ਘਰਵਾਲੀ ਨੂੰ ਕੁੱਟਣ ਦਾ ਤਰੀਕਾ

ਇੱਕ ਵਾਰ ਇੱਕ ਬਾਬਾ ਇੱਕ ਗਲੀ ਵਿੱਚੋਂ ਗੁਜ਼ਰ ਰਿਹਾ ਸੀ ਕਿ ਦੇਖਦਾ ਹੈ ਇੱਕ ਘਰ ਵਿੱਚ ਇੱਕ ਨੌਜਵਾਨ ਆਪਣੀ ਸੱਜ ਵਿਆਹੀ ਚੂੜੇ ਵਾਲੀ ਘਰਵਾਲੀ ਨੂੰ ਕੁੱਟ ਰਿਹਾ ਹੈ ਤੇ ਉਹ ਉੱਚੀ-ਉੱਚੀ ਰੋ ਰਹੀ ਹੈ। ਬਾਬਾ ਰੁਕ ਜਾਂਦਾ ਹੈ ਤੇ ਨੌਜਵਾਨ ਨੂੰ ਕਹਿੰਦਾ ਹੈ ਕਿ ਜਵਾਨਾਂ ਇਸ ਤਰ੍ਹਾਂ ਘਰਵਾਲੀ ਨੂੰ ਨਹੀਂ ਕੁੱਟੀਦਾ, ਇਸ ਤਰ੍ਹਾਂ ਇਹ ਭੱਜ ਜਾਵੇਗੀ। ਘਰਵਾਲੀ ਨੂੰ ਕੁੱਟਣ ਤੋਂ ਪਹਿਲਾਂ ਚੰਗੀ ਤਰ੍ਹਾਂ ਨੂੜ ਲੈਣਾ ਚਾਹੀਦਾ ਹੈ।
ਕੁਝ ਦਿਨਾਂ ਬਾਅਦ ਜਦ ਬਾਬਾ ਫਿਰ ਉਸ ਗਲੀ ਵਿੱਚੋਂ ਲੰਘਿਆ ਤਾਂ ਦੇਖਦਾ ਹੈ ਕਿ ਨੌਜਵਾਨ ਨੇ ਆਪਣੀ ਘਰਵਾਲੀ ਨੂੰ ਰੱਸੀ ਨਾਲ ਘੁੱਟ ਕੇ ਬੰਨ੍ਹਿਆ ਹੋਇਆ ਹੈ ਅਤੇ ਕੁੱਟ ਰਿਹਾ ਹੈ। ਬਾਬੇ ਨੇ ਪੁੱਛਿਆ ਕਿ ਉਹ ਇਸ ਤਰ੍ਹਾਂ ਕਿਉਂ ਕਰ ਰਿਹਾ ਹੈ ਤਾਂ ਨੌਜਵਾਨ ਬੋਲਿਆ ਬਾਬਾ ਜੀ ਤੁਸੀਂ ਹੀ ਨੂੜ ਕੇ ਕੁੱਟਣ ਨੂੰ ਕਿਹਾ ਸੀ। ਬਾਬਾ ਕਹਿੰਦਾ ਮੂਰਖਾ ਨੂੜ ਕੇ ਕੁੱਟਣ ਦਾ ਮਤਲਬ ਰੱਸੀ ਨਾਲ ਨੂੜ ਕੇ ਨਹੀਂ ਸਗੋਂ ਮੇਰਾ ਮਤਲਬ ਗ੍ਰਿਹਸਤ ਨਾਲ ਨੂੜਨ ਦਾ ਸੀ। ਇਹ ਕਹਿ ਕੇ ਬਾਬਾ ਉਥੋਂ ਚਲਾ ਗਿਆ।
ਕਈ ਸਾਲਾਂ ਬਾਅਦ ਜਦੋਂ ਬਾਬਾ ਫਿਰ ਉਧਰੋਂ ਲੰਘਿਆ ਤਾਂ ਦੇਖਿਆ ਕਿ ਵਿਹੜੇ ਵਿੱਚ ਦੋਵੇਂ ਜੀਅ ਮੰਜੇ ਉੱਪਰ ਬੈਠੇ ਰੋਟੀ ਖਾ ਰਹੇ ਸਨ ਤੇ ਨਾਲ ਬੈਠੇ ਦੋ ਬੱਚਿਆਂ ਦੇ ਮੂੰਹਾਂ ਵਿੱਚ ਵੀ ਬੁਰਕੀਆਂ ਪਾ ਰਹੇ ਸਨ।
