ਫੇਸਬੁਕ ਕਵੀ

ਦੀਪਾ ਨੂੰ ਇਕ ਕਵੀ ਨਾਲ ਪਿਆਰ ਹੋ ਗਿਆ ਸੀ..ਕਵੀ ਰੋਜ਼ ਉਸਨੂੰ ਮਿਲਦਾ…ਉਸਦੇ ਨਾਲ ਗੱਲਾਂ ਕਰਦਾ…ਤੇ ਰੋਜ਼ ਰਾਤ ਨੂੰ ਇਹ ਸਾਰੀਆਂ ਚੀਜ਼ਾਂ ਫੇਸਬੁਕ ਉਪਰ ਵੀ ਲਿਖ ਕੇ ਪੋਸਟ ਕਰ ਦਿੰਦਾ…

” ਅੱਜ ਆਪਾਂ ਮਿਲੇ…ਚਾਹ ਪੀਤੀ…ਮੈਂ ਉਸਦੇ ਹੱਥਾਂ ਨੂੰ ਦੇਰ ਤੱਕ ਦੇਖਦਾ ਰਿਹਾ…ਜਿੰਨਾ ਨੇ ਚਾਹ ਵਾਲੇ ਕੱਪ ਨੂੰ ਫੜ੍ਹਿਆ ਹੋਇਆ ਸੀ ”

” ਅੱਜ ਮੈਂ ਉਸਦੇ ਹੱਥਾਂ ਨੂੰ ਪਹਿਲੀ ਵਾਰ ਆਪਣੇ ਹੱਥਾਂ ਚ ਲੈਣ ਦਾ ਸੋਚਿਆ…ਸੋਚ ਰਿਹਾ ਹਾਂ…ਕਦੋਂ ਉਸਦੇ ਹੱਥ ਮੇਰੇ ਹੱਥਾਂ ਚ ਹੋਣਗੇ ”

” ਅੱਜ ਆਪਾਂ ਲੜ੍ਹੇ…ਰੁੱਸੇ…ਮੰਨ ਗਏ ”

ਉਸ ਕਵੀ ਨਾਲ ਜੁੜੇ ਲੋਕ ਏਨਾ ਪੋਸਟਾਂ ਥੱਲੇ ਰੰਗ ਬਿਰੰਗੇ ਕੋਮੈਂਟ ਕਰਦੇ ਸੀ…ਵਾਹ ਵਾਹ ਕਰਦੇ ਸੀ…

” ਦੀਪਾ…ਤੂੰ ਮੇਰੀਆਂ ਏਨਾ ਪੋਸਟਾਂ ਨੂੰ ਲਾਈਕ ਕਰਕੇ ਨਿਕਲ ਜਾਂਦੀ ਏਂ…ਕੋਮੈਂਟ ਨਹੀਂ ਕਰਦੀ ? ” ਕਵੀ ਨੇ ਸੁਆਲ ਕੀਤਾ…

” ਮੈਂ ਸੱਚ ਦਸਾਂ…ਤਾਂ ਮੈਨੂੰ ਇਹ ਪੋਸਟਾਂ ਜ਼ਰਾ ਪਸੰਦ ਨਹੀਂ ਆਉਂਦੀਆਂ ” ਦੀਪਾ ਨੇ ਕਵੀ ਦੀਆਂ ਅੱਖਾਂ ਚ ਦੇਖਿਆ…

” ਪਸੰਦ ਨਹੀਂ ਆਉਂਦੀਆਂ…ਪਰ ਕਿਉਂ…ਇਹ ਤਾਂ ਤੇਰੇ ਮੇਰੇ ਬਾਰੇ ਹੀ ਹੁੰਦੀਆਂ ਨੇ…ਫੇਰ ਪਸੰਦ ਨਾ ਆਉਣ ਦਾ ਕਾਰਨ ? ” ਕਵੀ ਹੈਰਾਨ ਹੋ ਗਿਆ ਸੀ..

