ਫਕੀਰ ਬਾਦਸ਼ਾਹ

ਬਹਾਦਰ ਸ਼ਾਹ ਜਫ਼ਰ ਦੇ ਸਮੇ ਤਕ ਮੁਗਲੀਆ ਸਲਤਨਤ ਸਿਰਫ ਦਿੱਲੀ ਦੇ ਲਾਲ ਕਿਲ੍ਹੇ ਤੱਕ ਹੀ ਸੀਮਿਤ ਰਹਿ ਗਈ ਸੀ, ਜਿਸਦਾ ਝੰਡਾ ਕਦੇ ਪੂਰੇ ਭਾਰਤ ਵਿੱਚ ਬੁਲੰਦ ਸੀ। ਵਪਾਰ ਕਰਨ ਦੇ ਇਰਾਦੇ ਨਾਲ ਆਏ ਅੰਗਰੇਜ਼ਾਂ ਦਾ ਲੱਗਭਗ ਪੂਰੇ ਭਾਰਤ ਤੇ ਕਬਜ਼ਾ ਹੋ ਚੁੱਕਿਆਂ ਸੀ ਤੇ ਮੁਗਲੀਆ ਸਲਤਨਤ ਦਾ ਬੁਝਦਾ ਨੂਰ ਬਹਾਦਰ ਸ਼ਾਹ ਜਫਰ, ਆਪਣੇ ਹੀ ਮੁਲਖ , ਆਪਣੀ ਹੀ ਰਾਜਧਾਨੀ , ਇਥੋੰ ਕਿ ਆਪਣੇ ਹੀ ਦੀਵਾਨੇ-ਆਮ ਤੇ ਦੀਵਾਨੇ ਖ਼ਾਸ ਵਿੱਚ ਬੜਾ ਹੀ ਮਜਬੂਰ ਤੇ ਇੱਕਲਾ ਸੀ, ਰਾਜ-ਕਾਜ ਸੰਬੰਧੀ ਫ਼ੈਸਲੇ ਲੈਣੇ ਤਾ ਦੂਰ ਰੈਜ਼ੀਡੈਂਟ ਮੈਟਕਾੱਫ ਦੇ ਹੁਕਮ ਤੋੰਬਿਨ੍ਹਾ ਬਾਦਸ਼ਾਹ ਕਿਸੇ ਨੂੰ ਤੋਹਫ਼ੇ ਤੱਕ ਵੀ ਨਹੀ ਦੇ ਸਕਦਾ ਸੀ।। ਬਾਦਸ਼ਾਹ ਦੇ ਪੁੱਤਰ ਦੇ ਵਿਆਹ ਦੇ ਮੌਕੇ ਤੇ ਕੋਲੇਸਰ ਦੇ ਰਾਜੇ ਨੇ ਨਜਰਾਨੇ ਤੌਰ ਤੇ 7 ਸੋਨੇ ਦੀਆ ਮੌਹਰਾ ਤੇ ਘੋੜਾ ਬਾਦਸ਼ਾਹ ਨੂੰ ਭੇਟਾ ਕੀਤਾ ਤੇ ਬਦਲੇ ਵਿੱਚ ਬਾਦਸ਼ਾਹ ਨੇ ਰਾਜੇ ਨੂੰ ਖ਼ਿਲਅਤ ਭੇਟ ਕੀਤੀ, ਪਰ ਮੈਟਕਾੱਫ ਨੇ ਰਾਜੇ ਨੂੰ ਤੁਰੰਤ ਬਾਦਸ਼ਾਹ ਨੂੰ ਖ਼ਿਲਅਤ ਵਾਪਿਸ ਕਰਨ ਦਾ ਹੁਕਮ ਸੁਣਾ ਦਿੱਤਾ, ਕਾਰਨ…..ਮੈਟਕਾੱਫ ਦੀ ਨਜ਼ਰ ਵਿੱਚ ਰਾਜਾ ਅੰਗਰੇਜ਼ੀ ਹਕੂਮਤ ਦੇ ਅਧੀਨ ਸੀ ਤੇ ਓੁਸਨੂੰ ਕੋਈ ਹੱਕ ਨਹੀਂ ਸੀ ਕਿ ਕੋਈ ਵੀ ਬਾਦਸ਼ਾਹ (ਜਫਰ) ਪ੍ਰਤਿ ਵਫ਼ਾਦਾਰੀ ਪ੍ਰਗਟ ਕਰੇ।

ਬਾਦਸ਼ਾਹ ਦੀਆ ਬੁੱਢੀਆ ਅੱਖਾਂ ਵਿੱਚ ਇਤਿਹਾਸ ਦੀ ਵੀਰਾਨਗੀ ਵਸਦੀ ਸੀ, ਅਨਭੋਲ ਬਚਪਨ ਤੋੰ ਹੀ ਆਪਣੇ ਖ਼ਾਨਦਾਨ ਤੇ ਸਲਤਨਤ ਵਿੱਚ ਵੇਖੀਆਂ ਸਾਜਿਸ਼ਾ ਤੇ ਖ਼ੂਨ-ਖ਼ਰਾਬੇ ਬਾਦਸ਼ਾਹ ਦੇ ਵਿਅਕਤੀਤਵ ਵਿੱਚ ਠੰਡਾਪਨ ਤੇ ਦਰਦ ਬਣਕੇ ਹਮੇਸ਼ਾ ਲਈ ਠਹਿਰ ਗਏ ।।

ਦਾਰਾ ਸ਼ਿਕੋਹ ਤੇ ਬਹਾਦੁਰ ਸ਼ਾਹ ਇਤਿਹਾਸ ਦੇ ਏਸੇ ਪਾਤਰ ਹਨ ਜ਼ਿਹਨਾਂ ਨਾਲ ਵਕਤ ਜੇ ਥੋੜੀ ਜਿਹੀ ਵੀ ਵਫਾ ਕੀਤੀ ਹੁੰਦੀ ਤਾ ਭਾਰਤ ਦਾ ਇਤਿਹਾਸ ਕੁੱਝ ਹੋਰ ਹੀ ਹੁੰਦਾ।
ਦਾਰਾ ਸ਼ਿਕੋਹ ਨੂੰ ਔਰੰਗਜੇਬ ਨੇ ਕਤਲ ਕਰਵਾਇਆਂ ਤੇ ਦੂਜੇ ਪਾਸੇ ਡੁੱਬਦੇ ਹੋਏ ਮੁਗਲ ਸਾਮਰਾਜ ਦੇ ਵਾਰਿਸ ਜਫਰ ਸਿਆਸੀ ਜੋੜ-ਤੋੜ ਤੋਂ ਅਨਜਾਣ ਅੰਗਰੇਜ਼ਾਂ ਦੇ ਫੰਦੇ ਵਿੱਚ ਏਸੇ ਫਸੇ ਕਿ ਸਾਰੀ ਓੁਮਰ ਆਪਣੀਆ ਮਜਬੂਰੀਆਂ ਦੀ ਕਾਰਾਗਰ ਵਿੱਚੋਂ ਨਿਕਲ ਨਾ ਸਕੇ।

ਬਹਾਦਰ ਸ਼ਾਹ ਜਫਰ ਇੱਕ ਹਿੰਦੂ ਔਰਤ ਲਾਲ ਬਾਈ ਅਤੇ ਅਕਬਰ ਸ਼ਾਹ ਦੂਜੇ ਦੇ ਘਰ 24 ਅਕਤੂਬਰ 1775 ਨੂੰ ਪੈਦਾ ਹੋਇਆ ਸੀ ।
ਸੂਫ਼ੀਆਨਾ ਤਬੀਅਤ ਦਾ ਧਾਰਨੀ ਬਾਦਸ਼ਾਹ , ਜ਼ਲਾਲਤ ਤੇ ਫ਼ਰੇਬ ਦੀ ਦੁਨੀਆ ਤੋ ਪਰੇ ਸ਼ਾਇਰੀ ਦਾ ਖ਼ੂਬਸੂਰਤ ਜਹਾਨ ਓੁਸਾਰੀ ਬੈਠਾ ਸੀ, ਮਿਰਜ਼ਾ ਗਾਲਿਬ ਤੇ ਜੌਕ ਅਦਬੀ ਨਗੀਨੇ ਸਨ ਦਰਬਾਰ ਵਿੱਚ। ਬਾਦਸ਼ਾਹ ਸ਼ਾਇਰੀ ਦੇ ਮੁਰੀਦ ਹੋਣ ਦੇ ਨਾਲ-ਨਾਲ ਖ਼ੁਦ ਵੀ ਇਕ ਬਿਹਤਰੀਨ ਸ਼ਾਇਰ ਸਨ, ਓੁਹਨਾ ਦੇ ਦਰਦ ਭਰੇ ਸ਼ੇੰਅਰਾ ਵਿੱਚ ਜਿੱਥੇ ਮਨੁੱਖੀ ਭਾਵਨਾਵਾਂ ਦੇ ਵਲਵਲੇ ਸਨ ਤਾ ਜ਼ਿੰਦਗੀ ਦੀ ਤਲਖ ਹਕੀਕਤ ਵਿੱਚ ਬਿਆਨ ਕਰਦੇ ਸਨ।।
ਕਹ ਦੋ ਇਨ ਹਸਰਤੋਂ ਸੇ ਕਹੀਂ ਔਰ ਜਾ ਬਸੇਂ,
ਇਤਨੀਜਗਹ ਕਹਾਂ ਹੈ ਦਿਲ ਏ ਦਾਗ਼ਦਾਰ ਮੇਂ।।

