ਕਿਤਾਬ

ਗ਼ਰੀਬ ਵਿਦਿਆਰਥੀ ਹੋਣ ਕਰਕੇ ਮੈਂ ਪੱਤਰਕਾਰੀ ਦਾ ਕੰਮ ਕਰਦਾ ਸੀ…ਜਵਾਂ ਰੱਦੀ ਕੰਮ ਹੈ ਇਹ …ਪਰ ਹੋਰ ਕੋਈ ਚਾਰਾ ਈ ਨਹੀਂ ਸੀ।ਈਵਨਿੰਗ ਕਾਲਜ ਚ ਦਾਖ਼ਲਾ ਲੈਣ ਲਈ ਪੈਸੇ ਚਾਹੀਦੇ ਸਨ ,ਦਿਨੇ ਸਾਰਾ ਦਿਨ ਪੱਤਰਕਾਰੀ ਕਰਦਾ ,ਰਾਤੀਂ ਕਾਲਜ ਪੜ੍ਹਨ ਜਾਂਦਾ। ਮੇਰੇ ਨਾਮ ਦਾ ਸਬੰਧ ਵੀ ਰਾਤ ਨਾਲ਼ ਹੈ,ਰਜਨੀ ਮਾਇਨੇ ਰਾਤ ,ਈਸ਼ ਮਾਇਨੇ ਮਾਲਕ, ਰੱਬ ,ਚੰਦਰਮਾ ਦਾ ਨਾਮ ਰਜਨੀਸ਼ ਹੈ, ਰਾਤ ਦਾ ਰਾਜਾ।
ਮਜ਼ਾਕ ਕਰਦੇ ਲੋਕ ਹੱਸਦੇ …ਅਜੀਬ ਹੈਂ ਤੂੰ ਸਾਰਾ ਦਿਨ ਕੰਮ ਕਰਦੈਂ ,ਰਾਤੀਂ ਪੜ੍ਹਨ ਚਲਾ ਜਾਨੈ, ਆਪਣੇ ਨਾਮ ਦੇ ਮਾਅਨੇ ਸਹੀ ਸਿੱਧ ਕਰਨ ਲੱਗਿਆਂ ਕਿ?ਹੁਣ ਕੀ ਜਵਾਬ ਦੇ ਸਕਦਾਂ ਹਾਂ। ਸਾਰੀ ਉਮਰ ਮੈਂ ਆਪਣੇ ਨਾਮ ਦੇ ਮਾਇਨੇ ਸਹੀ ਕਰਨ ਚ ਲਾ ਦਿੱਤੀ,ਪੂਰਨਮਾਸ਼ੀ ਦੇ ਚੰਨ ਤੋਂ ਸੋਹਣਾ ਹੋਰ ਹੋ ਵੀ ਕੀ ਸਕਦੈ? ਸੋ ਉਹਨੀ ਦਿਨੀ ਇਸ ਗ਼ਰੀਬ ਰਜਨੀਸ਼ ਵਿਦਿਆਰਥੀ ਨੂੰ ਸਾਰਾ ਦਿਨ ਕੰਮ ਕਰਨਾ ਪੈਂਦਾ ।ਗ਼ਰੀਬੀ ਜਾਂ ਅਮੀਰੀ ਕੀ ਕਰੇਗੀ ਮੇਰਾ, ਮੈਂ ਤਾਂ ਹਾਂ ਹੀ ਪੂਰਾ ਸ਼ੈਦਾਈ ਜਦੋਂ।

ਮੰਗ ਮੰਗ ਕੇ ਕਿਤਾਬਾਂ ਪੜ੍ਹਨੀਆਂ ਮੈਨੂੰ ਪਸੰਦ ਨਹੀਂ। ਸੱਚ ਪੁੱਛੋਂ ਤਾਂ ਲਾਇਬਰੇਰੀ ਵਿਚੋਂ ਕਿਤਾਬ ਇਸ਼ੂ ਕਰਵਾਉਣ ਤੋਂ ਵੀ ਮੈਨੂੰ ਨਫ਼ਰਤ ਹੈ, ਲਾਇਬਰੇਰੀ ਦੀ ਕਿਤਾਬ ਨੂੰ ਕੋਠੇ ਵਾਲੀ ਔਰਤ ਹੀ ਸਮਝੋ ,ਲੋਕ ਇਹਨਾਂ ਦੇ ਵਾਕਾਂ ਹੇਠ ਲਕੀਰਾਂ ਲਾ ਦਿੰਦੇ ਨੇ ,ਮੈਨੂੰ ਇਹ ਬੁਰਾ ਲੱਗਦਾ,ਮੈਨੂੰ ਹਮੇਸ਼ਾਂ ਤਾਜ਼ੀ ਕਿਤਾਬ ਚਾਹੀਦੀ ਹੈ, ਜਵਾਂ ਦੁੱਧ ਵਰਗੀ ਚਿੱਟੀ।

