ਹੱਦੋਂ ਵੱਧ

ਮੈ ਜਦੋਂ ਵੀ ਵਰਜਿਸ਼ ਕਰਨੀ ਉਦੋਂ ਹੀ ਮੇਰੇ ਸਿਰ ਵਿੱਚ ਚੀਸ ਪੈਣੀ ਸ਼ੁਰੂ ਹੋ ਜਾਣੀ । ਮੈ ਆਖਿਰ ਡਾਕਟਰ ਕੋਲ ਜਾ ਵੜਿਆ ਤੇ ਉਹ ਕਹਿੰਦਾ Don’t overdo it . ਕਿ ਹੱਦੋਂ ਵੱਧ ਨ ਕਰਿਆ ਕਰ । ਮੈ ਕਿਹਾ ਮੈ ਤਾਂ ਇੰਨੀ ਕੁ ਕਰਦਾਂ ਉਹਨੇ ਸੁਲਾਹ ਦਿੱਤੀ ਕਿ ਇਸ ਤੋਂ ਵੀ ਅੱਧੀ ਕਰਦੇ । ਹੌਲੀ ਹੌਲੀ ਵਧਾ ਦਈਂ । ਮੈ ਉਹਦੀ ਮੰਨੀ ਨਹੀਂ ਤੇ ਦੋ ਤਿੰਨ ਵਾਰੀ ਸੱਟ ਖਾ ਕੇ ਅਖੀਰ ਉਹਦੀ ਮੰਨਣੀ ਪਈ । ਸਬਕ ਤਾਂ ਸਿੱਖਿਆ ਪਰ ਦੁੱਖ ਪਾ ਕੇ ।
ਅਸੀਂ ਜ਼ਿੰਦਗੀ ਚ ਸਿਰਫ ਵਰਜਿਸ਼ ਹੀ ਵਧਾ ਕੇ ਨਹੀਂ ਕਰਦੇ ਸਗੋਂ ਹੋਰ ਬਹੁਤ ਸਾਰੀਆਂ ਗੱਲਾਂ ਹਨ ਜੋ ਬਿਨਾ ਵਜਾ ਤੋਂ Overdo ਕਰਦੇ ਹਾਂ । ਮੇਰੇ ਖ਼ਾਸ ਦੋਸਤ ਅੰਗਰੇਜ ਦਾ ਭਰ ਜੁਆਨ ਮੁੰਡਾ ਮਰ ਗਿਆ ਤੇ ਅਸੀਂ ਉਹਦਾ ਅਫ਼ਸੋਸ ਕਰਨ ਗਏ । ਉਹ ਦੋਨੋ ਮੀਆਂ ਬੀਵੀ ਘਰੇ ਸੀ । ਉਨਾਂ ਨੇ ਅੱਖ ਚੋ ਹੰਝੂ ਨੀ ਡਿਗਣ ਦਿੱਤਾ ਭਾਂਵੇ ਉਨਾਂ ਦੀਆਂ ਅੱਖਾਂ ਭਰੀਆਂ ਪਈਆਂ ਸਨ । ਮੇਰੇ ਦੋਸਤ ਦੀ 80 ਸਾਲ ਦੀ ਮਾਂ ਮਰ ਗਈ ਤੇ ਉਹਦੇ ਦਾਗਾਂ ਵੇਲੇ ਉਹਦੀਆਂ ਦੋ ਭੈਣਾਂ ਨੇ ( ਮਾਂ ਦੀਆਂ ਧੀਆਂ ) ਨੇ ਉਹ ਪਿੱਟ ਸਿਆਪਾ ਕੀਤਾ ਕਿ ਲੋਕ ਅੰਦਰੋਂ ਭਰੇ ਪੀਤੇ ਬੈਠੇ ਸੀ ਕਿ ਕਿਵੇ ਪਖੰਡ ਕਰ ਰਹੀਆਂ । ਅਖੀਰ ਨੂੰ ਉਨਾਂ ਦੇ ਵੱਡੇ ਭਰਾ ਨੇ ਦੋਨਾਂ ਦੇ ਜ਼ੋਰ ਦੀ ਇਕ ਇਕ ਥੱਪੜ ਮਾਰਿਆ ਕਿ ਜੀਉਦੀ ਵੇਲੇ ਤਾਂ ਮਿਲ਼ਣ ਨੀ ਆਈਆਂ ਹੁਣ ਐਵੇਂ ਸੁੱਕਾ ਸੰਘ ਪਾੜ ਰਹੀਆਂ । ਉੱਥੇ ਉਸ ਮਾਈ ਦਾ ਮਰਨ ਵੀ ਇਕ ਤਮਾਸ਼ਾ ਬਣ ਕੇ ਰਹਿ ਗਿਆ । ਮੈਨੂੰ ਯਾਦ ਹੈ ਕਿਵੇ ਪਿੰਡਾਂ ਵਿੱਚ ਔਰਤਾਂ ਮਕਾਣਾਂ ਲੈ ਕੇ ਆਉੰਦੀਆ ਸੀ ਤੇ ਮਹੀਨਾ ਮਹੀਨਾ ਭਰ ਇਹ ਚੱਲਦਾ ਰਹਿੰਦਾ ।
ਜਿੰਨਾ ਚਿਰ ਪੰਜਾਬੀ ਨਹੀਂ ਸੀ ਆਏ ਗੋਰੇ ਛੋਟੇ ਛੋਟੇ ਘਰਾਂ ਵਿੱਚ ਰਹਿੰਦੇ ਸੀ ਤੇ ਜਦੋਂ ਧੀ ਪੁੱਤ ਵੱਡਾ ਹੋ ਜਾਣਾ ਉਨਾਂ ਨੇ ਬਾਹਰ ਆਪਣਾ ਪਾ ਲੈਣਾ । ਫੇਰ ਪੰਜਾਬੀ ਆਏ ਤੇ ਆਉਂਦਿਆਂ ਸਾਰ ਵੱਡੇ ਵੱਡੇ ਘਰ ਮਹਿਲਾਂ ਵਰਗੇ ਪਾ ਲਏ ਫੇਰ ਕਰਜ਼ੇ ਲਾਹੁਣ ਲਈ ਪਹਿਲਾਂ ਇਕ ਇਕ ਫੇਰ ਦੋ ਦੋ ਕਿਤੇ ਤਿੰਨ ਤਿੰਨ ਘਰ ਚ ਕਿਰਾਏਦਾਰ ਰੱਖ ਲਏ । ਘਰਾਂ ਵਿੱਚ ਜੋ ਕਿਰਾਏ ਪਿੱਛੇ ਪਿੱਟ ਸਿਆਪਾ ਉਹ ਵੱਖਰਾ ਤੇ ਘਰਾਂ ਚ ਨ ਕੋਈ ਪਰਾਈਵੇਸੀ ਨ ਕੋਈ ਸ਼ਾਂਤ ਵਾਤਾਵਰਣ
ਕਾਰਾਂ ਚ ਵੀ ਅਸੀਂ ਇਕ ਦੂਜੇ ਤੇ ਅੱਗੇ ਤੋਂ ਅੱਗੇ ਹੋ ਕੇ ਮਹਿੰਗੀ ਤੋਂ ਮਹਿੰਗੀ ਖਰੀਦਣ ਲਈ ਭੱਜਦੇ ਹਾਂ । ਸਾਡੇ ਆਪਣੇ ਪਿੰਡ ਦਸ ਕਾਰਾਂ ਖੜੀਆਂ ਤੇ ਜਾਣਾ ਕਿਸੇ ਨੇ ਕਿਤੇ ਵੀ ਨਹੀਂ । ਨਾ ਲੋੜ ਸੀ ਤੇ ਨਾ ਹੀ ਕੋਲ ਪੈਸੇ । ਬਹੁਤਿਆਂ ਨੇ ਕਰਜ਼ੇ ਤੇ ਲਈਆਂ ਹੋਈਆਂ ।
