ਮਾਂ

ਬੱਸ ਸਹਿਰੋਂ ਪਿੰਡ ਵੱਲ ਚੱਲ ਪਈ ਸੀ। ਬੱਸ ਦੇ ਵਿਚਕਾਰ ਜਿਹੇ ਬੇਬੇ ਦਾ ਲਾਡਲਾ ਕਿੰਦਾ ਸਿਉਂ ਨਵੀਂ ਬਣੀ ਸਹੇਲੀ ਸਿੰਮੀ ਨਾਲ ਬੈਠਾ ਹਾਸੇ ਮਖੋਲ ਕਰਦਾ ਆ ਰਿਹਾ ਸੀ। ਸ਼ਹਿਰ ਤੋਂ 30ਕੁ ਮਿੰਟ ਦੂਰ ਆਉਂਦੇ ਨਿੱਕੇ ਜਿਹੇ ਕਸਬੇ ਤੋਂ ਇੱਕ ਪੰਜਾਹ ਕੁ ਸਾਲਾ ਔਰਤ ਚੜੀ ਜਿਸਦੇ ਕੱਪੜਿਆਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਸੀ ਵੀ ਔਰਤ ਲੋਕਾਂ ਦੇ ਘਰ ਕੰਮ ਕਰਕੇ ਗੁਜ਼ਾਰਾ ਕਰਦੀ ਹੋਊ।ਉਹ ਕਿੰਦੇ ਹੋਣਾਂ ਦੀ ਸੀਟ ਦੇ ਅੱਗੇ ਬੈਠ ਗਈ, ਭਾਦੋਂ ਦੀ ਪੜਦਾਅ ਆਲੀ ਗਰਮੀ ਨਾਲ ਉਹਦੇ ਕੱਪੜਿਆਂ ‘ਚੋਂ ਆ ਰਹੀ ਬਦਬੂ ਕਾਰਨ ਸਿੰਮੀ ਨੇ ਰੁਮਾਲ ਨਾਲ ਆਪਣਾ ਨੱਕ ਢੱਕ ਲਿਆ ਤੇ ਕਿੰਦਾ ਨੀਵੀ ਪਾਈ ਬੈਠਾ ਸੀ। ਕੰਡੈਕਟਰ ਨੂੰ ਆਵਾਜ਼ ਮਾਰ ਨੇ ਜਦੋਂ ਉਹਨੇ ਰੱਬੋਂ ਪਿੰਡ ਦੀ ਟਿਕਟ ਕਟਾਈ, ਝੱਟ ਹੋਲੀ ਦੇਣੇ ਸਿੰਮੀ ਕਿੰਦੇ ਨੂੰ ਕਹਿੰਦੀ ਕਿ ਕੋਣ ਆ ਇਹ ਬੁੜੀ,ਟਿਕਟ ਤਾਂ ਤੇਰੇ ਪਿੰਡ ਦੀ ਲਈ ਆ? ਕਿੰਦਾ ਕਹਿੰਦਾ ਮੈਂ ਤਾਂ ਆਪ ਪਹਿਲੀ ਵਾਰੀ ਵੇਖੀ ਆ ਪਤਾ ਨੀ ਕੌਣ ਆ।