” ਆਪਾਂ ਮਿਲਦੇ ਹਾਂ…ਆਪਾਂ ਨੂੰ ਇਕ ਦੂਜੇ ਬਾਰੇ ਜੋ ਵੀ ਅਹਿਸਾਸ ਹੁੰਦਾ ਹੈ…ਉਹ ਅਸੀਂ ਇਕ ਦੂਜੇ ਨਾਲ ਸਾਂਝਾ ਕਰੀਏ ਤਾਂ ਚੰਗਾ ਲਗਦਾ ਹੈ…ਪਰ ਹਰ ਜ਼ਿਕਰ ਫੇਸਬੁਕ ਉਪਰ ਕਰਨਾ…ਇਹ ਮੈਨੂੰ ਨਹੀਂ ਜੱਚਦਾ…ਕੁਛ ਚੀਜ਼ਾਂ…ਕੁਛ ਫੀਲ ਉਹਨਾਂ ਦੋਵਾਂ ਵਿਚਕਾਰ ਹੀ ਚੰਗੇ ਲਗਦੇ ਨੇ ਜਿੰਨਾ ਵਿਚ ਇਹ ਹੋਣ…ਹਰ ਗੱਲ ਨੂੰ ਲਿਖ ਕੇ ਹੋਰਨਾਂ ਨਾਲ ਸਾਂਝਾ ਕਰਨਾ ਮੈਨੂੰ ਠੀਕ ਨਹੀਂ ਲਗਦਾ ”

” ਪਰ ਇਸਦੇ ਵਿਚ ਖਰਾਬ ਵੀ ਕੀ ਹੈ…? ” ਕਵੀ ਬੋਲਿਆ…

” ਇਸਦੇ ਵਿਚ ਚੰਗਾ ਕੀ ਹੈ ? ” ਦੀਪਾ ਨੇ ਸੁਆਲ ਕੀਤਾ…

” ਦੇਖ…ਮੈਂ ਲਿਖਦਾ ਹਾਂ…ਲੋਕ ਪੜ੍ਹਦੇ ਨੇ ਮੈਨੂੰ….ਜੇ ਆਪਣੇ ਦੋਵਾਂ ਬਾਰੇ ਲਿਖਦਾ ਹਾਂ ਤਾਂ ਇਸ ਵਿਚ ਮੈਨੂੰ ਕੋਈ ਖਰਾਬੀ ਨਜ਼ਰ ਨਹੀਂ ਆਉਂਦੀ ”

” ਲਿਖੋ…ਲਿਖਣ ਤੋਂ ਮਨ੍ਹਾ ਨਹੀਂ ਹੈ…ਪਰ ਕੁਝ ਗੱਲਾਂ…ਕੁਛ ਮੁਲਾਕਾਤਾਂ ਨਿਜੀ ਹੁੰਦੀਆਂ ਨੇ….ਜੋ ਫੀਲ ਸਾਨੂੰ ਹੈ…ਉਹ ਪੜ੍ਹਨ ਆਲੇ ਨੂੰ ਪਹਿਲੀ ਗੱਲ ਆਏਗਾ ਨਹੀਂ….ਤੇ ਦੂਜਾ…ਸਾਡੇ ਆਪਣੇ ਪਲ…ਫੇਰ ਸਾਡੇ ਆਪਣੇ ਹੀ ਕਦੋਂ ਰਹਿ ਗਏ…” ਦੀਪਾ ਥੋੜਾ ਖਿਝ ਕੇ ਬੋਲੀ…

