ਧੰਨਵਾਦ ਕਹਿਣਾ ਤੇ ਕਰਨਾ

ਐਤਵਾਰ ਨੂੰ ਮੈ ਫੋਟੋ ਕਰਾਉਣ ਗਿਆ ਜੋ ਮੈਨੂੰ ਚਾਹੀਦੀ ਸੀ ਉਹ ਆਪਣੇ ਪੰਜਾਬੀ ਭਾਈਚਾਰੇ ਦਾ ਬਹੁਤ ਵੱਡਾ ਮਾਲ ਹੈ ਤੇ ਆਪਣੇ ਹੀ ਲੋਕ ਉਥੇ ਸਾਜੋ ਸਮਾਨ ਖਰੀਦਣ ਆਉਦੇ ਹਨ ! ਮੈ ਜਦੋ ਦਰਵਾਜ਼ੇ ਤੋਂ ਬਾਹਰ ਨਿਕਲਣ ਲਗਾ ਤਾੰ ਅੰਦਰ ਜਾਣ ਲ਼ਈ ਔਰਤ ਆਈ ਤੇ ਮੈ ਦਰਵਾਜ਼ਾ ਫੜ ਕੇ ਖੜ ਗਿਆ ਉਹ ਚੁੱਪ ਚਾਪ ਅੰਦਰ ਜਾ ਵੜੀ ਤੇ ਉਦੋਂ ਨੂੰ ਤਿੰਨ ਚਾਰ ਹੋਰ ਅੰਦਰੋੰ ਆ ਗਏ ਤੇ ਮੈ ਉਵੇ ਦਰਵਾਜ਼ਾ ਫੜ ਕੇ ਖੜਾ ਰਿਹਾ ! ਉਹ ਸਾਰੇ ਉਵੇੰ ਹੀ ਮੂੰਹ ਲਟਕਾਈ ਬਾਹਰ ਨਿਕਲ ਗਏ ! ਇਹ ਸਾਰੇ 30- 50 ਸਾਲ ਉਮਰ ਦੇ ਸੀ ! ਮਜਾਲ ਹੈ ਕਿ ਕਿਸੇ ਨੇ ਮੇਰੇ ਵੱਲ ਦੇਖਿਆ ਹੋਵੇ ਜਾੰ ਫਿਟੇ ਮੂੰਹ ਕਿਹਾ ਹੋਵੇ ! ਧੰਨਵਾਦ ਕਰਨਾ ਤਾੰ ਦੂਰ ਦੀ ਗੱਲ ਹੈ !!
ਅੰਗਰੇਜ਼ ਵਾਲੀ ਗੱਲ ਤਾੰ ਤੁਸੀੰ ਸੁਣੀ ਹੋਣੀ ਹੈ ਜਿਹਨੇ ਕਿਸੇ ਦਾ ਡੁੱਬਦਾ ਬੱਚਾ ਬਚਾਇਆ ਸੀ ਤੇ ਉਸ ਬੱਚੇ ਦੀ ਮਾੰ ਵਲੋੰ ਅੰਗਰੇਜ ਦਾ ਧੰਨਵਾਦ ਨ ਕਰਨ ਤੇ ਉਹਨੂੰ ਮਹਿਸੂਸ ਹੋਇਆ ਕਿ ਕਿਹੋ ਜਹੇ ਨੇ ਇਹ ਲੋਕ ?? ਮੈ ਜਾਨ ਤੇ ਖੇਡ ਕੇ ਬਚਾ ਬਚਾਇਆ ਤੇ ਇਹ ਮੂੰਹੋੰ ਇਕ ਲਫਜ ਵੀ ਨਹੀ ਬੋਲ ਸਕੀ ?
