ਗਿ: ਦਿਤ ਸਿੰਘ ਜੀ ਦੀ ਸ਼ਖਸੀਅਤ

ਗਿਆਨਵਾਨ: ਗਿਆਨੀ ਦਿਤ ਸਿੰਘ ਜੀ ਪੂਰਨ ਵਿਦਵਾਨ ਸਨ। ਉਹਨਾਂ ਦੀ ਤੀਖਰ ਬੁਧੀ ਤੇ ਹਾਜਰ ਜੁੳਾਬੀ ਤੋਂ ਵਡੇ ਵਡੇ ਧੁਰੰਧਰ ਵਿਦਵਾਨ ਵੀ ਖੰਮ ਖਾਂਦੇ ਸਨ। ਦਇਆ ਨੰਦ, ਆਰੀਆ ਸਮਾਜ ਦਾ ਮੋਢੀ ਜੋ ਬਾਕੀ ਮਤਾਂ ਨੂੰ ਬਿਨਾਂ ਕਿਸੇ ਦਲੀਲ ਦੇ ਛੁਟਿਆਉਣ ਵਿਚ ਕਾਫੀ ਮਾਹਿਰ ਆਪਣੇ ਆਪ ਨੂੰ ਸਮਝਦਾ ਸੀ, ਆਪ ਜੀ ਅਗੇ ਇਉਂ ਡਰਦਾ ਸੀ, ਜਿਵੇਂ ਸ਼ੇਰ ਤੋਂ ਭੇਡਾਂ ਡਰਦੀਆਂ ਹਨ।

ਦੂਰੰਦੇਸ਼ ਆਗੂ: ਕੌਮ ਦੀ ਨਿਘਰਦੀ ਹਾਲਤ ਨੂੰ ਕਿਵੇਂ ਤੇ ਕਿਸ ਤਰ੍ਹਾਂ ਸੁਧਾਰਨਾ ਹੈ, ਇਸ ਲਈ ਦੂਰਅੰਦੇਸੀ ਦਾ ਜੋ ਸਬੂਤ ਉਨ੍ਹਾਂ ਨੇ ਦਿਤਾ, ਉਹ ਇਕ ਆਗੂ ਵਿੱਚ ਹੋਣਾ ਜ਼ਰੂਰੀ ਹੈ. ਉਹਨਾਂ ਨੂੰ ਪਤਾ ਸੀ ਕਿ ਕੌਮ ਨੂੰ ਜੇ ਇਕ ਵਾਰੀ ਗੁਰਬਾਣੀ ਦੇ ਲੜ ਲਾ ਦਿਤਾ ਗਿਆ ਤਾਂ ਉਹ ਦਿਨ ਦੂਰ ਨਹੀਂ, ਜਦੋਂ ਕੌਮ ਆਜ਼ਾਦੀ ਦੇ ਸੁਫਨੇ ਲਵੇਗੀ। ਭਾਵੇਂ ਆਪ ਜੀ ਨੂੰ ਇਸ ਮਨੋਰਥ ਦੀ ਪੂਰਤੀ ਲਈ ਅੰਗਰੇਜਾਂ ਨਾਲ ਗੰਢ-ਤੁਪ ਵੀ ਕਰਨੀ ਪਈ, ਪਰ ਅਸੂਲਾਂ ਤੇ ਕਾਇਮ ਰਹਿ ਕੇ ਹੀ ਐਸਾ ਕੀਤਾ ਗਿਆ।