ਸਮਾ ਲੰਘਦਾ ਗਿਆ, ਭੈੜੀ ਸੰਗਤ ਨੇ ਕਿੰਦੇ ਨੂੰ ਤਕੜਾ ਨਸ਼ੇੜੀ ਬਣਾ ਦਿੱਤਾ। ਸੱਭ ਪਾਸਾ ਵੱਟ ਦੇ ਕਿੰਦੇ ਤੋਂ ਦੂਰ ਰਹਿਣ ਦੀ ਸੋਚਦੇ। ਕਿੰਦੇ ਦੀ ਸਿੰਮੀ ਜੋ ਮਿੰਟ ਵੀ ਉਹਤੋਂ ਪਰਾਂ ਨਹੀ ਸੀ ਹੁੰਦੀ,ਅੱਜ ਨੌਕਰੀ ਤੇ ਲੱਗੀ ਕੰਨਾਂ ‘ਚ ਟੂਟੀਆਂ ਲਾਈ ਉਸੇ ਹੀ ਬੱਸ ਵਿੱਚ ਬੈਠੀ ਆ ਰਹੀ ਸੀ।ਨਸ਼ੇ ਦੇ ਓਵਰਡੋਜ਼ ਕਾਰਨ ਕਿੰਦੇ ਨੂੰ ਉਲਟੀ ਲੱਗ ਗਈ,ਜੋ ਬੱਸ ਵਿੱਚ ਮੂਧਾ ਪਿਆ ਉੱਛਲ ਰਿਹਾ ਸੀ। ਕਿੰਦੇ ਦੀਆਂ ਆਦਤਾਂ ਤੋਂ ਜਾਣੂ ਕੰਡੈਕਟਰ ਉਹਨੂੰ ਬੱਸ ਰੋਕ ਕੇ ਥੱਲੇ ਉਤਾਰਨ ਲਈ ਧੱਕੇ ਦਿੰਦਾ ਹੋਇਆ ਬੋਲਿਆ, ‘ਘੱਟ ਮਰ ਲਿਆ ਕਰੋ,,,ਸਾਲਿਉ,,,,ਜੇ ਨਹੀਂ ਪੱਚਦਾ,,,ਆਹ ਤੇਰੀ ਮਾਂ ਸਾਫ ਕਰੂ’।

ਇੰਨੇ ਨੂੰ ਇੱਕ ਔਰਤ ਚੁੰਨੀ ਨਾਲ ਉਲਟੀ ਆਲੀ ਥਾਂ ਸਾਫ ਕਰਦੀ ਹੋਈ ਪੈਂਦੇ ਧੱਕਿਆਂ ‘ਚ ਕਿੰਦੇ ਨਾਲ ਹੀ ਉੱਤਰ ਗਈ। ਬੱਸ ਤੁਰਨ ਲੱਗੀ,ਸਾਰੀਆਂ ਸਵਾਰੀਆਂ ਦੇ ਨਾਲ ਸਿੰਮੀ ਵੀ ਉਸ ਔਰਤ ਦਾ ਮੂੰਹ ਦੇਖਣ ਨੂੰ ਕਾਹਲੀ ਸੀ ਜੋ ਕਿੰਦੇ ਨੂੰ ਗੋਦੀ ‘ਚ ਬਿਠਾਈ ਰੋ ਰਹੀ ਸੀ।ਭੁੱਬਾਂ ਮਾਰ ਰੋਂਦੀ ਨਾਲੇ ਤਾਂ ਉਹ ਕਿੰਦੇ ਦਾ ਮੂੰਹ ਸਾਫ ਕਰ ਰਹੀ ਸੀ ਨਾਲੇ ਵੱਡੇ ਘਰ ਆਲਿਆਂ ਦੇ ਜਾਗਰ ਨੂੰ ਗਾਲਾਂ ਕੱਢ ਰਹੀ ਸੀ ਜੀਹਨੇ ਚੜਦੀ ਉਮਰੇ ਉਹਦਾ ਸਿਰ ਦਾ ਸਾਂਈ ਕੱਖੋਂ ਹੌਲਾ ਕਰਦਾ ਤੇ ਹੁਣ ਉਹਦਾ ਪੁੱਤ ਵੀ ਉਸੇ ਰਾਹ ਤੇ ਤੋਰਤਾ। ਉਹ ਉਹੀਉ ਔਰਤ ਸੀ ਜਿਹਨੂੰ ਤਿੰਨ ਸਾਲ ਪਹਿਲਾਂ ਕਿੰਦੇ ਨੇ ਉਹਨੂੰ ਪਹਿਚਾਨਣ ਤੋਂ ਨਾਂਹ ਕਰ ਦਿੱਤੀ ਸੀ ਤੇ ਜੀਹਦੇ ‘ਚੋਂ ਭੈੜੀ ਬਦਬੂ ਆ ਰਹੀ ਸੀ।।।
ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਉ।।।

Categories Emotional
Tags
Share on Whatsapp