦਾਂ ਹੀ ਖਿੱਲਰਦੀ ਹੋਈ ਜਿੰਦਗੀ ਸੰਭਾਲਦੇ ਗਏ

Likes:
Views:
21
Article Categories:
Motivational

Leave a Reply

Your email address will not be published. Required fields are marked *

14 − 13 =