ਕਬੀਰ ਖ਼ਾਨ

ਨਾਮ ਸੀ ਕਬੀਰ ਖ਼ਾਨ…ਰੇਲਵੇ ਦੇ ਮਹਿਕਮੇਂ ਦਾ ਕਮਾਲ ਦਾ ਡਰਾਈਵਰ ਮਨਿਆ ਜਾਂਦਾ ਸੀ ਉਹ
ਪੰਝੀ ਸਾਲਾਂ ਤੋਂ ਡਰਾਈਵਰੀ ਕਰਦਾ ਹੋਇਆ ਉਹ ਪਤਾ ਨੀ ਕਿੰਨੇ ਇਨਸਾਨ ਅਤੇ ਜਾਨਵਰਾਂ ਦੀ ਜਾਨ ਬਚਾ ਚੁੱਕਿਆ ਸੀ…
ਪਤਾ ਨਹੀਂ ਕਾਹਦੀ ਮੇਹਰ ਸੀ ਉਸ ਉੱਤੇ ਕੇ ਦੂਰੋਂ ਹੀ ਸੁੱਝ ਜਾਂਦੀ ਕੇ ਅੱਗੇ ਪਟੜੀ ਟੁੱਟੀ ਹੋਈ ਏ….ਫੇਰ ਹਿੱਸਾਬ ਜਿਹੇ ਨਾਲ ਐਸੀ ਬ੍ਰੇਕ ਲਾਉਂਦਾ ਕੇ ਹਰੇਕ ਦਾ ਹੀ ਬਚਾ ਹੋ ਜਾਂਦਾ..ਅਨੇਕਾਂ ਵਾਰ ਸਨਮਾਨਿਤ ਵੀ ਹੋ ਚੁੱਕਾ ਸੀ!

ਇੱਕ ਵਾਰ ਪਟੜੀ ਤੇ ਖ਼ੁਦਕੁਸ਼ੀ ਕਰਨ ਲੰਮੀ ਪਈ ਹੋਈ ਇੱਕ ਔਰਤ ਨੂੰ ਬਚਾ ਕੇ ਖੁਦ ਉਸਦੇ ਘਰ ਪੁਚਾਇਆ…
ਹੈ ਤਾਂ ਮੁਸਲਮਾਨ ਸੀ ਪਰ ਦਿਲ ਵਿਚ ਹਰ ਧਰਮ ਦਾ ਪੂਰਾ-ਪੂਰਾ ਆਦਰ ਸਨਮਾਨ ਰੱਖਦਾ ਸੀ…ਦਿੱਲੀ ਭੋਪਾਲ ਸੈਕਸ਼ਨ ਤੇ ਜਾਂਦਿਆਂ ਪਟੜੀ ਤੋਂ ਦਿਸਦੇ ਗਵਾਲੀਅਰ ਦੇ ਬੰਦੀ ਛੋੜ ਗੁਰੂਦੁਆਰੇ ਨੂੰ ਦੂਰੋਂ ਹੀ ਮੱਥਾ ਟੇਕਣਾ ਵੀ ਕਦੇ ਨਾ ਭੁੱਲਦਾ…!

ਇੱਕ ਦਿਨ ਖਬਰ ਮਿਲੀ ਕੇ ਨਿੱਕੇ ਭਰਾ ਨੂੰ ਪਿੰਡ ਵਾਲੇ ਘਰ ਵਿਚ ਗਾਂ ਦਾ ਮਾਸ ਰੱਖਣ ਦੇ ਸ਼ੱਕ ਵਿਚ ਭੀੜ ਨੇ ਬਹੁਤ ਮਾਰਿਆ ਕੁੱਟਿਆ…ਘਰੇ ਪਹੁੰਚਿਆਂ ਤਾਂ ਭਰਾ ਦੀ ਮੌਤ ਹੋ ਚੁੱਕੀ ਸੀ…ਅੰਤਮ ਰਸਮਾਂ ਮਗਰੋਂ ਵਾਪਿਸ ਡਿਊਟੀ ਤੇ ਹਾਜਿਰ ਹੋ ਗਿਆ..!
ਮਿਸ਼ਰਾ ਨਾਮ ਦਾ ਹਿੰਦੂ ਅਸਸੀਟੇਂਟ ਡਰਾਈਵਰ ਅਕਸਰ ਹੀ ਜਦੋਂ ਉਸ ਨਾਲ ਵਾਪਰੀ ਘਟਨਾ ਬਾਰੇ ਕੋਈ ਗੱਲ ਛੇੜਦਾ ਤਾਂ ਉਹ ਅੱਗੋਂ ਇਸਨੂੰ ਅਲਾਹ ਦੀ ਮਰਜੀ ਆਖ ਚੁੱਪ ਕਰਵਾ ਦਿੰਦਾ…!
ਇੱਕ ਦਿਨ ਦਿੱਲੀ-ਅੰਬਾਲਾ ਸੈਕਸ਼ਨ ਤੇ ਜਾਂਦਿਆਂ ਪਾਨੀਪਤ ਲਾਗੇ ਪਟੜੀ ਤੇ ਇੱਕ ਪਸ਼ੂ ਚਰਦਾ ਹੋਇਆ ਦੇਖ ਉਸਨੇ ਦੂਰੋਂ ਹੀ ਬ੍ਰੇਕ ਲਾਉਣੀ ਸ਼ੁਰੂ ਕਰ ਦਿੱਤੀ..ਨੇੜੇ ਜਾ ਕੇ ਦੇਖਿਆ ਤਾਂ ਗਾਵਾਂ ਦਾ ਇੱਕ ਵੱਡਾ ਸਾਰਾ ਝੁੰਡ ਸੀ..
ਮਿਸ਼ਰਾ ਆਖਣ ਲੱਗਾ ਕੇ ਖ਼ਾਨ ਸਾਬ ਨਾ ਲਾਓ ਬ੍ਰੇਕ ਤੇ ਉਡਾ ਦਿਓ ਸਾਰੇ ਦੇ ਸਾਰੇ…ਇਹਨਾਂ ਕਰਕੇ ਹੀ ਤਾਂ ਤੁਹਾਡੇ ਭਰਾ ਦੀ ਜਾਨ ਗਈ..ਕਰ ਲਵੋ ਅੱਜ ਆਪਣਾ ਬਦਲਾ ਪੂਰਾ!

ਪਰ ਉਸਨੇ ਠਰੰਮੇ ਜਿਹੇ ਨਾਲ ਬ੍ਰੇਕ ਲਾ ਗੱਡੀ ਪੂਰੀ ਤਰਾਂ ਰੋਕ ਲਈ…
ਫੇਰ ਹੇਠਾਂ ਉਤਰ ਆਪ ਹੀ ਹੱਕ ਹੱਕ ਕੇ ਸਾਰੇ ਜਾਨਵਰ ਪਟੜੀ ਤੋਂ ਲਾਂਭੇ ਕੀਤੇ ਤੇ ਮੁੜ ਏਨਾ ਆਖਦਿਆਂ ਵਾਪਿਸ ਇੰਜਣ ਵਿਚ ਚੜ ਆਇਆ ਕੇ ਮਿਸ਼ਰਾ ਜੀ ਮੁਸਲਮਾਨ ਜਰੂਰ ਹਾਂ ਪਰ ਦਹਿਸ਼ਤਗਰਦ ਨਹੀਂ!

Categories Emotional
Tags
Share on Whatsapp