ਜੰਮਣਾ ਤੇ ਮਰਣਾ

ਅਭਿਮੰਨਿਊ ਅਰਜੁਨ ਦਾ ਇਕਲੌਤਾ ਪੁੱਤਰ ਹੈ। ਮੈਦਾਨੇ ਜੰਗ ਵਿਚ ਉਸਨੂੰ ਦੁਸ਼ਮਨਾਂ ਨੇ ਮਾਰ ਦਿੱਤਾ। ਅਰਜਨ ਉਸ ਦੀ ਲਾਸ਼ ਨੂੰ ਚੁੱਕ ਲਿਅਾਇਆ ਕ੍ਰਿਸ਼ਨ ਕੋਲ, ਤੇ ਕਹਿੰਦਾ ਹੈ,
“ਭਗਵਾਨ,ਤੁਹਾਡੇ ਹੁੰਦਿਆਂ ਹੋਇਆ ਮੇਰਾ ਇਕਲੌਤਾ ਬੱਚਾ ਚਲਾ ਜਾਏ,ਮੇਹਰ ਕਰੋ ! ਬਖ਼ਸ਼ਿਸ਼ ਕਰੋ ! ਇਸ ਨੂੰ ਜ਼ਿੰਦਾ ਕਰੋ।”
ਤੇ ਹੁਣ ਕ੍ਰਿਸ਼ਨ ਵਰਗਾ ਪੁਰਸ਼ ਢੰਗ ਨਾਲ ਸਮਝਾਏਗਾ ਤੇ ਕ੍ਰਿਸ਼ਨ ਕਹਿੰਦੇ,
“ਅਰਜੁਨ, ਤੂੰ ਅਸਲੀਅਤ ਨੂੰ ਸਮਝ, ਹਕੀਕਤ ਨੂੰ ਸਮਝ।”
ਮੌਤ ਕੀ ਹੈ ਤੇ ਜ਼ਿੰਦਗੀ ਕੀ ਹੈ? ਇਸ ਦੀ ਲੰਬੀ ਚੌੜੀ ਵਿਆਖਿਆ ਹੈ ਗੀਤਾ ਵਿਚ। ਅਰਜਨ ਬਹੁਤ ਸਮਝਾਣ ਤੇ ਵੀ ਨਹੀਂ ਸਮਝਿਆ।
ਹੁਣ ਅਰਜਨ ਦੇ ਹਿਰਦੇ ‘ਤੇ ਬਹੁਤ ਗਹਿਰੀ ਸੱਟ ਵੱਜੀ ਹੈ, ਬਈ ਇਕੋ ਇਕ ਬੱਚਾ ਤੇ ਉਹ ਵੀ ਜਾਂਦਾ ਰਿਹਾ ਹੇੈ, ਤੇ ਸ੍ਰੀ ਕ੍ਰਿਸ਼ਨ ਗੀਤਾ ਵਿਚ ਗੱਲ ਪਏ ਕਰਦੇ ਨੇ। ਇਹ ਫ਼ਿਲਾਸਫ਼ੀ ਸੁਣਾਉਂਦੇ ਨੇ, ਇਹ ਰੱਬ ਦੀ ਗੱਲ ਸੁਣਾਉਂਦੇ ਨੇ ਤੇ ਰੱਬ ਦੀ ਗੱਲ ਸੁਣਨ ਵਾਸਤੇ ਵੀ ਬਕਾਇਦਾ ਇਕ ਦਰਮਿਆਨੀ ਅਵਸਥਾ ਚਾਹੀਦੀ ਹੈ, ਬਹੁਤੀ ਖ਼ੁਸ਼ੀ ਨਹੀਂ ਤੇ ਬਹੁਤਾ ਦੁਖ ਵੀ ਨਹੀਂ। ਬਹੁਤਾ ਦੁਖੀ ਬੰਦਾ ਬਹੁਤ ਬੇਚੈਨ ਹੋ ਜਾਂਦਾ ਹੈ।
ਤੋ ਅਰਜਨ ਕਹਿਣ ਲੱਗਾ,
“ਭਗਵਾਨ,ਇਹ ਗਿਆਨ ਦੀਆਂ ਗੱਲਾਂ ਰੱਖੋ ਆਪਣੇ ਕੋਲ, ਆਹ ਮੇਰਾ ਬੱਚਾ ਜ਼ਿੰਦਾ ਕਰ ਛੱਡੋ।”
ਤੇ ਹੁਣ ਸ੍ਰੀ ਕ੍ਰਿਸ਼ਨ ਸੋਚਣ ਲੱਗੇ, ਬਈ ਇਹਨੇ ਹੁਣ ਗੱਲ ਸਮਝਣੀ ਨਹੀਂ। ਸੱਚ ਜਾਣੋ ਧਰਮ ਦੀ ਗੱਲ ਸਮਝਣ ਲੱਗਿਆਂ ਜਿਤਨੀ ਅੌਖਿਆਈ ਏ, ਹੋਰ ਕਿਸੇ ਗੱਲ ਲਈ ਨਹੀਂ।
ਕ੍ਰਿਸ਼ਨ ਨੇ ਸੋਨੇ ਦਾ ਕਰਮੰਡਲ ਅਰਜਨ ਨੂੰ ਦਿੱਤਾ ਤੇ ਕਿਹਾ,
“ਜਾਹ ! ਸਾਹਮਣੇ ਸਰੋਵਰ ‘ਚੋਂ ਭਰ ਲਿਆ।”
