ਡਾਕੂਆਂ ਦਾ ਮੁੰਡਾ – ਦਰਵੇਸ਼ਾਂ ਵਰਗਾ ਨਿੱਕਾ ਵੀਰ: ਮਿੰਟੂ ਗੁਰੂਸਰੀਆ

ਜ਼ਰੂਰੀ ਨਹੀਂ ਕਿ ਸਮਾਜਿਕ ਜਾਂ ਦੁਨਿਆਵੀ ਰਿਸ਼ਤੇ ਹੀ ਨਿਭਣ। ਮੇਰੀ ਨਜ਼ਰ ਵਿਚ ਦੁਨਿਆਵੀ ਰਿਸ਼ਤਿਆਂ ਨਾਲੋਂ ਰੂਹ ਦੇ ਰਿਸ਼ਤੇ ਨਹੁੰ-ਮਾਸ ਦਾ ਰਿਸ਼ਤਾ ਹੋ ਨਿੱਬੜਦੇ ਹਨ ਅਤੇ ਜ਼ਿਆਦਾ ਤੋੜ ਚੜ੍ਹਦੇ ਹਨ। ਕਈ ਸਮਾਜਿਕ ਜਾਂ ਦੁਨਿਆਵੀ ਰਿਸ਼ਤੇ ਤਾਂ ਮਗਰਮੱਛਾਂ ਵਰਗੇ ਅਤੇ ਕਈ ਗਿੱਦੜਮਾਰਾਂ ਵਾਲੇ ਹੁੰਦੇ ਹਨ। ਕਈ ਯਾਰੀ ਲੱਗੀ ਤੋਂ ਲੁਆ ਦਿੱਤੇ ਤਖਤੇ ਤੇ ਟੁੱਟੀ ਤੋਂ ਚੁਗਾਠ ਪੱਟ ਲਈ ਵਾਲੇ ਸੁਆਰਥੀ ਵੀ ਹੁੰਦੇ ਹਨ। ਕਈਆਂ ਨਾਲ ਵਰਤਣਾ ਤਾਂ ਸ਼ੇਰ ਦੀ ਅਸਵਾਰੀ ਕਰਨ ਵਾਲੀ ਗੱਲ ਵੀ ਹੋ ਜਾਂਦੀ ਹੈ। ਮਿੰਟੂ ਗੁਰੂਸਰੀਏ ਨਾਲ ਮੇਰੀ ਨਿੱਕੇ ਭਰਾਵਾਂ ਵਾਲੀ ਗੂੜ੍ਹੀ ਯਾਰੀ ਹੈ। ਪਤਾ ਨਹੀਂ ਕਿਸ ਅਧਿਕਾਰ ਨਾਲ ਉਸ ਨੂੰ ਕਦੇ ਘੂਰ ਅਤੇ ਕਦੇ ਵਿਰਾਅ ਵੀ ਲਈਦਾ ਹੈ। ਪਰ ਇੱਕ ਸੱਚ ਜ਼ਰੂਰ ਹੈ ਕਿ ਉਹ ਮੈਨੂੰ ਇੱਕ ਲੇਖਕ ਨਾਲੋਂ ਵਿਅਕਤੀਤਵ ਤੌਰ ‘ਤੇ ਜ਼ਿਆਦਾ ਚੰਗਾ ਲੱਗਦਾ ਹੈ। ਮੈਂ ਇਹ ਨਹੀਂ ਆਖਦਾ ਕਿ ਉਸ ਦੀ ਲੇਖਣੀ ਮਾੜੀ ਹੈ, ਮੈਂ ਉਸ ਦੀ ਲਿਖਤ ਦਾ ਕਾਇਲ ਰਿਹਾ ਹਾਂ, ਅਤੇ ਅੱਜ ਵੀ ਹਾਂ। ਉਸ ਦੇ ਗੈਂਗੜੇ ਵਰਗੇ ਸ਼ਬਦ ਮੈਂ ਜੁਗਾੜੂ ਲੋਕਾਂ ਦੇ ਚਿੱਬ ਪਾਉਂਦੇ ਵੇਖੇ ਹਨ। ਪਰ ਉਸ ਦੀ ਲਿਖਤ ਨਾਲੋਂ ਵੱਧ ਮੈਨੂੰ ਹਮੇਸ਼ਾ ਉਸ ਦੀ ਜੀਵਨ-ਸ਼ੈਲੀ ਨੇ ਪ੍ਰਭਾਵਿਤ ਕੀਤਾ ਹੈ। ਉਹ ਕਲਮ ਦੀ ਤੁਤੀ ਜਿਹੀ ਨਹੀਂ ਵਜਾਉਂਦਾ, ਸਗੋਂ ਡੰਕੇ ਦੀ ਚੋਟ ਨਾਲ ਨਗਾਰਾ ਖੜਕਾਉਂਦਾ ਹੈ। ਪਰ ਮੇਰੇ ਨਾਲ ਕਦੇ-ਕਦੇ ਉਹ ਬੱਚਿਆਂ ਵਾਲੀ ‘ਰਿਹਾੜ ਵੀ ਕਰ ਜਾਂਦਾ ਹੈ ਕੁੱਜੇ ’ਚ ਹਾਥੀ ਪਾਉਣ ਵਾਂਗ। ਬਚਿਆਂ ਵਰਗਾ ਹੋਣ ਕਾਰਨ ਮੈਂ ਵੀ ਉਸ ਦੀ ਜਿੱਦ ਅੱਗੇ ਹਥਿਆਰ ਸੁੱਟੇ ਹਨ ਅਤੇ ਜਿੱਦ ਪੁੱਗਣ ਦਿੱਤੀ ਹੈ।