ਨਿਡਰ, ਨਿਰਭੈ: ਆਪ ਸੱਚੀ ਗੱਲ ਕਹਿਣ ਲਗਿਆਂ ਝਿਜਕਦੇ ਨਹੀਂ ਸਨ, ਭਾਵੇਂ ਉਸਦਾ ਆਪ ਨੂੰ ਕਿੰਨਾ ਵੀ ਮੁਆਮਜ਼ਾ ਦੇਣਾ ਪਵੇ। ਬੇਦੀ ਖੇਮ ਸਿੰਘ, ਮਹੰਤ ਸੁਮੈਰ ਸਿੰਘ ਪਟਨਾ ਸਾਹਿਬ ਆਦਿ ਦੀ ਖੁਲ੍ਹੇ ਆਮ ਵਿਰੋਧਤਾ ਕੀਤੀ; ਜੋ ਆਪਣੇ ਆਪ ਨੂੰ ਸਿੱਖ ਪੰਥ ਦੇ ਵਾਹਿਦ ਨੇਤਾ ਅਖਵਾਉਂਦੇ ਸਨ। ਪ੍ਰੋ; ਗੁਰਮੁਖ ਸਿੰਘ ਜੀ ਦੇ ਵਿਰੁਧ ਨਿਕਲੇ ਹੁਕਮਨਾਮੇ ਦੀਆਂ ਧਜੀਆਂ ਉਡਾ ਦਿਤੀਆਂ। ਇਥੋਂ ਤਕ ਕਿ ਇਤਿਹਾਸਿਕ ਗੁਰਦੁਆਰਿਆਂ ਦੇ ਪੁਜਾਰੀਆਂ ਨੂੰ, ਜਿਨ੍ਹਾਂ ਕੋਲ ਗੁੰਡੇ ਵੀ ਸਨ, ਦੀ ਖੇਹ ਉਡਾਈ।

ਮਿਤਰਤਾ ਨਿਭਾਉਣੀ: ਗਿਆਨੀ ਜੀ, ਪੁਰਨ ਗੁਰਸਿੱਖਾਂ ਵਾਂਗ ਸੱਚੇ ਮਿੱਤਰ ਸਨ ਤੇ ਜਿਨ੍ਹਾਂ ਨੂੰ ਆਪਨੇ ਆਪਣੇ ਮਿੱਤਰ ਬਣਾਇਆਂ, ਉਹਨਾਂ ਨਾਲ ਮਿੱਤਰਤਾ ਪੂਰੀ ਨਿਭਾਈ। ਜਦੋਂ ਪ੍ਰੋ: ਗੁਰਮਖ ਸਿੰਘ ਜੀ ਨੂੰ ਅਕਾਲ ਤਖਤ ਸਾਹਿਬ ਦੀ ਕੁਰਵਤੋਂ ਕਰਕੇ ਕਾਬਜ ਪੁਜਾਰੀਆਂ, ਬੇਦੀ ਸਾਹਿਬਜ਼ਾਦਿਆਂ, ਸਨਾਤਨੀ ਗਿਆਨੀਆਂ ਸਦਕਾ ਜਦੋਂ ਛੇਕਿਆ ਗਿਆ ਤਾਂ ਆਪਨੇ ਉਹਨਾਂ ਮਹੰਤਾਂ ਵਿਰੁਧ ਧੂਆਂਧਾਰ ਪ੍ਰਚਾਰ ਕੀਤਾ ਤੇ ਉਹਨਾਂ ਦੇ ਪੈਰ ਉਖੇੜ ਕੇ ਰਖ ਦਿਤੇ। ਕਿਥੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾਂ ਕੌਮ ਨੇ ਹਰ ਹਾਲਤ ਪਾਲਣਾ ਕਰਨਾ ਸੀ ਤੇ ਕਿਥੇ ਇਹ ਹੁਕਮਨਾਮਾ ਗਿਆਨੀ ਜੀ ਦੀਆਂ ਲਿਖਤਾਂ, ਲੈਕਚਰਾਂ ਆਦਿ ਨਾਲ ਉਂਵੇ ਨਪਿਆ ਗਿਆ।