ਅਰਜਨ ਨੇ ਸੋਚਿਆ ਸ਼ਾਇਦ ਕੋਈ ਮੰਤਰ ਪੜੵਨਗੇ ਤੇ ਮੇਰੇ ਪੁੱਤਰ ‘ਤੇ ਛਿੱਟੇ ਮਾਰ ਕੇ ਜ਼ਿੰਦਾ ਕਰ ਦੇਣਗੇ। ਖ਼ੁਸ਼ੀ ਨਾਲ ਭੱਜਿਆ ਗਿਆ ਤੇ ਭਰ ਲਿਆਇਆ ਤੇ ਕਹਿਣ ਲੱਗਾ,
“ਲਉ ਭਗਵਾਨ,ਜ਼ਿੰਦਾ ਕਰੋ।”
ਤਾਂ ਕ੍ਰਿਸ਼ਨ ਕਹਿਣ ਲੱਗੇ,
“ਜਾਹ ਹੁਣ ਡੋਲੵ ਆ ਉਸ ਸਰੋਵਰ ਵਿਚ।”
ਅਰਜਨ ਸੋਚਣ ਲੱਗਾ ਕਿ ਚਲੋ ਇਹ ਵੀ ਕੋਈ ਮੰਤਰ ਹੋਵੇਗਾ ਤੇ ਭੱਜਿਆ ਗਿਆ ਤੇ ਪਾਣੀ ਡੋਲੵ ਆਇਆ। ਫਿਰ ਵਾਪਸ ਆਇਆ ਖ਼ਾਲੀ ਕਰਮੰਡਲ ਲੈ ਕੇ।
ਹੁਣ ਕ੍ਰਿਸ਼ਨ ਜੀ ਕਹਿਣ ਲੱਗੇ,
“ਗੱਲ ਸੁਣ, ਜਿਹੜਾ ਪਾਣੀ ਤੂੰ ਸਰੋਵਰ ‘ਚ ਡੋਲੵ ਕੇ ਆਇਆ ਸੀ, ਉਹ ਪਾਣੀ ਕੱਢ ਕੇ ਲਿਆ।”
ਅਰਜਨ ਕਹਿਣ ਲੱਗਾ,
“ਭਗਵਾਨ, ਫਿਰ ਮੇਰੇ ਨਾਲ ਮਜ਼ਾਕ, ਜਿਹੜਾ ਪਾਣੀ ਮੈਂ ਡੋਲੵ ਅਇਆ ਹਾਂ ਉਹ ਤੇ ਸਰੋਵਰ ਦੇ ਪਾਣੀ ‘ਚ ਲੀਨ ਹੋ ਗਿਆ ਹੈ। ਮੈਂ ਕਿਸ ਤਰ੍ਹਾਂ ਕੱਢਾਂ।”
ਤਾਂ ਕ੍ਰਿਸ਼ਨ ਕਹਿਣ ਲੱਗੇ,
“ਭੋਲਿਆ,ਤੂੰ ਗੱਲ ਨੂੰ ਸਮਝ! ਜੇ ਭਰਿਆ ਹੋਇਆ ਕਰਮੰਡਲ ਦਾ ਪਾਣੀ ਤੂੰ ਸਰੋਵਰ ‘ਚ ਡੋਲੵਿਆ ਹੈ ਤੇ ਕੱਢ ਨਹੀਂ ਸਕਦਾ, ਤੇ ਆਤਮਾ ਜਿਹੜੀ ਪ੍ਰਮਾਤਮਾ ਰੂਪੀ ਸਰੋਵਰ ਵਿਚ ਲੀਨ ਹੋ ਗਈ ਹੈ, ਮੈਂ ਕਿਸ ਤਰ੍ਹਾਂ ਕੱਢਾਂ?
ਗੱਲ ਨੂੰ ਸਮਝ। ਤੂੰ ਲੀਨ ਹੋਇਆ ਪਾਣੀ ਨਹੀਂ ਕੱਢ ਸਕਦਾ, ਮੈਂ ਲੀਨ ਹੋਈ ਆਤਮਾ ਨੂੰ ਨਹੀਂ ਕੱਢ ਸਕਦਾ।”
ਅਰਜਨ ਨੇ ਗੱਲ ਨੂੰ ਸਮਝਿਆ,ਹੱਥ ਜੁੜ ਗਏ।
ਇਥੇ ਹੀ ਅਾ ਕੇ ਬਾਬਾ ਨਾਨਕ ਕਹਿੰਦੇ ਨੇ, ਪੁਰਖਾ ਜੀਵਨ ਤੇਰੇ ਹੱਥ ਵਿਚ ਹੈ, ਜੰਮਣਾ ਤੇ ਮਰਣਾ ਤੇਰੇ ਹੱਥ ਵਿਚ ਨਹੀ। ਤੇਰੀ ਮਰਜ਼ੀ ਵਿਚ ਨਹੀਂ। ਤੇ ਜਿਸ ਦੀ ਮਰਜ਼ੀ ਵਿਚ ਹੋਇਆ ਹੈ, ਉਹਦੇ ਅੱਗੇ ਸਿਜਦਾ ਕਰ। ਉਹਨੂੰ ਮੱਥਾ ਟੇਕ,ਤੇ ਜਿਉਂ-ਜਿਉਂ ਭਾਣਾ ਮੰਨੇਂਗਾ ਤਾਂ ਉਸ ਪੂਰਨ ਪਰਮਾਤਮਾ ਦੀ ਪ੍ਰਸੰਨਤਾ ਹੋਵੇਗੀ।

Share on Whatsapp