ਇਹ ਇੱਕ ਕੁਦਰਤੀ ਵਰਤਾਰਾ ਹੀ ਹੈ ਕਿ ਹਰ ਬੰਦੇ ਅੰਦਰ ਸੰਤ ਅਤੇ ਸਾਨ ਬਿਰਤੀ, ਦੋਨੋਂ ਹਮੇਸ਼ਾ ਮੌਜੂਦ ਰਹਿੰਦੀਆਂ ਹਨ। ਪ੍ਰਮਾਰਥ ਅਤੇ ਪਦਾਰਥ ਵੀ ਕਈ ਵਾਰ ਇੱਕ ਜਗ੍ਹਾ ਇਕੱਤਰ ਹੋ ਜਾਂਦੇ ਹਨ। ਪਰ ਚੰਗੀ-ਬੁਰੀ ਸੰਗਤ ਜਾਂ ਹਾਲਾਤ ਬੰਦੇ ਨੂੰ ਜਾਂ ਤਾਂ ਸਾਨ ਤੇ ਜਾਂ ਸੰਤ ਬਣਾ ਦਿੰਦੇ ਹਨ। ਹਾਸੇ ਅਤੇ ਹਾਦਸੇ ਦਾ ਨਾਮ ਹੈ; ਜ਼ਿੰਦਗੀ…! ਕਿਰਿਆਸ਼ੀਲ ਵਿਅਕਤੀ ਹਮੇਸ਼ਾ ਜੱਦੋ-ਜਹਿਦ ਵਿਚ ਲੀਨ ਰਹਿੰਦੇ ਹਨ, ਕਦੇ ਢੇਰੀ ਢਾਹ ਕੇ ਨਹੀਂ ਬੈਠਦੇ। ਮਿੰਟੂ ਗੁਰੂਸਰੀਆ ਓਸੇ ਜੱਦੋ-ਜਹਿਦ ਦਾ ਹੀ ਤਾਂ ਇੱਕ ਅੰਗ ਹੈ, ਜੋ ਕਦੇ ਵੀ ਟਿਕ ਕੇ ਨਹੀਂ ਬੈਠਿਆ। ਕਿਰਪਾ ਅਤੇ ਕਿਸਮਤ ਹੀ ਤਾਂ ਮਿਹਨਤ ਦਾ ਕਾਰਨ ਬਣਦੇ ਹਨ, ਮਿਹਨਤ ਕਦੇ ਬਿਰਥੀ ਨਹੀਂ ਜਾਂਦੀ ਅਤੇ ਫ਼ਲ ਜ਼ਰੂਰ ਮਿਲਦਾ ਹੈ। ਤਰਕ ਦਾ ਮਾਰਿਆ ਬੰਦਾ ਸਾਧ ਜਾਂ ਅੱਤਵਾਦੀ ਬਣਦਾ ਹੈ। ਹਨੇਰਾ ਕਦੇ ਡਾਗਾਂ ਨਾਲ ਕਮਰੇ ਵਿੱਚੋਂ ਨਹੀਂ ਭਜਾਇਆ ਜਾ ਸਕਦਾ, ਉਸ ਨੂੰ ਤਾਂ ਚਾਨਣ ਹੀ — ਕਰ ਸਕਦਾ ਹੈ। ਕੀ ਸਾਡਾ ਮਿੰਟੂ ਗੁਰੂਸਰੀਆ ‘ਤਰਕ ਦਾ ਮਾਰਿਆ ‘ਡਾਕ ਤੋਂ ਸਾਧ ਬਣਿਆ… ? ਇਹ ਤਾਂ ਉਸ ਦੀ ਹੱਥਲੀ ਕਿਤਾਬ ਹੀ ਦੱਸੇਗੀ, ਪਰ ਇੱਕ ਵਾਅਦਾ ਜ਼ਰੂਰ ਹੈ ਕਿ ਉਸ ਦੀ ਕਿਤਾਬ ਪੜ੍ਹਨ ਤੋਂ ਬਾਅਦ ਆਪਣੀ ਇੱਕ ਵਾਰ ਫਿਰ ਮੁਲਾਕਾਤ ਹੋਵੇਗੀ। ਜਿਉਂਦੇ ਵੱਸਦੇ ਰਹੋ !!

-ਸ਼ਿਵਚਰਨ ਜੱਗੀ ਕੁੱਸਾ

Likes:
Views:
20
Article Categories:
General Motivational

Leave a Reply

Your email address will not be published. Required fields are marked *

three × three =