ਹੁਣ ਕੋਠੀਆ ਪਾਉਣ ਦਾ ਰਿਵਾਜ ਚੱਲ ਪਿਆ । ਲੋਕ ਕੱਚੇ ਘਰਾਂ ਚ ਰਹਿ ਕੇ ਗੁਜ਼ਾਰਾ ਕਰ ਲੈਂਦੇ ਸੀ । ਭਗਤ ਨਾਮਦੇਵ ਜੀ ਲਿਖਦੇ ਹਨ ਕਿ ਮਾਰਕੰਡੇ ਰਿਖੀ ਜਿੰਨੀ ਕਿਹਦੀ ਉਮਰ ਹੋ ਸਕਦੀ ਹੈ ? ਉਹਨੇ ਕੱਖਾਂ ਦੀ ਕੁਲੀ ਵਿੱਚ ਹੀ ਗੁਜ਼ਾਰਾ ਕਰ ਲਿਆ । ਪਰ ਹੁਣ ਸ਼ਹਿਰਾਂ ਨੂੰ ਛੱਡੋ ਪਿੰਡਾਂ ਚ ਜਾ ਕੇ ਦੇਖੋ ਲੋਕੀਂ ਕੋਠੀਆਂ ਦੇ ਉੱਪਰ ਜਹਾਜ਼ ਟੰਗੀ ਬੈਠੇ ਹਨ । ਇੱਥੋਂ ਸਾਡੀ ਮਾਨਸਿਕਤਾ ਦਾ ਪਤਾ ਲਗਦਾ ਕਿ ਅਸੀਂ ਹਰ ਗੱਲ ਵਿੱਚ ਕਿਵੇ ਵਧਦੇ ਜਾ ਰਹੇ ਹਾਂ ਤੇ ਇਹ ਨਹੀਂ ਕਿ ਇਹਦੇ ਚ ਸੁਖੀ ਹਾਂ ।
ਵਿਆਹਾਂ ਵਿੱਚ ਜਾ ਕੇ ਦੇਖੋ ਤਾਂ ਪਤਾ ਲੱਗੇਗਾ ਅਸੀਂ ਕਿੰਨਾ Overdo ਕਰਦੇ ਹਾਂ ਚਾਹੇ ਉਹ ਖਾਣੇ ਵਿੱਚ ਹੋਵੇ ਚਾਹੇ ਉਹ ਦੇਣ ਲੈਣ ਵਿੱਚ ਹੋਵੇ । ਮੈ ਇੱਥੇ ਕੇਟਰਿੰਗ ਵਾਲ਼ਿਆਂ ਨੂੰ ਪੁਛਿਆ ਕਿ ਬਚਿਆ ਖਾਣੇ ਦਾ ਕੀ ਕਰਦੇ ਹੋ ? ਉਹ ਕਹਿੰਦੇ ਸਾਰਾ ਕੂੜੇ ਚ ਜਾਂਦਾ
ਘਰੇ ਖਾਣਾ ਖਾਣਾ ਹੋਵੇ ਜਾਂ ਬਾਹਰ ਅਸੀਂ ਹਮੇਸ਼ਾ ਲੋੜ ਤੋਂ ਵੱਧ ਮੰਗਾਉਂਦੇ ਹਾਂ ਜਾਂ ਘਰੇ ਬਣਾਉਂਦੇ ਹਾਂ ਤੇ ਫੇਰ ਖਾਣ ਵੇਲੇ ਵੀ ਵੱਧ ਖਾਧਾ ਜਾਂਦਾ । ਇਹ ਨਿੱਤ ਦਾ ਸੁਭਾਅ ਬਣ ਗਿਆ ।
ਖਰਚ ਕਰਨਾ ਹੋਵੇ ਤਾਂ ਸਾਡੇ ਵਰਗਾ ਖੁਲਾ ਖ਼ਰਚਾ ਹੋਰ ਕੋਈ ਕੌਮ ਨੀ ਕਰਦੀ । ਕੋਈ ਚੀਜ ਲੈਣੀ ਹੋਵੇ ਸਾਡਾ ਬੱਜਟ ਨਹੀਂ ਹੁੰਦਾ । ਘਰੋਂ 2000 ਦਾ ਸੂਟ ਲੈਣ ਗਏ 5000 ਖਰਚ ਕੇ ਘਰੇ ਵੜਦੇ ਹਾਂ
