ਇਸਤਰੀ ਪੁਰਸ਼

ਜਦੋਂ ਅਧਿਆਪਕ ਵਿਦਿਆਰਥੀ ਨੂੰ ਕਹਿੰਦਾ ਹੈ ਕਿ ਤੂੰ ਜੀਵਨ ਵਿਚ ਕੁਝ ਨਹੀਂ ਬਣ ਸਕਦਾ ਤਾਂ ਇਹ ਅਧਿਆਪਕ ਦੀ ਹਾਰ ਹੁੰਦੀ ਹੈ।

ਵਿਆਹ ਉਤੇ ਕੀਤਾ ਖਰਚ , ਵਿਆਹ ਦੀ ਸਫਲਤਾ ਦਾ ਆਧਾਰ ਨਹੀਂ ਬਣਦਾ।

ਜਿਹੜੇ ਬਿਲਕੁਲ ਵਿਹਲੇ ਜਾਂ ਨਿਕੰਮੇ ਹਨ , ਕੋਈ ਕੰਮ ਨਹੀਂ ਕਰਦੇ, ਉਹ ਵੀ ਪ੍ਰਸਿੱਧ ਹੋਣਾ ਚਾਹੁੰਦੇ ਹਨ।

ਇਸਤਰੀ ਦਾ ਪੁਰਸ਼ ਨਾਲ ਲੜਨਾ, ਪੁਰਸ਼ ਨੂੰ ਸ਼ੋਭਾ ਨਹੀਂ ਦਿੰਦਾ।

ਜੀਵਨ ਚਾਰ ਪ੍ਰਕਾਰ ਦਾ ਹੈ। ਅੰਡਜ, ਅੰਡਿਆਂ ਤੋਂ ਉਪਜਣ ਵਾਲਾ। ਜੇਰਜ, ਵੀਰਜ ਨਾਲ ਗਰਭ ਤੋਂ ਉਪਜਣ ਵਾਲਾ। ਸੇਤਜ , ਮੁੜਕੇ ਅਤੇ ਸਲਾਬ ਤੋਂ ਉਪਜਣ ਵਾਲਾ। ਉਤਭੁਜ , ਮਿੱਟੀ ਵਿਚੋਂ ਉਪਜਣ ਵਾਲਾ।

ਸਧਾਰਨ ਲੋਕਾਂ ਅਤੇ ਮਹੱਤਵਪੂਰਨ ਵਿਅਕਤੀਆਂ ਵਿਚ ਅੰਤਰ ਪ੍ਰਤੱਖ ਵਿਖਾਈ ਦਿੰਦਾ ਹੈ। ਸਧਾਰਨ ਲੋਕ ਪੈਸਾ ਕਮਾਉਣ ਵਿਚ ਰੁਝੇ ਰਹਿੰਦੇ ਹਨ, ਮਹੱਤਵਪੂਰਨ ਕੁਝ ਨਿਵੇਕਲਾ ਕਰਨ ਵਿਚ ਦਿਲਚਸਪੀ ਲੈਂਦੇ ਹਨ, ਸਧਾਰਨ ਲੋਕ ਗੱਪਾਂ ਮਾਰਦੇ ਹਨ, ਮਹੱਤਵਪੂਰਨ ਗੱਲਬਾਤ ਕਰਦੇ ਹਨ। ਸਧਾਰਨ ਲੋਕ ਤਨਖਾਹ ਲੈਂਦੇ ਹਨ, ਮਹੱਤਵਪੂਰਨ ਤਨਖਾਹਾਂ ਵੰਡਦੇ ਹਨ। ਸਧਾਰਨ ਲੋਕ ਆਟੋਗਰਾਫ ਲੈਂਦੇ ਹਨ, ਮਹੱਤਵਪੂਰਨ ਆਟੋਗਰਾਫ ਦਿੰਦੇ ਹਨ। ਸਧਾਰਨ ਲੋਕ ਖਾਤੇ ਖੁਲਵਾਉਂਦੇ ਹਨ, ਮਹੱਤਵਪੂਰਨ ਖਾਤੇ ਖੋਲਦੇ ਹਨ। ਸਧਾਰਨ ਲੋਕ ਘੜੀ ਵੇਖ ਕੇ ਕੰਮ ਕਰਦੇ ਹਨ, ਮਹੱਤਵਪੂਰਨ ਕੰਮ ਕਰਕੇ ਘੜੀ ਵੇਖਦੇ ਹਨ। ਸਧਾਰਨ ਲੋਕ ਫੋਟੋਆਂ ਖਿਚਵਾਉਂਦੇ ਹਨ, ਮਹੱਤਵਪੂਰਨ ਦੀਆਂ ਫੋਟੋਆਂ ਛਪਦੀਆਂ ਹਨ। ਸਧਾਰਨ ਲੋਕ ਅਤੀਤ ਨੂੰ ਵਡਿਆਉਂਦੇ ਹਨ, ਮਹੱਤਵਪੂਰਨ ਵਰਤਮਾਨ ਤੋਂ ਲਾਭ ਉਠਾਉਂਦੇ ਹਨ। ਸਧਾਰਨ ਅਤੇ ਮਹੱਤਵਪੂਰਨ ਵਿਚ ਅੰਤਰ ਦਿਨ-ਰਾਤ ਵਾਂਗ ਸਪੱਸ਼ਟ ਹੁੰਦਾ ਹੈ।

