ਇੱਕ ਮੌਕਾ

ਨਿੱਕੇ ਹੁੰਦਿਆਂ ਇੱਕ ਵਾਰ ਚੈਕ ਜਮਾ ਕਰਾਉਣ ਬੈਂਕ ਗਿਆ..
ਬਾਹਰ ਆਇਆ ਤੇ ਦੇਖਿਆ ਸਾਈਕਲ ਚੁੱਕਿਆ ਜਾ ਚੁੱਕਾ ਸੀ..ਘਰੋਂ ਬੜੀਆਂ ਝਿੜਕਾਂ ਪਈਆਂ..
ਚੋਰ ਤੇ ਬੜਾ ਗੁੱਸਾ ਆਈ ਜਾਵੇ..ਅਗਲੇ ਦਿਨ ਰਲ ਸਕੀਮ ਲੜਾਈ…ਬਗੈਰ ਤਾਲੇ ਤੋਂ ਦੂਜਾ ਸਾਈਕਲ ਐਨ ਓਸੇ ਜਗਾ ਖੜਾ ਕਰ ਦਿੱਤਾ ਅਤੇ ਆਪ ਸਾਮਣੇ ਦੁਕਾਨ ਵਿਚ ਬਹਿ ਗਏ!
ਦੋ ਕੂ ਘੰਟੇ ਬਾਅਦ ਹੋਲੀ ਜਿਹੀ ਉਮਰ ਦਾ ਮੁੰਡਾ ਆਇਆ..ਦੋ ਕੂ ਗੇੜੇ ਜਿਹੇ ਦੇ ਸਾਈਕਲ ਸਟੈਂਡ ਤੋਂ ਲਾਹ ਕੇ ਤੁਰਨ ਹੀ ਲੱਗਾ ਸੀ ਕੇ ਅਸੀਂ ਸਾਰੇ ਭੱਜ ਕੇ ਦੁਆਲੇ ਹੋ ਗਏ ਤੇ ਕੁੱਟਦੇ-ਕੁਟਾਉਂਦੇ ਬਟਾਲੇ ਰੇਲਵੇ ਸਟੇਸ਼ਨ ਦੀ ਪੁਲਸ ਚੋਂਕੀ ਲੈ ਆਏ…

ਆਖਣ ਲੱਗਾ ਕੇ ਰੱਬ ਦੀ ਸੌਂਹ ਕੱਲ ਪਹਿਲੀ ਚੋਰੀ ਸੀ ਤੇ ਅੱਜ ਦੂਜੀ ਕਰਦਾ ਫੜਿਆ ਗਿਆ ਹਾਂ..ਪਿਓ ਮਰ ਗਿਆ ਤੇ ਮਾਂ ਦਮੇਂ ਦੀ ਮਾਰੀ ਮੰਜੇ ਤੇ ਹੀ ਰਹਿੰਦੀ ਏ..ਤਿੰਨ ਛੋਟੇ ਭੈਣ ਭਾਈਆਂ ਦੀ ਜੁਮੇਵਾਰੀ ਤੇ ਉੱਤੋਂ 3 ਮਹੀਨੇ ਦਾ ਕਿਰਾਇਆ ਬਕਾਇਆ ਏ..