ਇਸ ਸੂਫ਼ੀ ਬਾਦਸ਼ਾਹ ਦੇ ਲਈ ਅਵਾਮ ਦੇ ਮਨ ਵਿੱਚ ਅਸੀਮ ਸ਼ਰਧਾ ਸੀ, ਕਿਓੁਕਿ ਔਰੰਗਜੇਬ ਵੱਲੋਂ ਧਾਰਮਿਕ ਕੱਟੜਤਾ ਦੀਆ ਬੰਨੀਆਂ ਗੰਢਾ ਨੂੰ ਖੋਲ੍ਹਣ ਵਿੱਚ ਕਾਫ਼ੀ ਹੱਦ ਤੱਕ ਕਾਮਯਾਬ ਵੀ ਹੋਇਆ ਸੀ , ਇਹੀ ਕਾਰਨ ਸੀ ਕਿ 1857 ਦੀ ਪਹਿਲੀ ਜੰਗੇ ਅਜ਼ਾਦੀ ਦੇ ਸਿਪਾਹੀਆਂ ਨੇ ਓੁਹਨਾ ਨੂੰ ਸਰਬ ਸੰਮਤੀ ਨਾਲ ਸੁਪਨਿਆਂ ਦੇ ਆਜ਼ਾਦ ਭਾਰਤ ਦਾ ਬਾਦਸ਼ਾਹ ਮੰਨ ਲਿਆ ਸੀ । ਬੁੱਢੇ ਬਾਦਸ਼ਾਹ ਦੀਆ ਬੁਝਦੀਆਂ ਅੱਖਾਂ ਨੂੰ ਬਾਗ਼ੀਆਂ ਨੇ ਆਜ਼ਾਦ ਭਾਰਤ ਦੀ ਬਾਦਸ਼ਾਹਤ ਦੇ ਖ਼ਾਬ ਨਾਲ ਰੌਸ਼ਨ ਕਰ ਦਿੱਤਾ ਸੀ। ਬਾਗ਼ੀ ਸਿਰ ਧੜ ਦੀ ਬਾਜ਼ੀ ਲਾ ਰਹੇ ਸਨ ਤੇ ਭਾਰਤ ਦਾ ਇਤਹਾਸ ਜਿਵੇੰ ਸਾਹ ਰੋਕ ਕੇ ਨਤੀਜੇ ਦਾ ਇੰਤਜ਼ਾਰ ਕਰ ਰਿਹਾ ਸੀ। ਭਾਰਤੀਆਂ ਨੇ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਅੰਗਰੇਜਾਂ ਨੂੰ ਕਰਾਰੀ ਹਾਰ ਦਿੱਤੀ।
ਸ਼ੁਰੂਆਤੀ ਨਤੀਜੇ ਵਤਨਪ੍ਰਸਤਾ ਦੇ ਪੱਖ ਵਿੱਚ ਰਹੇ, ਲੇਕਿਨ ਬਾਅਦ ਵਿੱਚ ਅੰਗਰੇਜਾਂ ਦੇ ਛੱਲ ਅਤੇ ਬੇਈਮਾਨੀ ਨਾਲ ਇਸ ਸਵਾਧੀਨਤਾ ਲੜਾਈ ਦਾ ਰੁਖ਼ ਬਦਲ ਗਿਆ ਅਤੇ ਅੰਗਰੇਜ਼ ਬਗਾਵਤ ਨੂੰ ਦਬਾਓੁਣ ਵਿੱਚ ਕਾਮਯਾਬ ਹੋ ਗਏ। ਅੰਗਰੇਜ਼ਾ ਤੋ ਜਾਨ ਬਚਾਉਣ ਲਈ ਬਹਾਦੁਰ ਸ਼ਾਹ ਜ਼ਫ਼ਰ ਨੇ ਹੁਮਾਯੂੰ ਦੇ ਮਕਬਰੇ ਵਿੱਚ ਸ਼ਰਨ ਲਈ, ਲੇਕਿਨ ਮੇਜਰ ਹਡਸ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਬੇਟੇ ਮਿਰਜਾ ਮੁਗਲ ਅਤੇ ਖਿਜਰ ਸੁਲਤਾਨ ਅਤੇ ਪੋਤਰੇ ਅਬੂ ਬਕਰ ਦੇ ਨਾਲ ਫੜ ਲਿਆ। ਬਹਾਦਰ ਸ਼ਾਹ ਜਫ਼ਰ ਦੀਆਂ 4 ਪਤਨੀਆਂ ਸਨ ਅਤੇ ਉਸਦੇ 24 ਬੱਚਿਆਂ ਵਿਚੋਂ 22 ਨੂੰ ਅੰਗਰੇਜ਼ਾਂ ਨੇ ਮਾਰ ਦਿੱਤਾ ਸੀ।