ਮਿਲਖਾ ਸਿੰਘ ਦੇ ਬਚਪਨ ਵਿਚ ਦੀਪੋ ਨਾਂ ਦੀ ਕੁੜੀ ਨੇ, ਉਸ ਵਿਚ ਪਿਆਰ ਭਾਵਨਾ ਜਗਾਈ ਸੀ। ਮਿਲਖਾ ਸਿੰਘ ਜਦੋਂ ਪ੍ਰਸਿੱਧ ਹੋ ਗਿਆ ਤਾਂ ਉਸ ਨੇ ਦੀਪੋ ਦੀ ਬੜੀ ਭਾਲ ਕੀਤੀ ਪਰ ਸਫਲਤਾ ਨਾ ਮਿਲੀ। ਜਦੋਂ ਮਿਲਖਾ ਸਿੰਘ ‘ਤੇ ਫਿਲਮ ਬਣੀ ਤਾਂ ਮਿਲਖਾ ਸਿੰਘ ਨੂੰ ਆਸ ਸੀ ਕਿ ਦੀਪੋ ਇਹ ਫਿਲਮ ਵੇਖੇਗੀ ਅਤੇ ਉਸ ਨੂੰ ਪਛਾਣ ਕੇ ਸੰਪਰਕ ਕਰਨ ਦਾ ਯਤਨ ਕਰੇਗੀ ਪਰ ਅਜਿਹਾ ਕੁਝ ਨਾ ਵਾਪਰਿਆ। ਮਿਲਖਾ ਸਿੰਘ ਸੋਚਦਾ ਸੀ, ਉਸ ਦੀ ਫਿਲਮ ਕੋਈ ਵੇਖੇ ਨਾ ਵੇਖੇ ਪਰ ਦੀਪੋ ਜਰੂਰ ਵੇਖੇ, ਉਸ ਦਾ ਖਿਆਲ ਸੀ ਕਿ ਇਹ ਫਿਲਮ ਬਣੀ ਹੀ ਦੀਪੋ ਲਈ ਸੀ। ਪਿਆਰ ਤਾਂ ਪਹਿਲਾ ਹੀ ਯਾਦ ਰਹਿੰਦਾ ਹੈ, ਹੋਰ ਤਾਂ ਕੇਵਲ ਮਿਲਣੀਆਂ ਹੁੰਦੀਆਂ ਹਨ।

ਨਰਿੰਦਰ ਸਿੰਘ ਕਪੂਰ

Likes:
Views:
238
Article Categories:
General

Leave a Reply