ਬੱਜਰ ਗਲਤੀ

ਮੇਰੇ ਬਾਰੇ ਮਸ਼ਹੂਰ ਸੀ ਕੇ ਇਹ ਬੰਦਾ ਕਾਰ ਨਹੀਂ ਚਲਾਉਂਦਾ ਸਗੋਂ ਹਵਾਈ ਜਹਾਜ ਉਡਾਉਂਦਾ ਏ..
ਪਹਿਲੇ ਦਸਾਂ ਪੰਦਰਾਂ ਸਕਿੰਟਾਂ ਵਿਚ ਹੀ ਸਪੀਡ ਸੌ ਕਿਲੋਮੀਟਰ..ਸੁਭਾਹ ਬਹੁਤ ਠੰਡਾ ਸੀ ਪਰ ਜਦੋਂ ਕਿਤੇ ਕਾਰ ਤੇ ਕੋਈ ਨਿੱਕੀ ਜਿੰਨੀ ਝਰੀਟ ਵੀ ਪੈ ਜਾਂਦੀ ਤਾਂ ਅਕਸਰ ਹੀ ਆਪੇ ਤੋਂ ਬਾਹਰ ਹੋ ਜਾਇਆ ਕਰਦਾ!

ਜੁਲਾਈ ਦੀ ਇੱਕ ਹੁੰਮਸ ਭਰੀ ਸ਼ਾਮ..ਛਾਵੇਂ ਗੱਡੀ ਖੜੀ ਕਰ ਫੁਲ ਏ.ਸੀ ਛੱਡ ਅੰਦਰ ਬੈਠਾ ਠੰਡੀ ਆਈਸ ਕਰੀਮ ਦਾ ਮਜਾ ਲੈ ਰਿਹਾ ਸਾਂ..ਸ਼ੀਸ਼ੇ ਕਾਲੇ ਸਨ..ਬਾਹਰੋਂ ਅੰਦਰ ਨਹੀਂ ਸੀ ਦਿਸਦਾ!

ਅਚਾਨਕ ਬਿੜਕ ਹੋਈ..ਦੇਖਿਆ ਇੱਕ ਉੰਨੀਆਂ ਵੀਹਾਂ ਸਾਲਾਂ ਦਾ ਮੁੰਡਾ ਪਿਛਲੇ ਪਾਸੇ ਟਰੰਕ ਨਾਲ ਢੋ ਲਾਈ ਖਲੋਤਾ ਫੋਨ ਤੇ ਕਿਸੇ ਨਾਲ ਗੱਲਾਂ ਕਰ ਰਿਹਾ ਸੀ..
ਕੁਲਫੀ ਕੌੜੀ ਲੱਗਣ ਲੱਗੀ ਤੇ ਫੁਲ ਸਪੀਡ ਤੇ ਚੱਲਦੇ ਏ.ਸੀ ਵਿਚ ਵੀ ਦਿਮਾਗ ਵਿਚੋਂ ਗਰਮੀ ਦੀਆਂ ਲਪਟਾਂ ਨਿੱਕਲਣ ਲੱਗੀਆਂ..
ਜਿਹਨ ਤੇ ਇਹ ਸੋਚ ਭਾਰੂ ਹੋ ਗਈ ਕੇ ਕੋਈ ਨਵੀਂ ਪੀਹੜੀ ਦਾ ਵਿਗੜੈਲ ਕਾਕਾ ਗਰਲ ਫ੍ਰੇਂਡ ਨਾਲ ਲਾਈਵ ਹੋ ਕੇ ਬੇਗਾਨੀ ਗੱਡੀ ਨੂੰ ਆਪਣੀ ਦੱਸ ਰੋਹਬ ਮਾਰ ਰਿਹਾ ਹੋਣਾ..ਗੁੱਸੇ ਵਿਚ ਗੱਡੀ ਗੇਅਰ ਵਿਚ ਪਾਈ ਤੇ ਝਟਕੇ ਨਾਲ ਫੁਲ ਸਪੀਡ ਤੇ ਤੋਰ ਲਈ..!