ਦੁਨੀਆਂ ਸਾਰੀ ਕੰਮ ਕਰਦੀ ਹੈ ਤੇ ਬਹੁਤੇ ਲੋਕ 8 ਘੰਟੇ ਕੰਮ ਕਰਦੇ ਹਨ ਤੇ ਉਹ ਵੀ ਹਫ਼ਤੇ ਵਿੱਚ ਪੰਜ ਦਿਨ । ਜੇ ਕਿਤੇ ਜ਼ਰੂਰਤ ਹੋਵੇ ਤਾਂ ਅੰਗਰੇਜ ਲੋਕ ਓਵਰਟੈਮ ਲਾ ਲੈਣਗੇ । ਸਾਡੇ ਪੰਜਾਬੀ ਕਦੀ ਓਵਰਟੈਮ ਨੀ ਛੱਡਦੇ । ਅਸੀਂ ਸਰੀਰ ਦੀ ਪ੍ਰਵਾਹ ਵੀ ਨਹੀਂ ਕਰਦੇ । ਚੱਲ ਸੋ ਚੱਲ । ਸੱਭ ਤੋਂ ਵੱਧ ਧੱਕਾ ਆਪਣੇ ਸਰੀਰ ਨਾਲ ਪੰਜਾਬੀ ਕਰਦੇ ਹਨ । ਭਾਵੇਂ ਕਿਸੇ ਵੀ ਦੇਸ਼ ਚ ਹੋਣ ਤੇ ਕਿਸੇ ਵੀ ਕੰਮ ਤੇ । ਸਾਨੂੰ ਉਨਾਂ ਚਿਰ ਚੈਨ ਹੈ ਨੀ ਜਿਨਾ ਚਿਰ ਨਾਲ ਦੇ ਰਿਸ਼ਤੇਦਾਰ ਜਾਂ ਗੁਆਢੀ ਤੋਂ ਵੱਡਾ ਘਰ ਤੇ ਮਹਿੰਗੀ ਕਾਰ ਨਹੀਂ ਲੈ ਲੈਂਦੇ । ਉਹਦੇ ਲਈ ਸਰੀਰ Overdo ਕੰਮ ਕਰਦਾ ਹੈ ।
ਗੋਰੇ ਲੋਕ ਜੇ ਕਿਸੇ ਨਾਲ ਲੜਨਗੇ ਤਾਂ ਵੀ ਫੈਸਲਾ ਉੱਥੇ ਹੀ ਹੋ ਜਾਂਦਾ । ਇਹ ਲੋਕ ਵੈਰ ਨੀ ਰੱਖਦੇ । ਸਾਡੀ ਦੁਸ਼ਮਣੀ ਪੀੜੀ ਦਰ ਪੀੜੀ ਚਲਦੀ ਰਹਿੰਦੀ ਹੈ । ਸਾਡੇ ਅੰਦਰ ਗ਼ੁੱਸਾ ਤੇ ਨਫ਼ਰਤ ਵੀ ਅੱਤ ਦੀ ਹੈ
ਅਸੀਂ ਵੈਰ ਕਰਨ ਵੇਲੇ ਵੀ Overdo ਕਰਦੇ ਹਾਂ । ਹਾਲਾਕਿ ਇਹਦੀ ਜ਼ਰੂਰਤ ਵੀ ਨਹੀਂ ਹੈ । ਅਸੀਂ ਆਪ ਦੀ ਜੀਣ ਆਏ ਹਾਂ ਤੇ ਜੀਅ ਕੇ ਤੁਰ ਜਾਣਾ ਪਰ ਅਸੀਂ ਦੂਜਿਆਂ ਨਾਲ ਵੈਰ ਵਿਰੋਧ ਇੰਨਾ ਵਧਾ ਲਿਆ ਹੈ ਕਿ ਸਾਨੂੰ ਆਪਣਾ ਜੀਣ ਹੀ ਭੁੱਲ ਗਿਆ ਹੈ ।
ਹੋਰ ਤਾਂ ਹੋਰ ਸ਼ੋਸ਼ਿਲ਼ ਮੀਡੀਏ ਤੇ ਉਨਾਂ ਲੋਕਾ ਨਾਲ ਵੈਰ ਪੈ ਗਏ ਹਨ ਜਿਨਾ ਨੂੰ ਨਾ ਕਦੀ ਮਿਲੇ ਤੇ ਨਾ ਕਦੀ ਮਿਲਣਾ