ਅੰਗਰੇਜਾਂ ਨੇ ਜੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਉਨ੍ਹਾਂ ਦੇ ਦੋ ਬੇਟਿਆਂ ਅਤੇ ਇੱਕ ਪੋਤਰੇ ਨੂੰ ਗੋਲੀ ਨਾਲ ਉੜਾ ਦਿੱਤਾ ਗਿਆ। ਜਦੋਂ ਬਹਾਦੁਰ ਸ਼ਾਹ ਜਫਰ ਨੂੰ ਭੁੱਖ ਲੱਗੀ ਤਾਂ ਅੰਗਰੇਜ਼ ਉਨ੍ਹਾਂ ਦੇ ਸਾਹਮਣੇ ਥਾਲੀ ਵਿੱਚ ਪਰੋਸਕੇ ਉਨ੍ਹਾਂ ਦੇ ਬਟਿਆਂ ਦੇ ਸਿਰ ਲੈ ਆਏ। ਉਨ੍ਹਾਂ ਨੇ ਅੰਗਰੇਜ਼ਾਂ ਨੂੰ ਜਵਾਬ ਦਿੱਤਾ ਕਿ ਹਿੰਦੁਸਤਾਨ ਦੇ ਬੇਟੇv ਦੇਸ਼ ਲਈ ਸਿਰ ਕੁਰਬਨ ਕਰ ਆਪਣੇ ਬਾਪ ਦੇ ਕੋਲ ਇਸ ਅੰਦਾਜ ਵਿੱਚ ਆਇਆ ਕਰਦੇ ਹਨ।
ਤਾਂ ਇਕ ਓੁਰਦੂ ਸ਼ਾਇਰੀ ਜਾਨਣ ਵਾਲੇ ਅੰਗਰੇਜ਼ ਆਫੀਸਰ ਨੇ ਤੰਜ ਕੱਸਦੇ ਹੋਏ ਕਿਹਾ,
ਦਮਦਮੇ ਮੇ ਦਮ ਨਹੀ ਅਬ ਖ਼ੈਰ ਮਾੰਗੋੰ ਜਾਨ ਕੀ, ਬੱਸ ਹੋ ਚੁੱਕੀ ਜਫਰ ਸ਼ਮਸ਼ੀਰ ਹਿੰਦੂਸਥਾਨਕੀ”।