ਥੋੜੀ ਦੂਰ ਜਾ ਕੇ ਬ੍ਰੇਕ ਲਾ ਲਈ ਤੇ ਸ਼ੀਸ਼ੇ ਵਿਚੋਂ ਮਗਰ ਦੇਖਿਆ..
ਉਹ ਜਮੀਨ ਤੇ ਚੁਫਾਲ ਡਿੱਗਿਆ ਪਿਆ ਸੀ ਤੇ ਕਾਰ ਵੱਲ ਦੇਖਦਾ ਹੋਇਆ ਕੁਝ ਆਖਣਾ ਚਾਹ ਰਿਹਾ ਸੀ..
ਆਸੇ ਪਾਸੇ ਕਿੰਨੇ ਸਾਰੇ ਕਾਗਜ ਖਿਲਰੇ ਪਏ ਸਨ ਤੇ ਜਿਸ ਗੱਲ ਨੇ ਮੇਰੀ ਜਾਨ ਜਿਹੀ ਕੱਢ ਲਈ ਉਹ ਇਹ ਸੀ ਕੇ ਲੱਤੋਂ ਲੰਗਾ ਹੋਣ ਕਾਰਨ ਸ਼ਾਇਦ ਉਸਤੋਂ ਉਠਿਆ ਵੀ ਨਹੀਂ ਸੀ ਜਾ ਰਿਹਾ..ਹਮੇਸ਼ਾਂ ਸਹਾਰਾ ਬਣਨ ਵਾਲੀ ਡੰਗੋਰੀ ਵੀ ਉਸਤੋਂ ਕਾਫੀ ਦੂਰ ਜਾ ਡਿੱਗੀ ਸੀ..!

ਬੱਜਰ ਗਲਤੀ ਦਾ ਇਹਸਾਸ ਹੁੰਦਿਆਂ ਹੀ ਗੱਡੀ ਵਾਪਿਸ ਮੋੜ ਲਈ..
ਛੇਤੀ ਨਾਲ ਕੋਲ ਪੁੱਜਾ ਤੇ ਬਾਹਰ ਨਿੱਕਲ ਆਖਣ ਲੱਗਾ..”ਬੇਟਾ ਮੁਆਫ ਕਰੀ..ਮੈਥੋਂ ਗਲਤੀ ਹੋ ਗਈ..ਆ ਤੈਨੂੰ ਛੱਡ ਆਉਂਦਾ ਹਾਂ ਜਿਥੇ ਜਾਣਾ..”

ਅਜੇ ਹੋਰ ਵੀ ਬੜਾ ਕੁਝ ਆਖਣਾ ਚਾਹੁੰਦਾ ਸਾਂ ਪਰ ਵਿਚੋਂ ਹੀ ਟੋਕਦਾ ਹੋਇਆ ਆਖਣ ਲੱਗਾ “ਅੰਕਲ ਜੀ ਕੋਈ ਗੱਲ ਨੀ ਤੁਸੀਂ ਆਪਣਾ ਕੰਮ ਕਰੋ..ਮੈਨੂੰ ਤੇ ਆਦਤ ਏ ਰੋਜ-ਰੋਜ ਡਿੱਗ ਕੇ ਉੱਠਣ ਦੀ..ਮਾਂ ਜਾਣ ਤੋਂ ਪਹਿਲਾਂ ਪੱਕੀ ਕਰ ਗਈ ਸੀ ਕੇ ਜਿੰਦਗੀ ਵਿਚ ਜਦੋ ਕਦੀ ਵੀ ਡਿੱਗ ਪਵੇਂ ਤਾਂ ਉੱਠਣ ਲਗਿਆਂ ਕਿਸੇ ਦੀ ਮਦਤ ਨਾ ਮੰਗੀ ਬੱਸ ਮੈਨੂੰ ਚੇਤੇ ਕਰ ਲਵੀਂ..ਤੁਹਾਡੇ ਆਉਣ ਤੋਂ ਪਹਿਲਾਂ ਹੁਣੇ-ਹੁਣੇ ਹੀ ਪੈਰਾਂ ਸਿਰ ਖੜਾ ਕਰ ਕੇ ਗਈ ਏ”

ਏਨੀ ਗੱਲ ਆਖ ਮੈਨੂੰ ਖੁਦ ਦੀਆਂ ਨਜਰਾਂ ਤੋਂ ਹੀ ਡੇਗਦਾ ਹੋਇਆ ਉਹ ਸੜਕ ਪਾਰ ਕਰ ਗਿਆ..ਕਾਰ ਨੂੰ ਅਕਸਰ ਹੀ ਹਵਾਈ ਜਹਾਜ ਵਾਂਙ ਚਲਾਉਣ ਵਾਲੇ ਕੋਲੋਂ ਹੁਣ ਪਹਿਲਾ ਗੇਅਰ ਵੀ ਨਹੀਂ ਸੀ ਪੈ ਰਿਹਾ!

ਹਰਪ੍ਰੀਤ ਸਿੰਘ ਜਵੰਦਾ

Likes:
Views:
143
Article Categories:
Emotional

Leave a Reply