ਢੰਗ

by Jasmeet Kaur

ਬੰਤਾ ਖੰਡ ਦੀ ਬੋਰੀ ਚੁੱਕੀ ਸਿਟੀ ਪੁਲੀਸ ਗੇਟ ਦੇ ਅੰਦਰ ਵੜ ਗਿਆ। ਤੁਰੇ ਜਾਂਦੇ ਦਾ ਪੁਲੀਸ ਵਾਲਿਆਂ ਦੀ ਖੜੀ ਕੀਤੀ ਬਹੁਕਰ ਨਾਲ ਪਾਸਾ ਲੱਗਣ ਕਰਕੇ ਉਹ ਡਿੱਗ ਪਈ। ਸਿਪਾਹੀ ਅੱਖਾਂ ਕੱਢਦਾ ਕੜਕ ਕੇ ਬੋਲਿਆ, “ਸਾਲਿਆ, ਮਾਂ ਆਪਣੀ ਥੱਲੇ ਸੁੱਟਤੀ, ਤੂੰ ਚਾਹੁੰਨਾਂ ਕੋਈ ਵੀ ਬੰਦਾ ਨਾ ਫਸੇ, ਸਾਲੇ ਨੂੰ ਬੋਰੀ ਲਿਜਾਣ ਦੀ ਵੀ ਅਕਲ ਨੀ…।”
ਬਸ਼ੀਰੇ ਨੂੰ ਫੜੀ ਪੁਲੀਸ ਦੀ ਜੀਪ ਧੂੜਾਂ ਪਟਦੀ ਸਿਟੀ ਮੂਹਰੇ ਆ ਕੇ ਰੁਕੀ। ਅੱਜ ਉਹ ਅਫੀਮ ਵੇਚਦਾ ਫੜਿਆ ਗਿਆ ਸੀ। ਥਾਣੇਦਾਰ ਨੇ ਖਿੱਚ ਕੇ ਜੀਪ `ਚੋਂ ਥੱਲੇ ਸੁੱਟ ਲਿਆ ਤੇ ਧਰ ਦਿੱਤੀਆਂ ਤਿੰਨ ਚਾਰ ਮੌਰਾਂ `ਚ। ਬਸ਼ੀਰਾ ਤਰਲੇ ਕੱਢਦਾ ਬੋਲਿਆ, ‘ਸਰਦਾਰ ਮਾਈ ਬਾਪ, ਗਲਤੀ ਹੋਗੀ, ਗਾਂਹ ਨੂੰ ਨੀ ਵੇਚਦਾ।”
ਥਾਣੇਦਾਰ ਨੇ ਦੋ ਹੋਰ ਮਾਰਦਿਆਂ ਕਿਹਾ, “ਸਾਲਿਆ ਜੇ ਤੂੰ ਨੀ ਵੇਚੇਗਾ ਤਾਂ ਸਾਡਾ ਕੀ ਬਣੂ ਤੂੰ ਐਂ ਕਹਿ ਬਈ ਮਹੀਨਾ ਪਹੁੰਚਾਇਆ ਕਰੂੰਗਾ।’ ਬਸ਼ੀਰਾ ਹੁਣ ਖੁਸ਼ ਸੀ ਉਸਨੂੰ ਹੁਣ ਕੰਮ ਕਰਨ ਦਾ ਢੰਗ ਆ ਗਿਆ ਸੀ।

ਰਮੇਸ਼ ਕੁਮਾਰ ਅਗਰਵਾਲ

You may also like