ਖੋਜੀ ਦੀ ਨਿਰਾਸ਼ਤਾ ਭਾਗ 4 – ਭਾਈ ਰਘਬੀਰ ਸਿੰਘ ਜੀ ਬੀਰ

ਕੁਝ ਦਿਨਾਂ ਤੋਂ ਬਾਅਦ ਦੇਸ਼ ਦੇ ਰਾਜੇ ਦੇ ਪ੍ਰਬੰਧ ਹੇਠ ਖੋਜੀ ਦੇ ਯੋਗ ਸਤਿਕਾਰ ਲਈ ਬੜਾ ਆਲੀਸ਼ਾਨ ਪੰਡਾਲ ਸਜਾਇਆ ਗਿਆ ਅਤੇ ਇਸ ਦੇ ਚਾਰੇ ਦਰਵਾਜ਼ੇ ਖੁਬ ਸ਼ਿੰਗਾਰੇ ਗਏ। ਇਕ ਤੇ ਲਿਖਿਆ ਗਿਆ ‘ਦੇਸ਼ ਵਲੋਂ ਖੋਜੀ ਨੂੰ ਜੀ ਆਇਆਂ’ ਦੂਜੇ ਤੇ ਲਿਖਿਆ ਗਿਆ ‘ਦੇਸ਼ ਨੂੰ ਖੋਜੀ ਤੇ ਮਾਣ ਹੈ। ਤੀਜੇ ਤੇ ਲਿਖਿਆ ਗਿਆ, ਖੋਜੀ ਜਿਹਾ ਮਹਾਂਪੁਰਸ਼ ਸੰਸਾਰ ਤੇ ਨਾ ਜਨਮਿਆ ਤੇ ਨਾ ਜਨਮੇਗਾ ਚੋਥੇ ਤੇ ਲਿਖਿਆ ਗਿਆ ‘ਖੋਜੀ ਧੰਨ ਹੈ। ਰਾਜ ਮਹੱਲ ਤੋਂ ਪੰਡਾਲ ਤਕ ਸੜਕ ਧੁਆ ਕੇ ਉਸ ਤੇ ਕਾਲੀਨ ਗਲੀਚੇ ਵਿਛਾਏ ਗਏ।

ਨੀਅਤ ਕੀਤੇ ਸਮੇਂ ਉੱਤੇ ਖੋਜੀ ਦੀ ਸਵਾਰੀ ਸ਼ਾਹੀ ਮਹੱਲ ਤੋਂ ਡਾਹਢੀ ਸ਼ਾਨ-ਸ਼ੌਕਤ ਨਾਲ ਨਿਕਲੀ। ਦੇਸ਼ ਦਾ ਰਾਜਾ, ਰਾਜੇ ਦੇ ਵਜ਼ੀਰ, ਅਹਿਲਕਾਰ, ਫੌਜੀ ਅਫ਼ਸਰ ਖੋਜੀ ਦੀ ਪਾਲਕੀ ਨੂੰ ਮੋਢਿਆਂ ਤੇ ਚੁਕੀ ਜਾ ਰਹੇ ਸਨ। ਪਾਲਕੀ ਦੇ ਅੱਗੇ ਰਾਜੇ ਦੀਆਂ ਫੌਜਾਂ, ਪਲਟਨਾਂ ਤੇ ਰਸਾਲੇ ਸਨ, ਜਿਨ੍ਹਾਂ ਦੇ ਅੱਗੇ ਕਈ ਕਿਸਮ ਦੇ ਵਾਜੇ ਵਜ ਰਹੇ ਸਨ। ਖੋਜੀ ਦੀ ਪਾਲਕੀ ਦੇ ਪਿਛੇ ਦੇਸ਼ ਦੀਆਂ ਸੰਭ ਵੱਡੀਆਂ-ਵੱਡੀਆਂ ਸਭਾ ਸੁਸਾਇਟੀਆਂ ਦੇ ਪ੍ਰਤੀਨਿਧ ਹੱਥਾਂ ਵਿਚ ਆਪੋ-ਆਪਣੀ ਸੁਸਾਇਟੀ ਦੇ ਝੰਡੇ ਲਈ ਖੋਜੀ ਦੀ ਜੈ’ ‘ਖੋਜੀ ਧੰਨ ਹੈ’ ਦੇ ਨਾਅਰੇ ਲਗਦੇ ਜਾ ਰਹੇ ਸਨ। ਸੜਕ ਦੇ ਦੋਹਾਂ ਪਾਸਿਆਂ ਤੋਂ ਖੋਜੀ ਦੀ ਪਾਲਕੀ ਉਤੇ ਦੇਸ਼ ਦੀਆਂ ਇਸਤ੍ਰੀਆਂ ਫੁੱਲਾਂ ਦੀ ਵਰਖਾ ਕਰ ਰਹੀਆਂ ਸਨ।

