ਬੇਬੇ

ਸਾਰਾ ਪਰਿਵਾਰ ਸਣੇ ਜੁਆਕਾਂ ਦੇ ਹਿੱਲ ਸਟੇਸ਼ਨ ਤੇ ਨਿੱਕਲਣ ਲਈ ਤਿਆਰੀਆਂ ਕੱਸ ਚੁੱਕਾ ਸੀ…
ਟੱਬਰ ਨੂੰ ਤੋਰਨ ਲਈ ਬਰੂਹਾਂ ਵਿਚ ਆਣ ਖਲੋਤੀ ਬਜ਼ੁਰਗ ਬੇਬੇ ਸਾਰਿਆਂ ਨੂੰ ਖ਼ੁਸ਼ ਹੁੰਦਿਆਂ ਦੇਖ ਰੱਬ ਦਾ ਸ਼ੁਕਰ ਮਨਾ ਰਹੀ ਸੀ…
ਅਚਾਨਕ ਕਾਗਤ ਤੇ ਲਿਖੀਆਂ ਹੋਈਆਂ ਕੁਝ ਜਰੂਰੀ ਗੱਲਾਂ ਵਾਲੀ ਲਿਸਟ ਬੀਜੀ ਨੂੰ ਫੜਾ ਦਿੱਤੀ ਗਈ..!
ਲਿਸਟ ਕੁਝ ਏਦਾਂ ਸੀ …
ਰੋਟੀ ਪਕਾ ਕੇ ਗੈਸ ਵਾਲਾ ਚੁੱਲ੍ਹਾ ਬੰਦ ਕਰਨਾ ਨਾ ਭੂਲਿਓ…
ਨੌਕਰ ਕੋਲੋਂ ਬੈਡ ਰੂਮ ਦੀ ਸਫਾਈ ਆਪ ਕੋਲ ਖਲੋ ਕੇ ਕਰਾਉਣੀ…
ਕੁੱਤੇ ਨੂੰ ਦਿੱਤੀ ਜਾਂਦੀ ਦੁਆਈ ਵੇਲੇ ਸਿਰ ਖੁਆ ਦੇਣੀ…ਜਰੂਰੀ ਚਿਠੀਆਂ ਦਰਾਜ਼ ਵਿਚ ਸਾਂਭ ਦੇਣੀਆਂ…
ਅਤੇ ਸਬ ਤੋਂ ਜਰੂਰੀ ਰਾਤ ਨੂੰ ਸੌਣ ਤੋਂ ਪਹਿਲਾਂ ਬੂਹੇ ਨੂੰ ਮੋਟਾ ਸਾਰਾ ਜਿੰਦਰਾ ਜਰੂਰ ਮਾਰ ਦੇਣਾ…!

ਇੱਕ ਵਾਰ ਪੜਨ ਮਗਰੋਂ ਬੇਬੇ ਨੇ ਪਰਚੀ ਦੂਜੀ ਵਾਰ ਫੇਰ ਨੀਝ ਲਾ ਕੇ ਪੜਨੀ ਸ਼ੁਰੂ ਕਰ ਦਿੱਤੀ…
ਸ਼ਾਇਦ ਕਿਧਰੇ ਇਹ ਲਿਖਿਆ ਹੋਇਆ ਲੱਭ ਪਵੇ ਕੇ “ਬੀਜੀ ਆਪਣਾ ਵੀ ਖਿਆਲ ਰਖਿਓ..ਆਪਣੀਆਂ ਦਵਾਈਆਂ ਵਾਲੇ ਸਿਰ ਲੈ ਲੈਣੀਆਂ ਅਤੇ ਅਗਲੀ ਵਾਰ ਤੁਸੀਂ ਵੀ ਸਾਡੇ ਨਾਲ ਜਾਣ ਲਈ ਤਿਆਰ ਰਹਿਓ…”

ਫੇਰ ਲੰਮਾ ਸਾਹ ਲੈ ਕੇ ਸੋਚਣ ਲੱਗੀ ਕੇ ਸ਼ਾਇਦ ਪਿਛਲੀ ਵਾਰ ਵਾਂਙ ਇਸ ਵਾਰ ਵੀ ਕਾਹਲੀ ਵਿਚ ਇਹ ਗੱਲਾਂ ਲਿਖਣੀਆਂ ਭੁੱਲ ਗਏ ਹੋਣਗੇ…

ਫੇਰ ਅਚਾਨਕ ਹੀ ਕਾਰ ਸਟਾਰਟ ਹੋਈ…ਥੋੜਾ ਜਿਹਾ ਘੱਟਾ ਉਡਿਆ..ਤੇ ਦੇਖਦਿਆਂ-ਦੇਖਦਿਆਂ ਹੀ ਅੱਖੋਂ ਓਹਲੇ ਹੋ ਗਈ..

ਨੈਣਾਂ ਵਿਚੋਂ ਮਲੋ-ਮੱਲੀ ਹੀ ਦੋ ਅੱਥਰੂ ਵਹਿ ਤੁਰੇ ਅਤੇ ਹਥੀਂ ਫੜੇ ਕਾਗਜ ਤੇ ਆਣ ਡਿੱਗੇ..

“ਮਤੇ ਤੁਰਦਿਆਂ ਕੋਈ ਬਦਸ਼ਗਨੀ ਹੀ ਨਾ ਹੋ ਜਾਵੇ”..ਇਹ ਸੋਚ ਬੀਜੀ ਨੇ ਛੇਤੀ ਨਾਲ ਚੁਨੀਂ ਦੇ ਪੱਲੇ ਨਾਲ ਗਿੱਲੀਆਂ ਅੱਖਾਂ ਪੂੰਝ ਦਿੱਤੀਆਂ

ਅਗਲੇ ਹੀ ਪਲ ਬਾਬਾ ਜੀ ਦੇ ਕਮਰੇ ਵਿਚ ਅੱਖਾਂ ਮੀਟ ਖਲੋਤੀ ਬੀਜੀ ਲੰਮੇ ਸਫ਼ਰ ਤੇ ਤੁਰ ਗਏ ਆਪਣੇ ਪਰਿਵਾਰ ਦੀ ਸਲਾਮਤੀ ਦੀ ਅਰਦਾਸ ਕਰ ਰਹੀ ਸੀ!

Categories Emotional
Tags
Share on Whatsapp