ਮੈ ਕੈਨੇਡਾ ਵਿੱਚ ਇਕ ਦੇਖਿਆ ਕਿ ਵੀਅਤਨਾਮੀ ਲੋਕ ਜਾੰ ਬਹੁਤੇ ਚੀਨੇ ਲੋਕ ਵੀ ਥੋੜੇ ਕੀਤੇ ਕਿਸੇ ਦਾ ਧੰਨਵਾਦ ਨਹੀ ਕਰਦੇ ਤੇ ਨ ਹੀ ਕਦੀ ਮੰੂਹ ਤੇ ਮੁਸਕਰਾਹਟ ਲਿਆਉਣਗੇ ! ਆਪਣੇ ਹਾਵ-ਭਾਵ ਅੰਦਰ ਹੀ ਲਕੋ ਕੇ ਰੱਖਦੇ ਹਨ ! ਮੈਨੂੰ ਬਹੁਤ ਅਜੀਬ ਲਗਦਾ ਹੁੰਦਾ ! ਆਪਣੇ ਪੰਜਾਬੀ ਲੋਕ ਵੀ ਘੱਟ ਨਹੀ ! ਪਹਿਲਾੰ ਮਹਿਸੂਸ ਨਹੀ ਸੀ ਹੁੰਦਾ ਪਰ ਹੁਣ ਦੂਜੀਆੰ ਕੌਮਾੰ ਦੇ ਗੁਣ ਦੇਖਦਾੰ ਹਾੰ ਤਾੰ ਅੰਦਰ ਇਕ ਚੀਸ ਉਠਦੀ ਹੈ ਕਿ ਸਾਨੂੰ ਕੀ ਹੋ ਗਿਆ ? ਅਸੀ ਇੰਨੇ ਨਾਸ਼ੁਕਰੇ ਕਿਉੰ ਹੋ ਗਏ ਹਾੰ ?? ਕਿਸੇ ਦੀ ਕੀਤੀ ਨੂੰ ਕਦੀ ਹਿਰਦੇ ਚ ਸਤਿਕਾਰ ਹੀ ਨਹੀ ਦਿੰਦੇ !
ਮੇਰੇ ਆਪਣੇ ਰਿਸ਼ਤੇਦਾਰੀ ਚ ਇਕ ਸ਼ਰਾਬੀ ਬੰਦਾ ਹੈ ਜਿਸ ਦੀਆੰ ਕਿਡਨੀਆੰ ਗਲ੍ਹ ਗਈਆੰ ਤੇ ਉਹਦੇ ਭਰਾ ਨੇ ਆਪਣੀ ਇਕ ਕਿਡਨੀ ਦੇ ਕੇ ਉਹਦੀ ਜਾਨ ਬਚਾਈ ! ਪਰ ਉਹਨੇ ਧੰਨਵਾਦ ਤਾੰ ਕੀ ਕਰਨਾ ਸੀ ਪਿਉ ਦੇ ਪੁੱਤ ਨੇ ਸ਼ਰਾਬ ਪੀਣੀ ਵੀ ਬੰਦ ਨਹੀ ਕੀਤੀ
ਪਹਿਲਾੰ ਆਪਦੀਆੰ ਗਾਲ੍ਹ ਲਈਆੰ ਹੁਣ ਭਰਾ ਵਾਲੀ ਦੁਆਲੇ ਹੋ ਗਿਆ ! ਕਿਹੋ ਜਿਹਾ ਨਾਸ਼ੁਕਰਾ ਇੰਨਸਾਨ ??