” ਮੈਂ ਸਮਝਿਆ ਨਹੀਂ…ਖੁਲ੍ਹ ਕੇ ਸਮਝਾਓ ? ” ਕਵੀ ਸਿਰ ਫੜ੍ਹ ਕੇ ਬੋਲਿਆ…

” ਦੇਖੋ…ਤੁਸੀਂ ਲਿਖਿਆ…ਆਪਾਂ ਲੜ੍ਹੇ…ਰੁੱਸੇ…ਮੰਨੇ…ਹੁਣ ਦਸੋ…ਕਿ ਇਹ ਪੋਸਟ ਚ ਲਿਖਣਾ ਕਿਉਂ ਜ਼ਰੂਰੀ ਹੈ ?….ਤੁਹਾਨੂੰ ਪੜ੍ਹਨ ਵਾਲੇ ਤੁਹਾਡਾ ਪੜ੍ਹਿਆ ਪਸੰਦ ਕਰਦੇ ਨੇ…ਪਰ ਉਹਨਾਂ ਨੂੰ ਇਸਦੇ ਵਿਚ ਕੀ ਇੰਟਰੇਸਟ ਹੋ ਸਕਦਾ ਹੈ ਕਿ ਤੁਸੀਂ ਕਿਸੇ ਨਾਲ ਰੁੱਸੇ ਲੜ੍ਹੇ ਜਾਂ ਮੰਨੇ ਹੋ…ਬੇਸ਼ਕ ਉਹ ਤੁਹਾਡੇ ਲਿਖੇ ਨੂੰ ਲਾਈਕ ਵੀ ਕਰ ਜਾਣਗੇ…ਪਰ ਇਕ ਲੇਖਕ ਦੇ ਤੌਰ ਤੇ ਤੁਸੀਂ ਕਿਧਰ ਜਾ ਰਹੇ ਹੋ…ਕੀ ਲਿਖ ਰਹੇ ਹੋ…ਇਹ ਮਿਆਰ ਨਹੀਂ ਹੈ…ਮੈਂ ਏਨਾ ਗੱਲਾਂ ਨੂੰ ਲਿਖਣਾ ਨਹੀਂ ਆਖ ਸਕਦੀ ”

ਕਵੀ ਕੁਛ ਨਾ ਬੋਲਿਆ….ਤੇ ਸੋਚਾਂ ਵਿਚ ਪੈ ਗਿਆ….

” ਜੇ ਤੁਸੀਂ ਆਪਣੇ ਰਿਸ਼ਤੇ ਬਾਰੇ ਕੁਝ ਲਿਖਣਾ ਹੀ ਹੈ…ਤਾਂ ਉਦੋਂ ਲਿਖਣਾ…ਜਦੋਂ ਅਸੀਂ ਇਕ ਦੂਜੇ ਨਾਲ ਉਮਰਾਂ ਬੀਤਾ ਚੁਕੇ ਹੋਈਏ…ਜਦੋਂ ਸਾਡੀ ਕਹਾਣੀ ਚ ਕਈ ਵਰ੍ਹੇ ਸ਼ਾਮਲ ਹੋਣ…ਓਹ ਸੰਘਰਸ਼ ਸ਼ਾਮਲ ਹੋਵੇ ਜੋ ਅਸੀਂ ਇਕ ਦੂਜੇ ਨਾਲ ਰਹਿਣ ਲਈ ਸਮਾਜ ਨਾਲ ਕੀਤਾ ਹੋਵੇ…ਆਪਣੀ ਜ਼ਿੰਦਗੀ ਦੀ ਰਾਹ ਚ ਆਏ ਹੋਰਨਾਂ ਰਿਸ਼ਤਿਆਂ ਨੂੰ ਪਾਸੇ ਕਰਦੇ ਹੋਏ ਇਕ ਦੂਜੇ ਨਾਲ ਰਹਿਣ ਦੀਆਂ ਅਨੇਕਾਂ ਕਹਾਣੀਆਂ ਹੋਣ…ਉਦੋਂ ਲਿਖਣਾ ਆਪਣੇ ਬਾਰੇ ਜਦੋਂ ਸਾਡੀ ਕਹਾਣੀ ਵਾਕਿਆ ਹੀ ਕਹਾਣੀ ਵਾਂਗ ਲਿਖਣ ਲਾਇਕ ਹੋਵੇ…ਫੇਰ ਮੈਨੂੰ ਵੀ ਪੜ੍ਹਨ ਦਾ ਮਜ਼ਾ ਆਵੇਗਾ…ਪਰ ਜੇ ਤੁਸੀਂ ਆ ਰੋਜ਼ ਹੀ ਆਪਣੀ ਕਿਸੇ ਵੀ ਮੁਲਾਕਾਤ ਨੂੰ ਏਦਾਂ ਆਮ ਜੇਹੀ ਪੋਸਟ ਵਾਂਗ ਲਿਖਦੇ ਰਹੋਗੇ ਤਾਂ ਜਲਦੀ ਹੀ ਇਸਨੂੰ ਪੜ੍ਹਨ ਵਾਲੇ ਬੋਰ ਹੋ ਜਾਣਗੇ…ਸਮਝ ਰਹੇ ਹੋ ਨਾ ਮੇਰੀ ਗੱਲ ? ” ਦੀਪਾ ਨੇ ਕਵੀ ਵੱਲ ਦੇਖਿਆ…