ਉਸਦੀ ਇਸ ਫਿਲਮੀਂ ਜਿਹੀ ਲੱਗਦੀ ਕਹਾਣੀ ਤੇ ਕੋਈ ਇਤਬਾਰ ਨਾ ਕਰੇ…ਸਗੋਂ ਜਿਹੜਾ ਆਵੇ ਦੋ ਚਪੇੜਾ ਮਾਰ ਇਹ ਆਖ ਤੁਰਦਾ ਬਣੇ ਕੇ ਪਰਚਾ ਕਰਾ ਕੇ ਅੰਦਰ ਕਰਾਓ ਜੀ….ਪੱਕਾ ਚੋਰ ਏ..
ਪਰ ਪਿਤਾ ਜੀ ਆਖਣ ਲੱਗੇ ਕੇ ਜਰੂਰੀ ਨਹੀਂ ਕੇ ਝੂਠ ਹੀ ਬੋਲਦਾ ਹੋਵੇ..ਜੋ ਆਖਦਾ ਸੱਚ ਵੀ ਹੋ ਸਕਦਾ ਏ…ਇੱਕ ਮੌਕਾ ਤੇ ਮਿਲਣਾ ਹੀ ਚਾਹੀਦਾ ਹੈ
ਫੇਰ ਉਸਨੂੰ ਆਖਣ ਲੱਗੇ ਕੇ ਕੱਲ ਚੋਰੀ ਕੀਤਾ ਮੋੜ ਜਾ…ਪੁਲਸ ਤੋਂ ਬਚਾਉਣਾ ਮੇਰਾ ਕੰਮ ਏ..
ਅਗਲੇ ਦਿਨ ਸਾਈਕਲ ਮੋੜਨ ਬਿਮਾਰ ਮਾਂ ਵੀ ਨਾਲ ਆਈ..ਹਰੇਕ ਅੱਗੇ ਹੱਥ ਹੀ ਜੋੜੀ ਜਾਵੇ ਤੇ ਫੇਰ ਪਿਤਾ ਜੀ ਦੇ ਪੈਰੀ ਪੈਣ ਲੱਗੀ ਤਾਂ ਉਹ ਥੋੜਾ ਲਾਂਹਬੇ ਜਿਹੇ ਨੂੰ ਹੋ ਗਏ…
ਇਸ ਸਾਰੇ ਵਰਤਾਰੇ ਤੋਂ ਘਰ ਦੇ ਹਾਲਾਤਾਂ ਦਾ ਅੰਦਾਜਾ ਲੱਗ ਗਿਆ..ਮਗਰੋਂ ਪਿਤਾ ਜੀ ਨੇ ਸਟੇਸ਼ਨ ਲਾਗੇ ਲਾਗੇ ਹੀ ਇੱਕ ਫੈਕ੍ਟ੍ਰੀ ਵਿਚ ਆਪਣੀ ਗਰੰਟੀ ਤੇ ਨੌਕਰੀ ਤੇ ਰਖਵਾ ਦਿੱਤਾ..

ਇਸ ਘਟਨਾ ਤੋਂ ਕਾਫੀ ਅਰਸੇ ਬਾਅਦ 2015 ਵਿਚ ਪਿਤਾ ਜੀ ਚੜਾਈ ਕਰ ਗਏ…ਮੈਂ ਪੰਜਾਬ ਪਹੁੰਚਿਆ….ਫੇਰ ਸੰਸਕਾਰ ਮਗਰੋਂ ਅੰਤਿਮ ਅਰਦਾਸ ਵੀ ਹੋ ਗਈ ਤੇ ਗੋਇੰਦਵਾਲ ਸਾਬ ਫੁਲ ਵੀ ਤਾਰੇ ਗਏ…!