ਮੇਰੀ ਬੱਸ ਚ ਐਤਵਾਰ ਨੂੰ ਗੁਰੂ-ਘਰ ਜਾ ਰਹੀ ਆਪਣੀ ਬੀਬੀ ਚੜੀ ! ਜਦੋ ਉਹਨੇ ਕਿਰਾਇਆ ਪਾਇਆ ਤਾੰ ਮੈ ਉਹਦੇ ਵੱਲ ਤੱਕਿਆ ਜਿਵੇਂ ਅਸੀ ਹਰ ਇਕ ਨੂੰ ਜੀ ਆਇਆੰ ਕਹਿੰਦੇ ਹਾੰ ! ਉਹਦੀਆੰ ਅਖਾੰ ਬਹੁਤ ਸੋਹਣੀਆੰ ਨੀਲੇ ਰੰਗ ਦੀਆੰ ਸੀ ! ਮੇਰੇ ਕੋਲੋਂ ਰਿਹਾ ਨੀ ਗਿਆ ਤੇ ਮੈ ਪੁੱਛ ਲਿਆ ਬੀਬੀ ਜੀ ਤੁਹਾਡੇ ਵਰਗੀਆੰ ਅਖਾੰ ਮੈ ਕਦੀ ਪੰਜਾਬੀ ਔਰਤ ਦੀਆੰ ਨਹੀ ਦੇਖੀਆੰ ! ਉਸ ਬੀਬੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸਿਫ਼ਤ ਕਰਨੀ ਸ਼ੁਰੂ ਕਰ ਦਿੱਤੀ ਕਿ ਮੈਨੂੰ ਦਿਸਦਾ ਨਹੀ ਸੀ ਤੇ ਮੈੰ ਸੱਚੇ ਪਾਤਸ਼ਾਹ ਦੇ ਦਰਸ਼ਣਾੰ ਨੂੰ ਤਰਸਦੀ ਹੁੰਦੀ ਸੀ ਤੇ ਉਹਨੇ ਮੇਰੀ ਸੁਣ ਲਈ ! ਅੰਗਰੇਜ਼ ਦਾ ਜੁਆਨ ਪੁੱਤ ਐਕਸੀਡੈੰਟ ਚ ਮਾਰਿਆ ਗਿਆ ਤੇ ਉਹ ਅਖਾੰ ਦਾਨ ਕਰ ਗਿਆ ! ਮੈ ਤਾੰ ਗੁਰੂ ਸਾਹਿਬ ਦੇ ਰੋਜ਼ ਦਰਸ਼ਨ ਕਰਨ ਜਾਂਦੀ ਹਾੰ ਜਿਹਨੇ ਮੈਨੂੰ ਅਖਾੰ ਬਖ਼ਸ਼ੀਆਂ !
( ਮੈ ਵੀ ਗੁਰੂ ਦਾ ਸਿੱਖ ਹਾਂ ਕੋਈ ਕਾਫ਼ਰ ਨਹੀ )
ਪਰ ਉਹਦਾ ਇਉੰ ਕਹਿਣਾ ਮੈਨੂੰ ਪਤਾ ਨਹੀ ਕਿਉੰ ਬਹੁਤ ਦੁਖੀ ਕਰ ਗਿਆ ! ਮੈ ਕਿਹਾ ਕਿ ਬੀਬੀ ਜਿਸ ਮੁੰਡੇ ਨੇ ਤੈਨੂੰ ਅੱਖਾਂ ਦਿਤੀਆੰ ਤੂੰ ਕਦੀ ਉਹਦੀ ਰੂਹ ਲ਼ਈ ਵੀ ਅਰਦਾਸ ਕੀਤੀ ਹੈ ? ਕਦੀ ਉਹਦਾ ਵੀ ਸ਼ੁਕਰ ਕੀਤਾ ਕਿ ਉਹ ਕਿੱਡੀ ਵੱਡੀ ਕੁਰਬਾਨੀ ਕਰ ਗਿਆ ? ਉਹ ਮੇਰੇ ਵੱਲ ਇਉੰ ਝਾਕੀ ਜਿਵੇਂ ਕਿਸੇ ਨੇ ਉਹਦੀਆੰ ਅਖਾੰ ਖੋਹ ਲਈਆੰ ਹੋਣ ! ਕਹਿੰਦੀ ਨਹੀ ਮੈ ਤਾੰ ਕਦੀ ਨੀ ਕੀਤੀ !!
ਬਾਹਰਲੇ ਮੁਲਖਾੰ ਚੋ ਦੇਖੋ ਕਿਵੇਂ ਨਿੱਕੀ ਨਿੱਕੀ ਗੱਲ ਵਿੱਚ Thank You . ਕਹਿਣਗੇ !
