ਸੱਤ ਸਮੁੰਦਰੋਂ ਪਾਰ ਵੀ ਹੁੰਦੀਆਂ ਨੇ ਕਰਾਮਾਤਾਂ

ਕਿਸੇ ਨੇ ਗੱਲ ਸੁਣਾਈ ਕੇ ਪੰਜਾਬੋਂ ਕਨੇਡਾ ਪੜਨ ਆਏ ਦੀ ਨਾਲ ਪੜਦੀ ਗੋਰੀ ਨਾਲ ਨੇੜਤਾ ਵੱਧ ਗਈ ਤੇ ਨਾਲ ਹੀ ਡਰੱਗਾਂ ਤੇ ਲੱਗ ਗਿਆ ! ਕੁਝ ਮਹੀਨਿਆਂ ਵਿਚ ਹੀ ਬੁਰਾ ਹਾਲ ਹੋ ਗਿਆ ..ਨਾਲਦਿਆਂ ਨੂੰ ਆਖਿਆ ਕਰੇ ਕੇ ਮਰਨ ਨੂੰ ਜੀ ਕਰਦਾ !

ਮਾਂ ਬਾਪ ਨਿੱਕੇ ਹੁੰਦਿਆਂ ਹੀ ਤੁਰ ਗਏ ਸਨ ਤੇ ਦਾਦੇ ਨੇ ਹੀ ਨਿੱਕੇ ਹੁੰਦਿਆਂ ਤੋਂ ਪਾਲਿਆ ਸੀ ਤੇ ਓਦੇ ਨਾਲ ਹੀ ਜ਼ਿਦ ਕਰ ਬਾਹਰ ਪੜਨ ਆਇਆ ਸੀ !
ਖੈਰ ਕਿਸੇ ਤਰਾਂ ਗੱਲ ਦਾਦੇ ਤੱਕ ਪਹੁੰਚ ਗਈ ! ਬਜ਼ੁਰਗ ਆਖਣ ਲੱਗਾ ਪੁੱਤ ਨਾ ਤੇ ਹੁਣ ਬਾਹਵਾਂ ਵਿਚ ਜ਼ੋਰ ਰਿਹਾ ਈ ਤੇ ਨਾ ਹੀ ਵਜੂਦ ਵਿਚ ਏਨੀ ਤਾਕਤ ਕੇ ਕੋਈ ਐਸਾ ਵੈਸਾ ਧੱਕਾ ਬਰਦਾਸ਼ਤ ਕਰ ਸਕੇ ਪਰ ਏਨਾ ਜਰੂਰ ਆਖਦਾ ਹਾਂ ਕੇ ਉਸ ਗੋਰੀ ਦਾ ਪਿੱਛਾ ਛੱਡ ਦੇ …!
ਅੱਗੋਂ ਕਹਿੰਦਾ ਨਹੀਂ ਛੱਡਿਆ ਜਾਂਦਾ ..ਜਦੋਂ ਸ਼ਾਮ ਪੈਂਦੀ ਤੇ ਪਤਾ ਨੀ ਦਿਮਾਗ ਤੇ ਕੀ ਚੀਜ ਭਾਰੂ ਹੋ ਜਾਂਦੀ ਤੇ ਮਲੋ ਮੱਲੀ ਕਾਰ ਉਸਦੇ ਅੱਪਾਰਟਮੈਂਟ ਵੱਲ ਨੂੰ ਮੁੜ ਜਾਂਦੀ ਹੈ ਤੇ ਬੱਸ ..!

ਦਾਦਾ ਕਹਿਣ ਲੱਗਾ ਕੇ ਪੁੱਤ ਇਲਾਜ ਤੇ ਹੈ ਇੱਕ ਜੇ ਮੰਨੇ ਤਾਂ …ਅੱਗੋਂ ਆਹਂਦਾ ਦਾਦੂ ਜੋ ਕਹੇਂਗਾ ਮਨੂੰਗਾ ਮੈਨੂੰ ਬੱਸ ਇਸ ਚਿੱਕੜ ਚੋਂ ਬਾਹਰ ਕੱਢ !
ਥੋੜੀ ਦੇਰ ਚੁੱਪ ਰਹਿਣ ਮਗਰੋਂ ਦਾਦਾ ਆਖਣ ਲੱਗਾ ਕੇ ਪੁੱਤ ਜਦੋਂ ਮਨ ਵਿਚ ਲੋਰ ਆਉਂਦਾ ਤਾਂ ਮਨ ਕਰੜਾ ਕਰ ਕਾਰ ਗੁਰੂਦੁਆਰੇ ਵੱਲ ਨੂੰ ਮੋੜ ਲਿਆ ਕਰ ਤੇ ਗੁਰੂ ਦੀ ਹਜੂਰੀ ਵਿਚ ਅੱਖਾਂ ਬੰਦ ਕਰ ਉੱਨੀ ਦੇਰ ਤੱਕ ਬੈਠਾ ਰਿਹਾ ਕਰ ਜਿੰਨੀ ਦੇਰ ਮਨ ਵਿਚ ਉਠਦੇ ਜਵਾਰਭਾਟੇ ਸ਼ਾਂਤ ਨਹੀਂ ਹੋ ਜਾਂਦੇ ! ਬਾਕੀ ਦਰਬਾਰ ਸਾਬ ਤੱਕ ਜਾਣ ਜੋਗਾ ਤੇ ਹੈਗਾਂ ਅਜੇ ਮੈਂ ..ਨਿੱਤ ਅਰਦਾਸ ਕਰਿਆ ਕਰੂੰ ਆਪਣੇ ਪੁੱਤ ਦੀ !

ਦਾਦੇ ਦੀ ਕਹੀ ਖਾਨੇ ਪੈ ਗਈ ਤੇ ਮੁੰਡਾ ਦਿੰਨਾ ਵਿਚ ਹੀ ਮੁੜ ਲੀਹਾਂ ਤੇ ਆ ਗਿਆ !
ਪਰ ਮੈਂ ਗੱਲ ਸੁਣਦਾ ਸੋਚੀ ਜਾ ਰਿਹਾ ਸਾਂ ਕੇ ਕਰਾਮਾਤਾਂ ਸੱਤ ਸਮੁੰਦਰ ਪਾਰ ਵੀ ਹੋ ਜਾਂਦੀਆਂ ਬਸ਼ਰਤੇ ਕੇ ਗੁਰੂ ਗ੍ਰੰਥ ਸਾਬ ਦੀਆਂ ਸਿਖਿਆਵਾਂ ਤੇ ਸਚੇ ਮਨ ਨਾਲ ਟੇਕ ਰੱਖੀ ਜਾਵੇ !

Categories Emotional Spirtual
Share on Whatsapp