ਦੂਜੇ ਧਰਮਾਂ ਦੀ ਗੱਲ ਛੱਡੋ ਸਾਡੇ ਆਪਣੇ ਧਰਮ ਵਿੱਚ ਕਿੰਨੇ ਧੜੇ ਬਣ ਗਏ ਹਨ । ਤੇ ਉਹ ਸਾਰੇ ਇਕ ਦੂਜੇ ਨੂੰ ਦੇਖ ਕੇ ਰਾਜ਼ੀ ਨਹੀਂ । ਇਹ ਸਾਰਾ Overdo ਕਰਕੇ ਹੈ ।
ਆਉ ਪਿਆਰ ਦੀ ਗੱਲ ਕਰੀਏ । ਸਾਰੀ ਦੁਨੀਆ ਵਿੱਚ ਪਿਆਰ ਦੇ ਰਿਸ਼ਤੇ ਹਨ ਤੇ ਜੇ ਕਦੀ ਕੋਈ ਰਿਸ਼ਤਾ ਟੁੱਟ ਜਾਵੇ ਤਾਂ ਬਾਹਰਲੇ ਲੋਕ ਦੁੱਖ ਜ਼ਰੂਰ ਮੰਨਾਉਦੇ ਹਨ ਇਹ ਕੁਦਰਤੀ ਹੈ ਪਰ ਸਾਡੇ ਵਿੱਚ ਮਰਨ ਤੱਕ ਜਾਂਦੇ ਹਨ ਜਿਵੇਂ ਹੋਰ ਦੁਨੀਆਂ ਮੁੱਕ ਹੀ ਗਈ ਹੋਵੇ । ਕੁੜੀ ਮੁੰਡੇ ਬਾਹਰ ਵੀ ਪਿਆਰ ਕਰਦੇ ਹਨ ਪਰ ਆਪਣੇ ਮਾਂ ਬਾਪ ਨੂੰ ਨਹੀਂ ਭੁੱਲਦੇ ਪਰ ਸਾਡੇ ਵਿੱਚ ਹੋਰ ਕਿਸੇ ਦੀ ਸੁੱਧ ਹੀ ਨਹੀਂ ਰਹਿੰਦੀ ਨ ਲੱਗਣ ਵੇਲੇ ਨਾ ਟੁੱਟਣ ਵੇਲੇ । ਜਿੰਨੇ ਸਾਡੇ ਸਮਾਜ ਵਿੱਚ ਲੋਕ ਦੁਖੀ ਹਨ ਹੋਰ ਸਮਾਜ ਵਿੱਚ ਨਹੀਂ ਕਿਉਂਕਿ ਅਸੀਂ ਪਿਆਰ ਨੂੰ ਵੀ ਕੰਟਰੋਲ ਤੋਂ ਬਾਹਰ ਕਰ ਲਿਆ ਹੈ ਤੇ ਕਿਸੇ ਵੀ ਕੰਮ ਨੂੰ ਹੱਦੋਂ ਵੱਧ ਕਰਨਾ ਕਦੀ ਵੀ ਸੁਖਾਵਾਂ ਨਹੀਂ ਹੁੰਦਾ । ਮੇਰੇ ਡਾਕਟਰ ਦੇ ਕਹਿਣ ਮੁਤਾਬਕ Don’t overdo it .
ਗੁਰਬਾਣੀ ਵਿੱਚ ਇਸੇ ਗੱਲ ਨੂੰ ਇਉ ਕਿਹਾ ਹੈ
ਜੈਸਾ ਬਿਤੁ ਤੈਸਾ ਹੋਇ ਵਰਤੈ ਅਪੁਨਾ ਬਲੁ ਨਹੀ ਹਾਰੈ ।
ਮਨੁੱਖ ਨੂੰ ਹਰ ਗੱਲ ਹੱਦ ਵਿੱਚ ਰਹਿ ਕੇ ਕਰਨੀ ਚਾਹੀਦੀ ਹੈ ਇਹਦੇ ਵਿੱਚ ਹੀ ਸੁਖ ਹੈ ਇਹਦੇ ਵਿੱਚ ਹੀ ਸਹਿਜ ਹੈ

Likes:
Views:
32
Article Categories:
Motivational

Leave a Reply