ਬਾਬੇ ਨੇ ਕਿਹਾ ਬਈ ਜਵਾਨਾਂ ਹੁਣ ਕੁੱਟ ਲਿਆ ਕਰ ਘਰਵਾਲੀ ਨੂੰ ਤਾਂ ਨੌਜਵਾਨ ਅੱਗੋਂ ਬੋਲਿਆ ਬਾਬਾ ਜੀ ਮੈਂ ਇਸਨੂੰ ਕਿਉਂ ਕੁੱਟਾਂ? ਇਹ ਮੇਰੀ ਘਰਵਾਲੀ ਹੈ ਅਤੇ ਮੇਰੇ ਬੱਚਿਆਂ ਦੀ ਮਾਂ। ਇੰਨੇ ਸਾਲ ਇਕੱਠੇ ਰਹਿਣ ਨਾਲ ਸਾਨੂੰ ਇੱਕ ਦੂਜੇ ਦੇ ਔਗੁਣਾਂ ਨਾਲੋਂ ਗੁਣ ਜ਼ਿਆਦਾ ਦਿਖਾਈ ਦੇਣ ਲੱਗ ਪਏ ਹਨ ਅਤੇ ਪਿਆਰ ਨਾਲੋਂ ਜ਼ਿਆਦਾ ਇੱਕ ਦੂਸਰੇ ਦੀ ਆਦਤ ਪੈ ਗਈ ਹੈ।
ਮੇਰਾ ਇਥੇ ਇਸ ਕਹਾਣੀ ਦਾ ਜ਼ਿਕਰ ਕਰਨ ਦਾ ਮਕਸਦ ਇਹ ਹੈ ਕਿ ਸਾਡੇ ਸਮਾਜ ਵਿੱਚ ਜੀਵਨ ਸਾਥੀ ਚੁਣਨ ਦਾ ਆਧਾਰ ਸੁਫ਼ਨੇ, ਗੁਣ, ਫਾਇਦਾ ਜਾਂ ਸਮਾਜਿਕ ਰੁਤਬਾ ਹੁੰਦਾ ਹੈ ਪਰ ਵਿਆਹ ਤੋਂ ਬਾਅਦ ਜਦੋਂ ਫੁੱਲਾਂ ਨਾਲ ਕੰਡੇ ਵੀ ਮਿਲਦੇ ਹਨ ਤਾਂ ਪਰਿਵਾਰਾਂ ਵਿੱਚ ਲੜਾਈ-ਝਗੜੇ ਸ਼ੁਰੂ ਹੋ ਜਾਂਦੇ ਹਨ। ਪਰ ਜੇਕਰ ਠੰਢੇ ਮਨ ਨਾਲ ਕੁਝ ਸਾਲ ਕੱਢ ਲਏ ਜਾਣ ਤਾਂ ਕੰਡਿਆਂ ਦਾ ਮਹੱਤਵ ਵੀ ਸਮਝ ਆਉਣ ਲੱਗ ਜਾਂਦਾ ਹੈ ਅਤੇ ਆਪਣੇ ਸਾਥੀ ਦੇ ਲੁਕੇ ਗੁਣ ਵੀ ਸਾਹਮਣੇ ਆਉਣ ਲੱਗ ਜਾਂਦੇ ਹਨ। ਇੱਕ ਦੂਸਰੇ ਦੀ ਆਦਤ ਪੈ ਜਾਂਦੀ ਹੈ ਤੇ ਧਿਆਨ ਘਰ ਪਰਿਵਾਰ ਤੇ ਬੱਚਿਆਂ ਦੀ ਤਰੱਕੀ ਵੱਲ ਲੱਗ ਜਾਂਦਾ ਹੈ।
ਦੂਸਰੇ ਪਾਸੇ ਕੁਝ ਹੋਸ਼ੀ ਮੱਤ ਵਾਲੇ ਲੋਕ ਆਪਣੇ ਵਿਆਹ ਦੇ ਸ਼ੁਰੂਆਤੀ ਦੌਰ ਵਿੱਚ ਹੀ ਆਪਣੀ ਗ੍ਰਿਹਸਤੀ ਦਾ ਉਹ ਹਾਲ ਕਰ ਬੈਠਦੇ ਹਨ ਕਿ ਮੁੜ ਸਾਰੀ ਜ਼ਿੰਦਗੀ ਉਹਨਾਂ ਦੀ ਗ੍ਰਿਹਸਥੀ ਵਾਲ਼ੀ ਗੱਡੀ ਲੀਹੋਂ ਲੱਥੀ ਹੀ ਰਹਿੰਦੀ ਹੈ।
ਪਰਗਟ ਸਿੰਘ ਗਿੱਲ

Likes:
Views:
158
Article Categories:
General

Leave a Reply