ਇੱਕ ਦਿਨ ਘਰੇ ਬੈਠਿਆ ਬਾਹਰ ਬੈੱਲ ਵੱਜੀ..ਦੋ ਪੁਲਸ ਵਾਲੇ ਖਲੋਤੇ ਸੀ…
ਅੰਦਾਜਾ ਲਾ ਲਿਆ ਕੇ ਕਿਰਾਏ ਦੇ ਘਰ ਤੇ ਕਾਬਜ ਮੱਕਾਰ ਕਿਰਾਏਦਾਰ ਦੀ ਹੀ ਕੋਈ ਚਾਲ ਹੋਣੀ ਹੈ
ਬੂਹਾ ਖੋਲਿਆ ਤਾਂ ਪੱਗ ਬਨੀਂ ਇੱਕ ਹੌਲਦਾਰ ਅੰਦਰ ਲੰਘ ਆਇਆ ਤੇ ਆਖਣ ਲੱਗਾ ਕੇ ਲੱਗਦਾ ਪਛਾਣਿਆਂ ਨਹੀਂ ਮੈਨੂੰ….
ਮੈਂ ਓਹੀ ਹਾਂ ਜੀ ਸਾਈਕਲ ਵਾਲਾ ਜਿਹਨੂੰ ਸਰਦਾਰ ਜੀ ਨੇ ਬਹੁਤ ਚਿਰ ਪਹਿਲਾਂ ਬਾਂਸਲ ਸਾਬ ਦੀ ਫੈਕਟਰੀ ਵਿਚ ਨੌਕਰੀ ਤੇ ਰਖਾਇਆ ਸੀ…
ਅਗਲੀ ਕਹਾਣੀ ਦੱਸਦਾ ਹੋਇਆ ਆਖਣ ਲੱਗਾ ਕੇ ਜਦੋਂ ਮਾਂ ਪੂਰੀ ਹੋ ਗਈ ਤਾਂ ਨਿੱਕਿਆਂ ਦੇ ਪਾਲਣ ਪੋਸ਼ਣ ਦੀ ਜੁਮੇਵਾਰੀ ਮੋਢਿਆਂ ਤੇ ਆਣ ਪਈ…ਫੇਰ ਫੈਕਟਰੀ ਵਾਲੇ ਬਾਂਸਲ ਸਾਬ ਦੀ ਸਿਫਾਰਿਸ਼ ਨਾਲ ਹੋਮਗਾਰਡ ਵਿਚ ਭਰਤੀ ਹੋ ਗਿਆ ਤੇ ਮਗਰੋਂ ਲਾਂਗਰੀ ਬਣ ਪੁਲਸ ਦਾ ਪੱਕਾ ਨੰਬਰ ਲੈ ਲਿਆ..ਹੁਣ ਥੋੜੇ ਦਿਨ ਹੀ ਹੋਏ ਨੇ ਬਦਲ ਕੇ ਵਾਪਿਸ ਅੰਬਰਸਰ ਆਇਆਂ ਹਾਂ..
ਅੱਜ ਟੇਸ਼ਨ ਤੇ ਕਿਸੇ ਨਾਲ ਸਰਸਰੀ ਗੱਲ ਹੋਈ ਤਾਂ ਪਤਾ ਲੱਗਾ ਕੇ ਵੱਡੇ ਸਰਦਾਰ ਜੀ ਤਾਂ ਪਿਛਲੀ ਦਿੰਨੀ ਪੂਰੇ ਹੋ ਗਏ ਤੇ ਬਸ ਓਸੇ ਵੇਲੇ ਹੀ ਐਡਰੈੱਸ ਲੈ ਕੇ ਏਧਰ ਨੂੰ ਨੱਸਿਆ ਆਇਆ ਹਾਂ….

ਤੇ ਫੇਰ ਏਨਾ ਆਖਣ ਮਗਰੋਂ ਨਾ ਤੇ ਉਸਤੋਂ ਹੀ ਕੁਝ ਅੱਗੇ ਬੋਲਿਆ ਗਿਆ ਤੇ ਨਾ ਹੀ ਮੈਥੋਂ ਕੁਝ ਹੋਰ ਪੁੱਛਿਆ ਗਿਆ

ਫੇਰ ਤੁਰਨ ਤੋਂ ਪਹਿਲਾਂ ਹੰਜੂਆਂ ਭਿੱਜੀ ਚੁੱਪ ਤੋੜਦਿਆਂ ਹੋਇਆ ਆਖਣ ਲੱਗਾ ਕੇ ਪੂਰੇ ਵੀਹ ਸਾਲ ਹੋ ਗਏ ਨੇ ਪੁਲਸ ਦੀ ਨੌਕਰੀ ਕਰਦਿਆਂ..ਅੱਜ ਵੀ ਥਾਣੇ ਵਿਚ ਕੋਈ ਫਸਿਆ ਹੋਇਆ ਗਰੀਬ ਲੋੜਵੰਦ ਦਿਸ ਪਵੇ ਤਾਂ ਇਹ ਸੋਚ ਅਫਸਰਾਂ ਦਾ ਤਰਲਾ ਮਿੰਤ ਕਰ ਇੱਕ ਮੌਕਾ ਤੇ ਜਰੂਰ ਦਵਾ ਹੀ ਦਿੰਦਾ ਹਾਂ ਕੇ ਹੋ ਸਕਦਾ ਏ ਕੇ ਹਮਾਤੜ ਮੇਰੇ ਵਾਂਙ ਸੱਚ ਹੀ ਬੋਲਦਾ ਹੋਵੇ..!

Share on Whatsapp