ਕਲਜੁਗ

ਬਿਰਤਾਂਤ ਨੰਬਰ ਇੱਕ…
ਡਾਕਟਰਾਂ ਨਾਲ ਗੰਢ-ਤਰੁੱਪ ਕਰ ਉਹ ਰਾਤ ਵੇਲੇ ਆਈ.ਸੀ.ਯੂ ਵਿਚ ਦਾਖਿਲ ਹੋਇਆ ਅਤੇ ਅੰਤਿਮ ਘੜੀਆਂ ਗਿਣਦੇ ਬਾਪ ਦਾ ਅੰਗੂਠਾ ਨਾਲ ਲਿਆਂਦੇ ਕੁਝ ਕਾਗਜਾਂ ਤੇ ਲੁਆ ਲਿਆ!
ਅਕਾਲ ਚਲਾਣੇ ਮਗਰੋਂ ਅਜੇ ਅਖੰਡ ਪਾਠ ਦਾ ਭੋਗ ਵੀ ਨਹੀਂ ਸੀ ਪਿਆ ਕੇ ਵੱਡੇ ਨੂੰ ਪਲਾਟਾਂ ਦੀ ਚਾਰਦੁਆਰੀ ਕਰਾਉਂਦਿਆਂ ਦੇਖ ਨਿੱਕਾ ਆਪੇ ਤੋਂ ਬਾਹਰ ਹੋ ਗਿਆ ਅਤੇ ਗੱਲ ਹੱਥੋਂ ਪਾਈ ਤੱਕ ਜਾ ਅੱਪੜੀ..
ਕੋਲ ਹੀ ਵੀਲ-ਚੇਅਰ ਤੇ ਬੈਠੀ ਤਰਲੇ ਲੈਂਦੀ ਹੋਈ ਮਾਂ ਰਿਸ਼ਤੇਦਾਰੀ ਅਤੇ ਆਂਢ-ਗੁਆਂਢ ਨੂੰ ਰੋ-ਰੋ ਆਖ ਰਹੀ ਸੀ ਕੇ ਲੋਕੋ ਜੇ ਕਿਸੇ ਨੂੰ ਬੱਦ-ਦੁਆ ਦੇਣੀ ਹੋਵੇ ਤਾਂ ਬਸ ਏਨਾ ਆਖ ਦਿਓ..ਕੇ ਜਾ ਰੱਬ ਤੈਨੂੰ ਮਾਪਿਆਂ ਦੀਆਂਮੜੀਆਂ ਫਰੋਲ ਫਰੋਲ ਪੈਸੇ ਲੱਭਦੀ ਲਾਲਚੀ ਔਲਾਦ ਦੇ ਦੇਵੇ”…ਥੋਡਾ ਬਦਲਾ ਆਪਣੇ ਆਪ ਪੂਰਾ ਹੋ ਜੂ

ਬਿਰਤਾਂਤ ਨੰਬਰ ਦੋ…
ਦੋਵੇਂ ਮਾਵਾਂ ਧੀਆਂ ਦੁੱਖ ਸੁਖ ਫਰੋਲਦੀਆਂ ਹਸਪਤਾਲ ਵਿਚੋਂ ਨਿੱਕਲੀਆਂ ਤੇ ਬਾਹਰ ਅੱਡੇ ਤੇ ਆਣ ਖਲੋਤੀਆਂ..
ਧੀ ਨੇ ਦਵਾਈਆਂ ਵਾਲਾ ਬੈਗ ਮਾਂ ਨੂੰ ਫੜਾਇਆ ਤੇ ਨਾਲ ਹੀ ਉਸਨੂੰ ਵੀਹਾਂ ਦਾ ਨੋਟ ਫੜਾਉਂਦੀ ਹੋਈ ਆਖਣ ਲੱਗੀ “ਆ ਲੈ ਫੜ ਰੱਖ ਲੈ ਕਿਰਾਏ ਜੋਗੇ”

ਮਾਂ ਅੱਗੋਂ ਮਨਾਂ ਕਰਦੀ ਹੋਈ ਆਖਣ ਲੱਗੀ ਕੇ ਮੈਂ ਤੇ ਥੋੜੀ ਵਾਟ ਤੱਕ ਹੀ ਜਾਣਾ..ਤੁਰ ਕੇ ਵੀ ਚਲੀ ਜਾਊਂ..ਤੂੰ ਰੱਖ ਲੈ..ਤੇਰੇ ਅਗਲਿਆਂ ਦਾ ਪਿੰਡ ਤਾਂ ਹੈ ਵੀ ਇਥੋਂ ਵਾਹਵਾ ਦੂਰ..ਤੈਨੂੰ ਤੇ ਆਟੋ ਦਾ ਕਿਰਾਇਆ ਵੀ ਦੇਣਾ ਪਊ..

ਧੀ ਨੇ ਉਸਨੂੰ ਆਪਣੇ ਬਟੂਏ ਵਿਚ ਕਿਰਾਏ ਜੋਗੇ ਬਚਾ ਕੇ ਰੱਖੇ ਪੰਦਰਾਂ ਰੁਪਈਏ ਵਿਖਾਏ ਤੇ ਆਖਿਆ ਮੇਰੀ ਫਿਕਰ ਨਾ ਕਰ..
ਤੇ ਨਾਲ ਹੀ ਵੀਹਾਂ ਦਾ ਓਹੀ ਨੋਟ ਬਦੋ-ਬਦੀ ਉਸਦੀ ਦੀ ਮੁੱਠੀ ਵਿਚ ਫੜਾਇਆ ਤੇ ਉਸਨੂੰ ਬੱਸੇ ਚਾੜ ਦਿੱਤਾ…

ਘੱਟਾ ਉਡਾਉਂਦੀ ਹੋਈ ਬੱਸ ਅੱਖੋਂ ਓਹਲੇ ਹੋ ਗਈ..

ਘੜੀ ਕੂ ਮਗਰੋਂ ਹੀ ਧੀ ਨੇ ਰੇਹੜੀ ਤੋਂ ਆਥਣ ਵੇਲੇ ਜੋਗੀ ਦਸਾਂ ਰੁਪਈਆਂ ਦੀ ਸਬਜੀ ਲਈ ਅਤੇ ਨਾਲ ਹੀ ਨਿਆਣਿਆਂ ਜੋਗੇ ਪੰਜਾਂ ਦੇ ਕੇਲੇ ਵੀ ਲੈ ਲਏ ਤੇ ਪੈਦਲ ਹੀ ਪਿੰਡ ਨੂੰ ਤੁਰ ਪਈ…

ਕਲਜੁਗ ਦੀ ਤ੍ਰਾਸਦੀ…ਥੋੜੇ ਵਿਚ ਰੱਬ ਦਾ ਸ਼ੁਕਰ ਕਰਨ ਵਾਲੇ ਇਨਸਾਨ ਅਤੇ ਤਿੱਖੀ ਧੁੱਪ ਤੋਂ ਬਚਾਉਣ ਵਾਲੇ ਸੰਘਣੇ ਰੁੱਖ ਤੇਜੀ ਨਾਲ ਘਟਦੇ ਜਾ ਰਹੇ ਨੇ….

Share on Whatsapp