” ਹਾਂ….ਸਮਝ ਰਿਹਾ ਹਾਂ…ਮੈਂ ਇਹ ਸਭ ਸੋਚਿਆ ਹੀ ਨਹੀਂ ਸੀ ” ਕਵੀ ਨੇ ਸਿਰ ਉਪਰ ਚੁੱਕਿਆ…

” ਹਾਂਜੀ.. ਬਸ ਏਨਾ ਸੋਚੋ ਕਿ ਤੁਹਾਡਾ ਲਿਖਿਆ ਲੋਕਾਂ ਲਈ ਹਰ ਵਾਰ ਨਵਾਂ ਹੋਵੇ….ਨਾ ਕਿ ਲੋਕਾਂ ਨੂੰ ਪਹਿਲਾਂ ਹੀ ਅੰਦਾਜ਼ਾ ਹੋ ਜਾਵੇ ਕਿ ਅੱਜ ਫੇਰ ਕਵੀ ਸਾਬ ਆਪਣੀ ਪ੍ਰੇਮਿਕਾ ਨਾਲ ਹੋਈ ਮੁਲਾਕਾਤ ਨੂੰ ਲਿਖਣ ਬੈਠਣਗੇ…ਆਪਣੇ ਚੋਂ ਬਾਹਰ ਆਓ…ਆਪਾਂ ਜੋ ਮਿਲ ਕੇ ਮਹਿਸੂਸ ਕੀਤਾ…ਜਾਂ ਇਕ ਦੂਜੇ ਨਾਲ ਪਿਆਰ ਕਰਕੇ ਮਹਿਸੂਸ ਕੀਤਾ…ਇਹ ਸਭ ਸਾਡੇ ਦੋਨਾਂ ਤੱਕ ਰਹਿਣਾ ਚਾਹੀਦਾ…ਇਹ ਸਭ ਨੂੰ ਇਕ ਦਿਨ ਦਸਣਾ ਚੰਗਾ ਲਗਦਾ ਹੈ…ਦੋ ਦਿਨ ਦਸਣਾ ਚੰਗਾ ਲਗਦਾ ਹੈ…ਪਰ ਰੋਜ਼ ਆਹੀ ਦਸੀ ਜਾਣਾ ਤੁਹਾਨੂੰ ਵੀ ਤੇ ਸਾਡੇ ਰਿਸ਼ਤੇ ਨੂੰ ਵੀ ਹਾਸੇ ਦਾ ਪਾਤਰ ਬਣਾ ਦਵੇਗਾ…” ਦੀਪਾ ਬੋਲੀ…

ਕਵੀ ਨੇ ਸਹਿਮਤੀ ਚ ਸਿਰ ਹਿਲਾਇਆ….

….

