ਝੂਠੀਆਂ ਠੀਸਾਂ

ਜਗਨ ਨਾਥ ਪੁਰੀ ਵਿਚ ਇਕ ਸਾਧੂ ਨੇ ਆਪਣੇ ਆਲੇ-ਦੁਆਲੇ ਬੜੀ ਭਾਰੀ ਭੀੜ ਇਕੱਠੀ ਕੀਤੀ ਹੋਈ ਸੀ ਅਤੇ ਨੱਕ ਨੂੰ ਪਕੜ ਕੇ ਦੋ ਉੱਗਲਾਂ ਨਾਲ ਅੱਖਾਂ ਮੀਟ ਕੇ ਤਿੰਨਾਂ ਲੋਕਾਂ ਦੀ ਗੱਲ ਦੱਸ ਰਿਹਾ ਸੀ। ਕਦੀ ਵਿਸ਼ਨੂੰ ਲੋਕ ਦੀ ਚਰਚਾ ਕਰੇ, ਕਦੀ ਬ੍ਰਹਮ ਲੋਕ ਦੀ ਤੇ ਕਦੀ ਰੁਦਰ ਲੋਕ ਦੀ। ਲੋਕ ਉਸ ਦੇ ਭਾਂਡੇ ਵਿਚ, ਜੋ ਉਸ ਦੇ ਅੱਗੇ ਪਿਆ ਸੀ, ਪੈਸੇ ਪਾਈ ਜਾਣ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹ ਭਾਂਡਾ ਚੁੱਕ ਕੇ ਜੋਗੀ ਦੇ ਪਿੱਛੇ ਰੱਖ ਦਿੱਤਾ। ਜੋਗੀ ਇਸੇ ਤਰੀਕੇ ਨਾਲ ਬ੍ਰਹਮ ਲੋਕ, ਬਿਸ਼ਨ ਲੋਕ, ਹੋਰ ਤਰ੍ਹਾਂ ਤਰ੍ਹਾਂ ਦੇ ਲੋਕਾਂ ਦੀਆਂ ਗੱਲਾਂ ਕਰਦਾ ਰਿਹਾ, ਚਰਚਾ ਕਰਦਾ ਰਿਹਾ। ਆਖ਼ਰ ਉਸ ਨੇ ਆਪਣੀ ਅੱਖ ਖੋਲੵੀ ਦੇਖ ਕੇ ਹੈਰਾਨ ਰਹਿ ਗਿਆ ਕਿ ਉਹ ਭਾਂਡਾ ਨਹੀਂ ਹੈ। ਉਹ ਭਿਖਿਆ ਪਾਣ ਵਾਲਾ ਭਾਂਡਾ ਜਿਹਦੇ ਵਿਚ ਲੋਕੀਂ ਧਨ ਪਾ ਰਹੇ ਸਨ, ਅੱਗੋਂ ਗ਼ਾਇਬ ਵੇਖ ਕੇ ਹੈਰਾਨ ਹੋ ਗਿਆ।
“ਮੇਰਾ ਖੱਪਰ ਕਿੱਥੇ ਹੈ ?”
ਚਿੱਲਾ ਕੇ ਉਸ ਨੇ ਆਖਿਆ।
ਗੁਰੂ ਨਾਨਕ ਦੇਵ ਜੀ ਖੜੇ ਸਨ ਤੇ ਮੁਸਕਰਾ ਕੇ ਬੋਲੇ-

“ਆਂਟ ਸੇਤੀ ਨਾਕੁ ਪਕੜਹਿ ਸੂਝਤੇ ਤਿਨਿ ਲੋਅ॥
ਮਗਰ ਪਾਛੈ ਕਛੁ ਨ ਸੂਝੈ ਏਹੁ ਪਦਮੁ ਅਲੋਅ॥”
{ਪੰਨਾ ੬੬੩}
ਗੁਰੂ ਨਾਨਕ ਦੇਵ ਜੀ ਕਹਿੰਦੇ ਹਨ,
“ਅੈ ਸਾਧੂ! ਅੈ ਜੋਗੀ! ਤੂੰ ਦੋ ਉਂਗਲਾਂ ਨਾਲ ਨੱਕ ਨੂੰ ਪਕੜ ਲੈੰਦਾ ਹੈਂ ਤੇ ਅੱਖਾਂ ਮੀਟ ਕੇ ਤਿੰਨ ਲੋਕਾਂ ਦੀਆਂ ਗੱਲਾਂ ਕਰਦਾ ਹੈਂ। ਤੈਨੂੰ ਆਪਣੇ ਪਿੱਛੇ ਪਿਆ ਹੋਇਆ ਖੱਪਰ ਨਹੀਂ ਦਿਖਾਈ ਦੇਂਦਾ ਤਾਂ ਤਿੰਨ ਲੋਕਾਂ ਦੀ ਜਿਹੜੀ ਤੂੰ ਗੱਲ ਕਰ ਰਿਹਾ ਹੈਂ ਇਹ ਸਭ ਤੇਰੀਆਂ ਝੂਠੀਆਂ ਠੀਸਾਂ ਹਨ।

“ਨਾਨਕ ਨਦਰੀ ਪਾਈਅੈ ਕੂੜੀ ਕੂੜੈ ਠੀਸ॥
{ਜਪੁਜੀ ਸਾਹਿਬ}

ਇਸ ਧਰਮ ਦੀ ਦੁਨੀਆ ਵਿਚ ਇਸ ਤਰ੍ਹਾਂ ਦੇ ਠੱਗ ਅਕਸਰ ਮੌਜੂਦ ਹੁੰਦੇ ਹਨ ਜੋ ਰਿੱਧੀਆਂ ਸਿੱਧੀਆਂ ਦਾ ਦਾਅਵਾ ਕਰਦੇ ਹਨ ਅਤੇ ਕਹਿੰਦੇ ਹਨ ਕਿ ਸਾਨੂੰ ਇਸ ਚੀਜ਼ ਦੀ ਪ੍ਰਾਪਤੀ ਹੋ ਗਈ, ਉਸ ਚੀਜ਼ ਦੀ ਪ੍ਰਾਪਤੀ ਹੋ ਗਈ ਹੈ। ਸਾਹਿਬ ਕਹਿੰਦੇ ਹਨ ਕਿ ਇਹ ਝੂਠੇ ਦੀਆਂ ਝੂਠੀਆਂ ਠੀਸਾਂ ਹਨ। ਉਹਦੀ ਬਖ਼ਸ਼ਿਸ਼ ਨਾਲ, ਉਹਦੀ ਰਹਿਮਤ ਨਾਲ ਸੌਗਾਤ ਪ੍ਰਾਪਤ ਕਰੀਦੀ ਹੈ।
ਉਹਦੇ ਦਰ ਦੀਆਂ ਪੌੜੀਆਂ ਇਹ ਹਨ,
” ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਮਨੁੱਖ ਉਤਨੇ ਚਿਰ ਤੱਕ ਜੱਪਦਾ ਰਹੇ ਜਿਤਨੇ ਚਿਰ ਤੱਕ ਨਦਰ ਦਾ ਪਾਤਰ ਬਣ ਨਹੀਂ ਜਾਂਦਾ, ਬਖ਼ਸ਼ਿਸ਼ ਦਾ ਪਾਤਰ ਬਣ ਨਹੀਂ ਜਾਂਦਾ।”

Share on Whatsapp