ਅੱਗੋਂ ਓੁਸ ਹਾਰੇ ਹੋਏ ਬਾਦਸ਼ਾਹ ਨੇ ਪੂਰੇ ਜੋਸ਼ੋ ਜਲਾਲ ਨਾਲ ਸ਼ਾਇਰੀ ਵਿੱਚ ਹੀ ਜਵਾਬ ਦਿੱਤਾ,
“#ਗਾਜੀਓ ਮੇ ਬੂ ਰਹੇਗੀ ਜੱਬ ਤਲਕ ਇਮਾਨ ਕੀ ਤਖਤ ਲੰਦਨ ਤੱਕ ਚਲੇਗੀ ਤੇਗ ਹਿੰਦੂਸਥਾਨ ਕੀ”।।

ਆਜ਼ਾਦੀ ਲਈ ਹੋਈ ਬਗਾਵਤ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਮਕਸਦ ਨਾਲ ਅੰਗਰੇਜ਼ਾਂ ਨੇ ਅੰਤਮ ਮੁਗਲ ਬਾਦਸ਼ਾਹ ਨੂੰ ਜਲਾਵਤਨੀ ਦਾ ਹੁਕਮ ਸੁਣਾ ਦਿੱਤਾ।ਦਿੱਲੀ ਦੇ ਜਿਸ ਸਾਮਰਾਜ ਦੀ ਨੀਂਹ 352 ਸਾਲ ਪਹਿਲਾ ਬਾਬਰ ਨੇ ਰੱਖੀ ਸੀ, ਓੁਸਦੇ ਅਖੀਰਲੇ ਬਾਦਸ਼ਾਹ ਦਾ ਸੱਭ ਕੁੱਝ ਖੋਹ ਕੇ ਓੁਸਨੂੰ ਕਾਲੀ ਰਾਤ ਰੰਗੂਨ, ਬਰਮਾ (ਹੁਣ ਮਿਆਂਮਾਰ ) ਲਈ ਰਵਾਨਾ ਕਰ ਦਿੱਤਾ, ਜਿਸਦੇ ਬਾਬਤ ਓੁਹਨੂੰ ਓੁਥੇ ਪਹੁੰਚਣ ਤੱਕ ਕੋਈ ਜਾਨਕਾਰੀ ਨਹੀ ਦਿੱਤੀ ਗਈ।। #ਸ਼ਾਇਰ ਬਾਦਸ਼ਾਹ ਨੂੰ ਰੰਗੂਨ ਦੀ ਜੇਲ ਵਿੱਚ ਕਲਮ ਵੀ ਮੁਹੱਈਆ ਨਹੀ ਕਰਵਾਈ ਗਈ , ਪਰ ਬਾਦਸ਼ਾਹ ਨੇ ਮਾਚਿਸ ਦੀਆ ਬੁਝੀਆ ਹੋਈਆ ਤੀਲਾਂ ਨਾਲ ਹੀ ਦਰਦ ਨਾਲ ਲਬਰੇਜ ਮਿਸਰੇ ਕੈਦਗਾਹ ਦੀਆੰ ਕੰਧਾਂ ਤੇ ਲਿੱਖ ਦਿੱਤੇ ।।
ਆਪਣੇ ਮਹਿਬੂਬ ਵਤਨ ਦੀ ਮਿੱਟੀ ਵਿੱਚ ਖ਼ਾਕ ਹੋਣ ਦੀ ਕਸਕ ਨੂੰ ਦਿਲ ਵਿੱਚ ਸੰਜੋਏ ਬਾਦਸ਼ਾਹ 7 ਨਵੰਬਰ 1862 ਨੂੰ ਜਹਾਨੋ ਕੂਚ ਕਰ ਗਏ।

“ਕਿਤਨਾ ਹੈ ਬਦਨਸੀਬ ਜਫਰ ਦਫ਼ਨ ਕੇ ਲਿਏ,
ਦੋ ਗਜ ਜ਼ਮੀਨ ਭੀ ਨਾ ਮਿਲੀ ਕੂਏ-ਯਾਰ ਮੇੰ।।

  • ਲੇਖਕ: Gurinder Kaur Ghuman
  • ਪੁਸਤਕ: ਇਤਿਹਾਸ ਦੀ ਇੱਕ ਓੁਦਾਸ ਗਜਲ
Share on Whatsapp