Tertium organum ਭਾਰਤ ਵਿੱਚ ਮਹਿੰਗੀ ਕਿਤਾਬ ਸੀ, ਤੇ ਮੇਰੀ ਤਨਖ਼ਾਹ 70 ਰੁਪਏ ਮਹੀਨਾ ਸੀ, ਇਤਿਫ਼ਾਕ ਦੇਖੋ ਕਿਤਾਬ ਦੀ ਕੀਮਤ ਵੀ 70 ਰੁਪਏ ਈ ਸੀ!ਪਰ ਮੈਂ ਖ਼ਰੀਦ ਲਈ।ਬੁੱਕਸੇਲਰ ਹੈਰਾਨ ਹੋ ਗਿਆ ,ਕਹਿੰਦਾ..ਸਾਡਾ ਤਾਂ ਕੋਈ ਅਮੀਰਜ਼ਾਦਾ ਵੀ ਨਾ ਖ਼ਰੀਦੇ ਇਹਨੂੰ ….ਕਹਿੰਦਾ ਮੈਂ ਪੰਜ ਸਾਲ ਹੋ ਗਏ ਧਰ ਰੱਖੀ ਆ,ਕੋਈ ਗਾਹਕ ਨਹੀਂ ਆਇਆ…ਲੋਕ ਆਉਂਦੇ ਨੇ ਰੇਟ ਦੇਖ ਕੇ ਭੱਜ ਜਾਂਦੇ ਨੇ।ਤੂੰ ਸਾਰਾ ਦਿਨ ਮਿਹਨਤ ਕਰਦਾਂ ਰਾਤੀਂ ਪੜ੍ਹਦਾਂ ਤੂੰ ਕਿਵੇਂ ਖ਼ਰੀਦ ਲਈ?

ਮੈਂ ਕਿਹਾ…ਜ਼ਿੰਦਗ਼ੀ ਵੱਟੇ ਵੀ ਜੇ ਲੈਣੀ ਪਵੇ ਤਾਂ ਮੈਂ ਤਾਂ ਵੀ ਨਾ ਛੱਡਾਂ। ਇਹਦੀ ਪਹਿਲੀ ਲਾਇਨ ਹੀ ਕਾਫ਼ੀ ਹੈ ਮੇਰੇ ਲਈ,ਜੋ ਮਰਜ਼ੀ ਕੀਮਤ ਹੋਵੇ ਲੈਣੀ ਹੀ ਲੈਣੀ ਹੈ।
ਓਸਪੈਂਸਕੀ ਦਾ ਇਹ ਵਾਕ ਪੜ੍ਹ ਕੇ ਮੈਂ ਦੰਗ ਰਹਿ ਗਿਆ—“ਮੇਰਾ ਇਹ ਗ੍ਰੰਥ ਅਰਸਤੂ ਦੇ ਗ੍ਰੰਥ ਤੋਂ ਵੀ ਪਹਿਲਾਂ ਦਾ ਹੈ”।ਉਸਦੇ ਇਸ ਵਾਕ ਨੇ ਮੇਰੇ ਸੀਨੇ ਵਿੱਚ ਗੋਲ਼ੀ ਦਾਗ਼ ਦਿੱਤੀ।

ਬੁੱਕਸੇਲਰ ਦੇ ਹੱਥ ਤੇ ਮੈਂ ਮਹੀਨੇ ਦੀ ਤਨਖ਼ਾਹ ਰੱਖੀ, ਤੁਸੀਂ ਮੰਨਣਾ ਨਹੀਂ ਈਸ਼ ਸੌਦੇ ਕਾਰਨ ਮੇਰਾ ਪੂਰਾ ਮਹੀਨਾ ਫ਼ਾਕਾਕਸ਼ੀ ਚ ਬੀਤਿਆ,ਇਹ ਹੋਣਾ ਹੀ ਸੀ। ਉਹ ਖ਼ੂਬਸੂਰਤ ਮਹੀਨਾ ਮੈਨੂੰ ਹੁਣ ਕਿਹੜਾ ਭੁੱਲਦੈ?ਨਾ ਖਾਣ ਨੂੰ, ਨਾ ਪਹਿਨਣ ਨੂੰ, ਨਾ ਸਿਰ ਤੇ ਛੱਤ।ਕਿਰਾਇਆ ਨਾ ਦਿੱਤਾ ਗਿਆ ਮਕਾਨ ਮਾਲਕ ਨੇ ਬਾਹਰ ਕੱਢ ਦਿੱਤਾ ,ਨੀਲੇ ਆਕਾਸ਼ ਹੇਠ ਮੇਰੇ ਹੱਥ tertium organum ਸੀ, ਮੈਂ ਪੂਰਾ ਖ਼ੁਸ਼ ਸਾਂ, ਸੜਕ ਦੇ ਖੰਬੇ ਦੀ ਲਾਈਟ ਹੇਠ ਬੈਠ ਕੇ ਪੜ੍ਹੀ ਸਾਰੀ…ਇਹੀ ਮੇਰਾ ਇਕਬਾਲੀਆ ਬਿਆਨ ਹੈ, ਇਹ ਕਿਤਾਬ ਮੇਰਾ ਜੀਵਨ ਹੋ ਗਈ। ਇਹ ਕਿਤਾਬ ਇਸ ਕਰਕੇ ਪਿਆਰੀ ਹੈ, ਸੋਹਣੀ ਹੈ ਕਿ ਇਸ ਦੇ ਕਰਤਾ ਓਸਪੈਂਸਕੀ ਨੂੰ ਵੀ ਨਹੀਂ ਪਤਾ ਕਿ ਕੀ ਲਿਖ ਗਿਆ,ਸੂਫ਼ੀ ਇਸਨੂੰ ਖਿਜ਼ਰ ਆਖਦੇ ਹਨ ਜਿਨ੍ਹਾਂ ਭਟਕੇ ਮੁਸਾਫ਼ਰਾਂ ਨੂੰ ਰਸਤਾ ਨਹੀਂ ਮਿਲਦਾ ,ਖ਼ੁਆਜਾ ਖਿਜ਼ਰ ਉਹਨਾਂ ਦੀ ਉਂਗਲ ਫ਼ੜਦਾ ਹੈ।

Leave a Reply

Your email address will not be published. Required fields are marked *

four × 4 =