ਕਵੀ ਹੁਣ ਵੀ ਰੋਜ਼ ਪੋਸਟਾਂ ਲਿਖਦਾ ਹੈ…ਪਰ ਹੁਣ ਉਹ ਦੁਨੀਆਂ ਦੀ ਗੱਲ ਕਰਦਾ ਹੈ…ਉਹਨਾਂ ਵਿਸ਼ਿਆਂ ਬਾਰੇ ਲਿਖਦਾ ਹੈ ਜਿੰਨਾ ਵਿਸ਼ਿਆਂ ਬਾਰੇ ਲੋਕਾਂ ਨੂੰ ਜਾਨਣਾ ਹੈ…ਜਿੰਨਾ ਬਾਰੇ ਲੋਕਾਂ ਨੇ ਪੜ੍ਹਨਾ ਹੈ…

” ਆਪਣੇ ਆਪ ਬਾਰੇ ਹੀ ਲਿਖੀ ਜਾਣਾ ਉਦੋਂ ਹੀ ਚੰਗਾ ਲਗਦਾ ਹੈ…ਜਦੋਂ ਤੁਹਾਡੇ ਕੋਲ ਆਪਣੇ ਬਾਰੇ ਲਿਖਣ ਲਈ ਹਰ ਰੋਜ਼ ਨਵੀਂ ਗੱਲ ਹੋਵੇ….ਨਹੀਂ ਤਾਂ ਤੁਹਾਡਾ ਲਿਖਣਾ ਬਸ ਆਪਣੀਆਂ ਭਾਵਨਾਵਾਂ ਦੇ ਅਧੀਨ ਹੋ ਜਾਂਦਾ ਹੈ ਜਿੰਨਾ ਨੂੰ ਲੋਕ ਲਾਈਕ ਤਾਂ ਕਰਦੇ ਨੇ ਪਰ ਅੱਕ ਜਾਂਦੇ ਨੇ….ਫੇਰ ਉਹ ਲੇਖਕ ਮਰ ਜਾਂਦਾ ਹੈ ਜਿਸਨੂੰ ਸਾਰੀ ਦੁਨੀਆਂ ਚ ਪੜ੍ਹਿਆ ਜਾਣਾ ਸੀ ” ਕਵੀ ਨੇ ਆਪਣਾ ਸਟੇਟਸ ਅਪਡੇਟ ਕੀਤਾ…

ਪਰ ਅੱਜ ਉਸਨੂੰ ਕੋਈ ਲਾਈਕ ਨਹੀਂ ਸੀ ਆਇਆ….ਕਿਸੇ ਨੂੰ ਸਮਝ ਨਹੀਂ ਸੀ ਆਇਆ ਕਿ ਉਸਨੇ ਕੀ ਲਿਖਿਆ ਹੈ….

” ਹਾਂ…ਮੈਂ ਏਦਾਂ ਦੇ ਲੇਖਕ ਨੂੰ ਹੀ ਪੜ੍ਹਨਾ ਚਾਹੰਦੀ ਹਾਂ…ਜੋ ਜਾਣਦਾ ਹੋਵੇ ..ਕਿ…ਕੀ ਲਿਖਣਾ ਚਾਹੀਦਾ ਹੈ…ਤੇ ਕੀ ਨਹੀਂ ਲਿਖਣਾ ਚਾਹੀਦਾ…ਇਹ ਮੇਰਾ ਪਿਆਰਾ ਲੇਖਕ ਕਦੀ ਨਹੀਂ ਮਰੇਗਾ…” ਦੀਪਾ ਨੇ ਕੋਮੈਂਟ ਕੀਤਾ ਸੀ…

‘ ਪਰ ਅੱਜ ਮੇਰਾ ਲਿਖਿਆ ਹੋਰ ਕਿਸੇ ਨੂੰ ਪਸੰਦ ਨਹੀਂ ਆਇਆ ਲਗਦਾ…ਕਿਸੇ ਨੇ ਕੋਈ ਕਮੈਂਟ ਨਹੀਂ ਕੀਤਾ ” ਕਵੀ ਨੇ ਦੀਪਾ ਨੂੰ ਇਨਾਬਕਸ ਚ ਆਖਿਆ…

” ਵੇਟ ਐਂਡ ਵਾਚ ” ਦੀਪਾ ਦਾ ਜੁਆਬ ਸੀ..