ਬੜੀ ਸਜ ਧਜ ਨਾਲ ਖੋਜੀ ਦੀ ਸਵਾਰੀ ਜਦ ਪੰਡਾਲ ਵਿਚ ਪਹੁੰਚੀ ਤਾਂ ਕਿਲ੍ਹੇ ਤੋਂ ਤੋਪਾਂ ਦੇ ਫ਼ਾਇਰ ਖੋਜੀ ਦੀ ਸਲਾਮੀ ਵਜੋਂ ਕੀਤੇ ਗਏ। ਪੰਡਾਲ ਵਿਚ ਸ਼ਾਹਾਨਾ ਠਾਠ ਦੀ ਸੰਜੀ ਸੋਨੇ ਦੀ ਕੁਰਸੀ ਤੇ ਖੋਜੀ ਨੂੰ ਬਿਠਾਇਆ ਗਿਆ ਅਤੇ ਦੇਸ਼ ਦੇ ਉਚ ਘਰਾਣਿਆਂ ਦੀਆਂ ਇਸਤੀਆਂ ਵਲੋਂ ਖੋਜੀ ਦੀ ਆਰਤੀ ਤੇ ਪੂਜਾ ਕੀਤੀ ਗਈ। ਦੇਸ਼ ਦੀ ਮਹਾਰਾਣੀ ਵਲੋਂ, ‘ਖੋਜੀ ਧੰਨ ਹੈਂ, ਖੋਜੀ ਦਾ ਦੇਸ਼ ਧੰਨ ਹੈਂ, “ਖੋਜੀ ਦੇ ਦੇਸ਼ ਵਾਸੀ ਧੰਨ ਹਨ ਦੇ ਜੈਕਾਰੇ ਲਗਾਏ। ਉਪਰੰਤ ਦੇਸ਼ ਦੇ ਸਭ ਤੋਂ ਵੱਡੇ ਪੰਡਤ ਵਲੋਂ ਖੋਜੀ ਦੀ ਸੇਵਾ ਵਿਚ ਹੇਠ ਲਿਖਿਆ ਮਾਣ ਪੱਤਰ ਪੜਿਆ ਗਿਆ –

‘ਦੇਸ਼ ਤੇ ਕੌਮ ਦੀ ਸ਼ਾਨ, ਪਰਮ ਉਪਕਾਰੀ, ਪੂਜਨੀਕ ਤੇ ਸਤਿਕਾਰ ਯੋਗ ਖੋਜੀ ਜੀਓ । .

ਅਮੁੱਕ ਅਤੇ ਅਥਾਹ ਖਜ਼ਾਨੇ ਨੂੰ ਲੱਭ ਕੇ, ਉਸ ਤੱਕ ਸੁੰਦਰ ਰਸਤਾ ਬਨਾਣ ਅਤੇ ਉਸ ਰਸਤੇ ਦੇ ਸਾਰੇ ਹਾਲ, ਸਾਰੇ ਭੇਦ ਤੇ ਹਿਦਾਇਤਾਂ ਦੇਸ਼ ਭਾਸ਼ਾ ਵਿਚ ਪੁਸਤਕ ਦੀ ਸ਼ਕਲ , ਅੰਦਰ ਛਪਵਾ ਕੇ ਸਾਰੇ ਦੇਸ਼ ਵਾਸੀਆਂ ਤੱਕ ਪਹੁੰਚਾਣ ਦੀ ਜੋ ਆਪ ਨੇ ਖੇਚਲ, ਕ੍ਰਿਪਾ ਅਤੇ ਉਪਕਾਰ ਕੀਤਾ ਹੈ ਉਸ ਦੇ ਧੰਨਵਾਦ ਨੂੰ ਜ਼ਾਹਿਰ ਕਰਨ ਹਿਤ ਆਪ ਦੇ ਦੇਸ਼ ਦਾ ਰਾਜਾ ਤੇ ਪਰਜਾ ਅੱਜ ਆਪ ਦੀ ਸੇਵਾ ਵਿੱਚ ਇਕੱਤਰ ਹੋਏ ਹਨ। ਅਸਲ ਵਿਚ ਤਾਂ ਜੋ ਉਪਕਾਰ ਤੇ ਕ੍ਰਿਪਾਲਤਾ ਆਪ ਨੇ ਸਾਡੇ ਤੇ ਕੀਤੀ ਹੈ ਉਸਦਾ ਧੰਨਵਾਦ ਕਿਸੇ ਤਰ੍ਹਾਂ ਵੀ ਨਹੀਂ ਕੀਤਾ ਜਾ ਸਕਦਾ, ਪਰ ਫਿਰ ਵੀ ਇਸ ਸਬੰਧ ਵਿਚ ਕੁਝ ਦਿਲੀ ਜਜ਼ਬਾਤ ਨੂੰ ਪ੍ਰਗਟ ਕਰਨ ਦਾ ਯਤਨ, ਇਸ ਸਮਾਗਮ ਦਵਾਰਾ ਕੀਤਾ ਗਿਆ ਹੈ।