ਦ੍ਰਿੜ ਇਰਾਦਾ: ਗੁਰਬਾਣੀ ਗੁਰਸਿੱਖ ਲਈ ਜੀਵਨ ਦਾ ਰਾਹ ਹੈ। ਇਸ ਦੇ ਤੁਰਨ ਨਾਲ ਮਨੁੱਖ ਦ੍ਰਿੜ ਇਰਾਦੇ ਵਾਲਾ ਹੋ ਜਾਂਦਾ ਹੈ।ਸਾਰਾ ਇਤਿਹਾਸ ਗਵਾਹੀ ਦਿੰਦਾ ਹੈ ਕਿ ਗੁਰਮਤਿ ਵਿੱਚ ਦ੍ਰਿੜ ਮਨੁੱਖ ਆਪਣਾ ਸਭ ਕੁਝ ਵਾਰਕੇ ਵੀ ਦਿਲ ਨਹੀਂ ਹਾਰਦੇ।ਗਿਆਨੀ ਜੀ ਵੀ ਇਸੇ ਲੋਰੀਆਂ ਵਿਚ ਪੱਲੇ ਸਨ। ਇਹੋ ਹੀ ਕਾਰਨ ਹੈ ਕਿ ਬਾਵਜੂਦ ਇਨੀਆਂ ਮੁਸੀਬਤਾਂ, ਮੁਕਦਮਿਆਂ, ਗਰੀਬੀ ਆਦਿ ਹੋਣ ਤੇ ਦਿਲ ਨਹੀਂ ਹਾਰਿਆ।

ਸੁਧਾਰਕ: ਗਿਆਨੀ ਜੀ ਅਨਮਤੀਆਂ ਦੇ ਕਰਮ-ਕਾਂਡਾਂ ਤੇ ਕੁਰੀਤੀਆਂ ਦੇ ਵਡੇ ਸੁਧਾਰਕ ਸਨ।ਆਪ ਦੀਆਂ ਦਲੀਲਾਂ, ਉਕਤੀਆਂ, ਯੁਕਤੀਆਂ ਦਾ ਕਿਸੇ ਨੇ ਵੀ ਮੁਕਾਬਲਾ ਨਾ ਕੀਤਾ ਤੇ ਆਪ ਜੀ ਦੀ ਇਸ ਕਾਮਯਾਬੀ ਨੇ ਹੀ ਆਪ ਦੀ ਪ੍ਰਸਿਧਤਾ ਨੂੰ ਵਧਾਇਆ। ਪਛੜੀਆਂ ਸ਼ਰੇਣੀਆਂ ਨੂੰ , ਜੋ ਉਸ ਸਮੇਂ ਵੀਸਾਈ ਪਾਦਰੀਆਂ ਦੀ ਪ੍ਰੇਰਨਾ ਸਦਕਾ ਈਸਾਈ ਮਤ ਧਾਰਨ ਕਰ ਰਹੀਆਂ ਸਨ, ਨੂੰ ਗੁਰਮਤਿ ਸਮਝਾ ਕੇ ਗੁਰਸਿੱਖੀ ਦੀ ਫੁਲਵਾੜੀ ਅੰਦਰ ਸ਼ਾਮਲ ਕੀਤਾ।

ਆਪ ਜੀ ਨੇ ਅੰਨਦ ਵਿਆਹ ਦਾ ਜ਼ੋਰਦਾਰ ਪ੍ਰਚਾਰ ਕੀਤਾ। ਬ੍ਰਾਹਮਣਵਾਦ ਵਲੋਂ ਪਾਏ ਗਏ ਭੁਲੇਖਿਆਂ ਨੂੰ ਦੂਰ ਕਰਨ ਲਈ ਰਚਨਾਵਾਂ ਰਚੀਆਂ, ਲੈਕਚਰ ਦਿਤੇ।

ਗੁਰੂ ਪੰਥ ਦਾ ਦਾਸ,
ਗੁਰਸ਼ਰਨ ਸਿੰਘ ਕਸੇਲ, ਕਨੇਡਾ

ਹਵਾਲਾ-ਸਿੱਖ ਮਿਸ਼ਨਰੀ ਕਾਲਜ ਲੁਧਿਆਣੀ ਵੱਲੋਂ ਛਾਪੀ ਕਿਤਾਬ ਵਿੱਚੋਂ

Categories Religious
Tags
Share on Whatsapp