” ਵਾਹ ਵੀਰ ਜੀ…ਅੱਜ ਤੁਸੀਂ ਵੱਖਰਾ ਹੀ ਕੁਛ ਲਿਖਿਆ ਹੈ…ਰੂਟੀਨ ਤੋਂ ਹੱਟ ਕੇ…ਮਜ਼ਾ ਆਇਆ ਪੜ੍ਹ ਕੇ…ਵਾਕਿਆ ਹੀ…ਇਕ ਲੇਖਕ ਓਹੀ ਹੈ ਜੋ ਹਰ ਰੋਜ਼ ਨਵੇਂ ਵਿਸ਼ੇ ਉਪਰ ਲਿਖੇ…ਜਾਂ ਪੁਰਾਣੀ ਕਹੀ ਗੱਲ ਨੂੰ ਵੀ ਆਪਣੇ ਨਵੇਂ ਅੰਦਾਜ਼ ਚ ਬਿਆਨ ਕਰੇ ”

ਇਸ ਆਏ ਹੋਏ ਕਮੈਂਟ ਨੂੰ ਕਵੀ ਨੇ ਦੋ ਤਿੰਨ ਵਾਰ ਪੜ੍ਹਿਆ…ਏਨੀ ਦੇਰ ਨੂੰ ਹੋਰ ਵੀ ਬੜੇ ਕਮੈਂਟ ਆ ਗਏ ਸੀ…

” ਦੀਪਾ….ਸ਼ੁਕਰੀਆ…” ਕਵੀ ਨੇ ਮੈਸਜ ਕੀਤਾ…

” ਪਰ ਕਾਹਦਾ ? ” ਦੀਪਾ ਨੇ ਜੁਆਬ ਭੇਜਿਆ..

” ਮੈਂ ਜਦੋਂ ਇੱਕੋ ਹੀ ਤਰਾਂ ਦੇ ਸਟੇਟਸ ਅਪਡੇਟ ਕਰਦਾ ਸੀ…ਤਾਂ ਉਹੀ ਲੋਕ ਕਮੈਂਟ ਕਰਨ ਆਉਂਦੇ ਸੀ ਜੋ ਬਸ ਵਾਹ ਵਾਹ ਬੋਲ ਜਾਂਦੇ ਸੀ…ਪਰ ਅੱਜ ਪਹਿਲੀ ਵਾਰ ਲੋਕਾਂ ਨੇ ਮੇਰੇ ਲਿਖੇ ਥੱਲੇ ਕੋਈ ਚਰਚਾ ਕੀਤੀ…ਮੇਰੀ ਲਿਖੀ ਗੱਲ ਬਾਰੇ ਆਪਣੇ ਵਿਚਾਰ ਦਿੱਤੇ ” ਕਵੀ ਨੇ ਮੈਸਜ ਕੀਤਾ…

” ਫੇਰ…ਕੀ ਸਮਝ ਆਈ ? ” ਦੀਪਾ ਨੇ ਜੁਆਬ ਚ ਹਾਸੇ ਵਾਲੀ ਸਮਾਈਲੀ ਪਾ ਕੇ ਭੇਜੀ…

“ਆਹੀ…ਕਿ ਜਦੋਂ ਮੈਂ ਕੁਛ ਵੀ ਏਦਾਂ ਦਾ ਪੋਸਟ ਕਰਦਾ ਹਾਂ…ਜੋ ਬਿਨਾਂ ਕਿਸੇ ਦੇ ਮਤਲਬ ਦਾ ਹੁੰਦਾ ਹੈ…ਤਾਂ ਸਭ ਬਸ ਵਾਹ ਵਾਹ ਕਰਦੇ ਨੇ…ਕਿਉਂਕਿ ਉਹਨਾਂ ਨੂੰ ਲਗਦਾ ਹੈ ਕਿ ਲੇਖਕ ਨੇ ਜੋ ਵੀ ਲਿਖਿਆ…ਚੰਗਾ ਹੀ ਲਿਖਿਆ ਹੋਣਾ…ਪਰ ਅੱਜ ਜਦੋਂ ਮੇਰਾ ਲਿਖਿਆ ਸਚੀ ਹੀ ਉਹਨਾਂ ਨੂੰ ਚੰਗਾ ਲਗਿਆ.. ਤਾਂ ਉਹਨਾਂ ਨੇ ਆਪਣੇ ਸਾਰਥਕ ਵਿਚਾਰ ਵੀ ਸਾਂਝੇ ਕੀਤੇ..ਮੇਰੇ ਲਿਖੇ ਉਪਰ ਚਰਚਾ ਵੀ ਕੀਤੀ…ਮਜ਼ਾ ਆ ਗਿਆ…”

” ਗੁਡ…ਬਸ ਹੁਣ ਅੱਗੇ ਤੋਂ ਵੀ ਯਾਦ ਰੱਖਣਾ ਹੈ…ਕਿ ਕਿਸੇ ਦੀ ਕੋਮੈਂਟ ਚ ਵਾਹ ਵਾਹ ਪੜ੍ਹ ਕੇ ਕੁਛ ਵੀ ਬੇਮਤਲਬ ਨਹੀਂ ਲਿਖੀ ਜਾਣਾ…ਓਹੀ ਲਿਖਣਾ ਹੈ ਜਿਸਦਾ ਕੋਈ ਮਤਲਬ ਹੋਵੇ…ਤੇ ਜੋ ਆਮ ਖਾਸ ਹਰੇਕ ਨੂੰ ਝੰਜੋੜਨ ਵਾਲਾ ਹੋਵੇ…”

” ਸਮਝ ਗਿਆ…”

…..

ਉਹ ਕਵੀ ਹੁਣ ਹੋਰ ਮਸ਼ਹੂਰ ਹੋ ਗਿਆ ਸੀ…

” ਤੁਸੀਂ ਹੁਣ ਆਪਣੇ ਪਿਆਰ ਬਾਰੇ ਕੁਝ ਲਿਖਦੇ ਹੀ ਨਹੀਂ ? ” ਉਸਨੂੰ ਇਕ ਪਾਠਕ ਨੇ ਪੁੱਛਿਆ…

” ਉਸਦੇ ਬਾਰੇ ਇਕੋ ਵਾਰ ਲਿਖਾਂਗਾ…ਜੋ ਮੇਰੇ ਪਿਆਰ ਵਾਂਗ ਹੀ ਅਮਰ ਹੋਵੇਗਾ….” ਕਵੀ ਬੋਲਿਆ..

” ਮਤਲਬ ? ”

” ਬਸ ਏਨਾ ਸਮਝੋ ਕਿ ਮੇਰਾ ਪਿਆਰ ਏਨਾ ਸਸਤਾ ਨਹੀਂ ਹੈ ਕਿ ਉਸਨੂੰ ਸਟੇਟਸ ਬਣਾਵਾਂ….”

ਪਾਠਕ ਨੂੰ ਕੁਛ ਵੀ ਸਮਝ ਨਹੀਂ ਸੀ ਆਇਆ….ਉਹ ਉਠਿਆ…ਤੇ ਸਿਰ ਖੁਰਕਦਾ ਹੋਇਆ ਚਲਾ ਗਿਆ….

ਕਵੀ ਅੱਜ ਵੀ ਆਪਣੇ ਪਿਆਰ ਬਾਰੇ ਲਿਖਦਾ ਹੈ….ਪਰ ਆਪਣੀ ਨਿੱਜੀ ਡਾਇਰੀ ਚ….

  • ਲੇਖਕ: Harpal Singh
Categories Emotional General
Tags
Share on Whatsapp