ਖ਼ੁਸ਼ੀ ਦੀ ਖ਼ਬਰ

ਇਕ ਪਿਆਰਾ ਸੱਤ ਸਾਲਾਂ ਤੋਂ ‘ਉਸ’ ਦੇ ਇਸ਼ਕ ਵਿੱਚ ਸੀ । ਲਗਭਗ ਏਨੇ ਸਾਲਾਂ ਤੋਂ ਹੀ ਉਹ ਖੁਦਾਵੰਦ ਸ਼ਹਿਨਸ਼ਾਹ ਦੀ ਭਗਤੀ ਕਰ ਰਿਹਾ ਸੀ ਤੇ ਸਿਰਫ ‘ਉਸ’ ਦਾ ਨਾਮ ਜਪ ਰਿਹਾ ਸੀ । ਮਸਤਾਨਾ ਜਿਹਾ ਹੋ ਚੁੱਕਾ ਸੀ । ਥੋੜਾ ਉਦਾਸ ਵੀ ਰਹਿੰਦਾ । ਸੱਤ ਸਾਲਾਂ ਮਗਰੋਂ ਉਸ ਨੂੰ ਸੁਨੇਹਾਂ ਮਿਲਿਆ, “ਤੇਰੀ ਤਪੱਸਿਆ ਪ੍ਰਵਾਨ ਨਹੀਂ ਕੀਤੀ ਗਈ, ਬੰਦ ਕਰ ਇਸ ਪਖੰਡ ਨੂੰ, ਰੱਦ ਦਿੱਤੇ ਗਏ ਹਨ ਤੇਰੇ ਸਭ ਯਤਨ”
ਸਭ ਹੈਰਾਨ ਸਨ ਤੇ ਫ਼ਕੀਰ ਲਈ ਉਦਾਸ ਵੀ, ਕਿ ਉਸ ਦੀ ‘ਮਸਕਤਿ’ ਅਜਾਈਂ ਗਈ ।
ਪਰ, ਇਹ ਕੀ,
ਫ਼ਕੀਰ ਉੱਠ ਕੇ ਨੱਚਣ ਲੱਗਾ, ਮਸਤੀ ਵਿਚ ਝੂਮਦਾ ਹੋਇਆ ਉਹ ਉੱਚੀ ਉੱਚੀ ਹੱਸ ਰਿਹਾ ਸੀ । ਕਿਸੇ ਨੇ ਪੁੱਛਿਆ, ‘ਪਾਗਲ ਹੋ ਗਿਆ ਹੈਂ…. ਸੁਣਿਆਂ ਨਹੀਂ ਤੈਂ… ਤੇਰਾ ਤਪ ਪ੍ਰਵਾਨ ਨਹੀਂ ਕੀਤਾ ਗਿਆ…?’
‘ਕੋਈ ਫਰਕ ਨਹੀਂ ਪੈਂਦਾ…’ ਉਹ ਨੱਚਦਾ ਹੋਇਆ ਬੋਲਿਆ ।
‘ਕਿਉਂ…. ਤੇਰੀ ਮਿਹਨਤ ਨੂੰ ਫਲ ਨਹੀਂ ਲੱਗਾ, ਆਸਾਂ ਨੂੰ ਬੂਰ ਨਹੀਂ ਪਿਆ… ਤੈਨੂੰ ਕੋਈ ਦੁੱਖ ਨਹੀਂ…?’
‘ਨਹੀਂ…. ਮੈਨੂੰ ਤਾਂ ਸਗੋ ਇਸ ਗੱਲ ਦੀ ਖ਼ੁਸ਼ੀ ਹੈ ਕਿ ਸੱਤ ਸਾਲਾਂ ਬਾਅਦ ਹੀ ਸਹੀ ‘ਉਸ’ ਨੇ ਮੈਨੂੰ ਯਾਦ ਤਾਂ ਕੀਤਾ…. ਇਹ ਤਾਂ ਸਾਫ ਹੋ ਗਿਆ ਨਾ ਕਿ ‘ਓਹਦੇ’ ਤੇ ਮੇਰੇ ਵਿੱਚ ਕੋਈ ਹਿਸਾਬ ਕਿਤਾਬ ਹੈ…. ਆਹ ਪ੍ਰਵਾਨ ਕੀਤੇ ਗਿਆਂ ਦੀ ਕਿਤਾਬ ਹੈ, ਆਹ ਰੱਦ ਕੀਤੇ ਗਿਆਂ ਦੀ… ਉਸ ਦੀ ਕਿਸੇ ਕਿਤਾਬ ‘ਚ ਮੇਰਾ ਨਾਂ ਤਾਂ ਆਇਆ… ਇਹ ਬਹੁਤ ਖ਼ੁਸ਼ੀ ਦੀ ਖ਼ਬਰ ਹੈ….’ ਤੇ ਉਹ ਲਗਾਤਾਰ ਨੱਚਦਾ ਰਿਹਾ…

ਜਗਦੀਪ ਸਿੰਘ ਫਰੀਦਕੋਟ ਜੀ ਦੀ ਫੇਸਬੁੱਕ ਵਾਲ ਤੋਂ

  • ਲੇਖਕ: Jagdeep Singh Faridkot
Share on Whatsapp