ਜਦ ਤੋਂ ਸ਼ਿਸ਼ਟੀ ਰਚੀ ਗਈ, ਅੱਗੇ ਕਿਸੇ ਪੁਰਸ਼ ਨੇ ਸੰਸਾਰ ਦੀ ਆਪ ਜੈਸੀ ਸੇਵਾ ਨਹੀਂ ਕੀਤੀ। ਅੱਜ ਤਕ ਇਨਸਾਨ ਨੂੰ ਇਨਸਾਨ ਵਲੋਂ ਜੋ ਕੁਝ ਮਿਲਦਾ ਰਿਹਾ, ਉਹ ਕੇਵਲ ਨਾਮ ਤੇ ਗਿਣਤੀ ਦੀਆਂ ਹੱਦਾਂ ਵਿਚ ਸੀ, ਇਸ ਲਈ ਮੁੱਕ ਜਾਣ ਵਾਲਾ ਜਾਂ ਨਾਸ ਹੋ ਜਾਣ ਵਾਲਾ ਸੀ, ਪਰ ਆਪ ਦੀ ਪਵਿੱਤ ਪੁਸਤਕ ਵਿਚ ਦੱਸਿਆ ਗਿਆ ਹੈ ਕਿ ਆਪ ਨੇ ਜੋ ਖਜ਼ਾਨਾ ਲੱਭਾ ਹੈ, ਉਸ ਨੂੰ ਜਿਤਨਾ ਵਰਤੋ ਉਤਨਾ ਹੀ ਹੋਰ ਭਰ ਜਾਂਦਾ ਹੈ , ਇਸ ਲਈ ਆਪ ਦਾ ਖਜ਼ਾਨਾ ਅਮੁੱਕ ਤੇ ਅਥਾਹ ਹੈ। ਸੰਸਾਰ ਅਤੇ ਸੰਸਾਰੀ ਲੋਕਾਂ ਦੇ ਇਸ ਤੋਂ ਵੱਡੇ ਕੀ ਭਾਗ ਹੋ ਸਕਦੇ ਹਨ ਕਿ ਉਹਨਾਂ ਵਿਚ ਆਪ ਜੈਸਾ ਮਹਾਂਪੁਰਸ਼ ਪੈਦਾ ਹੋਵੇ ਅਤੇ ਉਹਨਾਂ ਨੂੰ ਇਕ ਐਸੇ ਖਜ਼ਾਨੇ ਦਾ ਪਤਾ ਦੇਵੇ ਜੋ ਵਰਤਿਆਂ ਮੁਕਦਾ ਨਹੀਂ। ਸਾਡੇ ਦੇਸ਼ ਦੇ ਵੱਡੇ-ਵੱਡੇ ਜੌਹਰੀ ਇਸ ਬਾਤ ਦੀ ਗਵਾਹੀ ਦੇਂਦੇ ਹਨ ਕਿ ਜੋ ਜਵਾਹਰਾਤ ਆਪ ਨੇ ਆਪਣੇ ਅਮੁੱਲ ਖਜ਼ਾਨੇ ਤੋਂ ਲਿਆ ਕੇ ਉਹਨਾਂ ਨੂੰ ਦਿਤੇ ਹਨ, ਉਹਨਾਂ ਵਰਗੇ ਜਵਾਹਰਾਤ ਸਾਡੀ ਧਰਤੀ ਤੇ ਪੈਦਾ ਹੀ ਘਟ ਹੁੰਦੇ ਹਨ। ਇਸ ਲਈ ਸਾਡੇ ਦੇਸ ਤੇ ਸਾਡੀ ਕੌਮ ਨੂੰ ਮਾਣ ਹੈ ਕਿ ਆਪ ਵਰਗਾ ਮਹਾਂਪੁਰਸ਼ ਸਾਡੇ ਵਿਚੋਂ ਪੈਦਾ ਹੋਇਆ, ਆਪ ਦੇ ਮਾਤਾ ਅਤੇ ਪਿਤਾ ਧੰਨ ਹਨ, ਜਿਨ੍ਹਾਂ ਆਪ ਜੈਸੇ ਉਪਕਾਰੀ ਨੂੰ ਜਨਮ ਦਿੱਤਾ।