ਪੰਜਾਬੀ ਚ ਬਹੁਤ ਲਫਜ ਨੇ ਜੋ ਅੰਗਰੇਜ਼ੀ ਚੋ ਬਦਲ ਕੇ ਪੰਜਾਬੀ ਦੇ ਬਣੇ ਹਨ ! ਕਾਰ ਤੋਂ ਲੈ ਕੇ ਹੱਥ ਵਿੱਚ ਫੜੇ ਫ਼ੋਨ ਵਰਗੇ ਅਨੇਕਾੰ ਲਫਜ ਅਸੀ ਲ਼ਈ ਬੈਠੇ ਹਾੰ
ਹੁਣ ਤਾੰ ਚਿੱਟੀ ਦਾੜੀ ਵਾਲੇ ਵੀ ਅੰਕਲ ਕਹਿਣ ਤੋਂ ਗੁਰੇਜ ਨਹੀ ਕਰਦੇ ! ਜਿਹਨੇ ਵੀ ਧੰਨਵਾਦ ਲਫਜ ਬਣਾਇਆ ਮੈ ਉਸ ਬਜ਼ੁਰਗ ਨੂੰ ਕਹਾੰਗਾ ਕਿ ਉਹ ਇਹਨੰੂ ਬਦਲ ਕੇ ਥੈੰਕਜੂ ਕਰ ਦੇਵੇ ਸ਼ਾਇਦ ਸਾਡੇ ਅੰਦਰ ਕਿਸੇ ਦਾ ਸ਼ੁਕਰਾਨਾ ਕਰਨ ਦਾ ਗੁਣ ਪੈਦਾ ਹੋ ਜਾਵੇ ਤੇ ਅਸੀ ਆਪਣੀ ਜ਼ਿੰਦਗੀ ਚ ਧੰਨਵਾਦ ਕਰਨਾ ਸਿੱਖ ਸਕੀਏ ! ਜੋ ਕੌਮ ਨਿੱਕੇ ਨਿੱਕੇ ਕੰਮਾੰ ਵਿੱਚ ਕਿਸੇ ਦਾ ਧੰਨਵਾਦ ਨਹੀ ਕਰ ਸਕਦੀ ਉਹ ਲੱਖ ਸ਼ਹੀਦੀਆੰ ਦਿਵਸ ਮਨਾਈ ਜਾਵੇ ਉਹਦੇ ਤੇ ਕੋਈ ਅਸਰ ਨਹੀ ਹੋ ਸਕਦਾ ! ਸਰੀਰ ਦੇ ਅੰਦਰ ਜਿਵੇਂ ਨਿੱਕੇ ਨਿੱਕੇ ਨਰਵਜ਼ ਹਡਾੰ ਨਾਲ਼ੋਂ ਜਿਆਦਾ ਕੰਮ ਆਉੰਦੇ ਹਨ ਇਵੇੰ ਜ਼ਿੰਦਗੀ ਚ ਨਿੱਕੇ ਨਿੱਕੇ ਗੁਣ ਹੀ ਇੰਨਸਾਨ ਨੂੰ ਪੂਰਨ ਰੂਪ ਵਿੱਚ ਇੰਨਸਾਨ ਬਣਾਉਂਦੇ ਹਨ ! ਧੰਨਵਾਦ ਕਹਿਣਾ ਤੇ ਕਰਨਾ ਵੀ ਇਕ ਇਸੇ ਕੜੀ ਦਾ ਇਹ ਬਹੁਤ ਵਧੀਆ ਗੁਣ ਹੈ !!
ਜੋ ਪਹਿਲਾੰ ਕਦੀ ਨਹੀ ਕੀਤਾ ਤਾੰ ਹੁਣ ਕਦੀ ਘਰ ਵਾਲੀ ਦਾ ਰੋਟੀ ਖਾਣ ਤੋਂ ਬਾਅਦ ਧੰਨਵਾਦ ਕਰਕੇ ਦੇਖਿਉ ਕਿਵੇਂ ਉਹਦਾ ਰੰਗ ਖ਼ੁਸ਼ੀ ਚ ਲਾਲ ਹੋ ਜਾਊ !
—ਧੰਨਵਾਦ ਤੁਹਾਡਾ ਇਹ ਪੜਨ ਵਾਸਤੇ !!

Categories General
Tags
Share on Whatsapp