ਸਤਿਕਾਰਯੋਗ ਖੋਜੀ ਜੀਓ ਆਪ ਇਹ ਸੁਣ ਕੇ ਖੁਸ਼ ਹੋਵੋਗੇ

ਕਿ ਆਪ ਦੇ ਦੇਸ਼ ਵਾਸੀ ਆਪ ਦੀ ਕਿਤਨੀ ਕਦਰ ਕਰਦੇ ਹਨ। ਆਪ ਦੀ ਲਿਖੀ ਪੁਸਤਕ ਨੂੰ ਆਪ ਵਰਗਾ ਹੀ ਪਵਿੱਤਰ ਤੇ ਪੂਜਨੀਕ ਸਮਝਿਆ ਜਾਂਦਾ ਹੈ। ਆਪ ਦੀ ਪਵਿੱਤਰ ਪੁਸਤਕ ਦੀ ਘਰ ਘਰ ਵਿੱਚ ਪੂਜਾ ਹੁੰਦੀ ਹੈ ਅਤੇ ਇੰਝ ਜਾਪਦਾ ਹੈ ਕਿ ਆਪ ਆਪਣੀ ਪੁਸਤਕ ਦੇ ਰਾਹੀਂ ਸਦਾ ਸਾਡੇ ਦਿਲਾਂ ਵਿਚ ਵਸਦੇ ਹੋ। ਆਪ ਦੀ ਪੁਸਤਕ ਅੱਗੇ ਅਸੀਂ ਫੁੱਲ ਚੜਾਂਦੇ ਹਾਂ, ਧੁਪ ਜਗਾਂਦੇ ਹਾਂ, ਚੌਰ ਕਰਦੇ ਹਾਂ ਅਤੇ ਉਸ ਨੂੰ ਰੇਸ਼ਮੀ ਅਤੇ ਸਰਦੀਆਂ ਵਿਚ ਮਖ਼ਮਲੀ ਪੁਸ਼ਾਕਾਂ ਆਪ ਦੀ ਪੁਸਤਕ ਨੂੰ ਪਹਿਨਾਈਆਂ ਜਾਂਦੀਆਂ ਹਨ, ਗੱਲ ਕੀ ਆਪ ਦੀ ਪੁਸਤਕ ਦੀ ਅਸੀਂ ਉਸੇ ਤਰਾਂ ਇਜ਼ਤ ਕਰਦੇ ਹਾਂ ਜਿਵੇਂ ਕਿ ਸਾਨੂੰ ਆਪ ਦੀ ਇਜ਼ਤ ਹੈ। ਆਪ ਦੀ ਪੁਸਤਕ ਵਿਚ ਦੱਸੇ ਰਸਤੇ ਨੂੰ ਅਸੀਂ ਦੁਨੀਆਂ ਦੇ ਕੁਲ ਰਸਤਿਆਂ ਤੋਂ ਪਵਿੱਤਰ ਤੇ ਚੰਗਾ ਰਸਤਾ ਸਮਝਦੇ ਹਾਂ। ਜੋ ਪੁਰਸ਼ ਆਪ ਦੀ ਪੁਸਤਕ ਜਾਂ ਆਪ ਦੇ ਰਸਤੇ ਨੂੰ ਸਾਡੇ ਵਾਂਗਰ ਹੀ ਪੁਜਣ ਅਤੇ ਸਤਿਕਾਰ ਕਰਨ ਲਈ ਤਿਆਰ ਨਾ ਹੋਵੇ, ਅਸੀਂ ਉਸਨੂੰ ਮਹਾਂ ਭੁੱਲਿਆ ਹੋਇਆ, ਅਭਾਗਾ ਤੇ ਨੀਚ ਇਨਸਾਨ ਸਮਝਦੇ ਹਾਂ। ਆਪ ਦਾ ਜਨਮ ਦਿਨ ਅਤੇ ਆਪ ਦੀ ਪੁਸਤਕ ਦੇ ਲਿਖੇ ਜਾਣ ਦੇ ਦਿਨ ਨੂੰ ਅਸੀਂ ਮਹਾਂ ਪਵਿੱਤਰ ਦਿਹਾੜੇ ਸਮਝਦੇ ਹਾਂ। ਉਸ ਦਿਨ ਅਸੀਂ ਸਭ ਇਕੱਤਰ ਹੋ ਕੇ ਆਪ ਦੀ ਜੀਵਨ ਕਥਾ ਦੋਹਰਾਂਦੇ ਹਾਂ ਅਤੇ ਸਭ ਨੂੰ ਦਸਦੇ ਹਾਂ ਕਿ ਕਿਵੇਂ ਆਪ ਨੂੰ ਅਮੁੱਕ ਖਜ਼ਾਨਾ ਪਾਪਤ ਹੋਇਆ, ਕਿਵੇਂ ਆਪ ਨੇ ਅਨੇਕਾਂ ਪ੍ਰਕਾਰ ਦੇ ਕਸ਼ਟ ਸਹਾਰ ਕੇ ਉਸ ਖਜ਼ਾਨੇ ਤਕ ਪਹੁੰਚਣ ਦਾ ਰਸਤਾ ਤਿਆਰ ਕੀਤਾ, ਕਿਵੇਂ ਆਪ ਨੇ ਉਸ ਰਸਤੇ ਸਬੰਧੀ ਪੂਰੀ ਜਾਣ ਪਛਾਣ ਕਰਵਾਣ ਵਾਲੀ ਪਵਿੱਤਰ ਪੁਸਤਕ ਰਚੀ ਅਤੇ ਕਿਵੇਂ ਉਸ ਪੁਸਤਕ ਨੂੰ ਪੜ੍ਹਨ ਦਾ ਉਚ ਨੀਚ, ਰਾਜਾ ਪਰਜਾ, ਇਸਤਰੀ ਮਰਦ ਨੂੰ ਇਕੋ ਜਿਹਾ ਅਧਿਕਾਰ ਦਿੱਤਾ। ਇਹਨਾਂ ਸਿਫ਼ਤਾਂ ਵਾਲਾ ਇਨਸਾਨ ਸਾਡੀ ਸਮਝ ਵਿਚ ਕੋਈ ਵਲੀ ਪੈਗੰਬਰ ਜਾਂ ਅਵਤਾਰ ਹੀ ਹੋ ਸਕਦਾ ਹੈ , ਇਸ ਲਈ ਅਸੀਂ ਆਪ ਨੂੰ ਇਨਸਾਨ ਨਹੀਂ, ਅਵਤਾਰ ਮੰਨਦੇ ਹਾਂ ਅਤੇ ਅਵਤਾਰ ਵੀ ਉਹ ਜਿਸ ਨੇ ਪਹਿਲੇ ਸਭ ਅਵਤਾਰਾਂ ਨੂੰ ਮਾਤ ਪਾ ਦਿਤਾ ਹੋਵੇ। ਸੱਚ ਪੁਛੋ ਤਾਂ ਸਾਡੇ ਵਿਚੋਂ ਬਹੁਤ ਸਾਰਿਆਂ ਦਾ ਨਿਸ਼ਚਾ ਹੈ ਕਿ ਤੁਸੀਂ ਖੁਦ ਈਸ਼ਵਰ ਹੋ ਅਤੇ ਸਾਨੂੰ ਪਾਪੀਆਂ ਨੂੰ ਅਮੁੱਕ ਖਜ਼ਾਨੇ ਦਾ ਪਤਾ ਦੇ ਕੇ ਤਾਰਨ ਆਏ ਹੋ।

Share on Whatsapp