ਔਰੰਗਜ਼ੇਬ ਦੀ ਕਬਰ ਦੀ ਸਚਾਈ

ਕੁਛ ਅਰਸਾ ਹੋਇਆ, ਮੈਨੂੰ ਔਰੰਗਾਬਾਦ ਜਾਣ ਦਾ ਮੌਕਾ ਮਿਲਿਆ। ਉਂਜ ਗਾਹੇ-ਬਗਾਹੇ ਜਦ ਹਜ਼ੂਰ ਸਾਹਿਬ ਜਾਈਦਾ ਹੈ, ਉਥੋਂ ਦੀ ਜਾਣਾ ਹੁੰਦਾ ਹੈ। ਇਕ ਦਫ਼ਾ ਬੰਧਕ ਕਹਿਣ ਲੱਗੇ ਕਿ ਗਿਆਨੀ ਜੀ! ਇੱਥੋਂ ਅੱਠ ਕਿਲੋਮੀਟਰ ਦੀ ਦੂਰੀ ‘ਤੇ ਖੁਲਦਾਬਾਦ ਵਿਚ ਔਰੰਗਜ਼ੇਬ ਦੀ ਕਬਰ ਹੈ ਜੇ ਆਖੋ ਤਾਂ ਤੁਹਾਨੂੰ ਦਿਖਾ ਲਿਆਈਏ ! ਭਾਵੇਂ ਕਿਸੇ ਵਕਤ ਮੈਂ ਉਧਰੋਂ ਲੰਘਿਆ ਸੀ ਤੇ ਦੇਖੀ ਸੀ। ਪਰ ਫਿਰ ਤਮੰਨਾ ਜਾਗੀ ਕਿ ਚਲੋ ਦੇਖ ਆਈਏ। ਅਸੀਂ ਉਥੇ ਪਹੁੰਚੇ। ਖਵਾਜਾ ਮੁਈਉਨਦੀਨ ਚਿਸ਼ਤੀ ਜੋ ਅਜਮੇਰ ਸ਼ਰੀਫ਼ ਵਾਲੇ ਨੇ. ਉਨ੍ਹਾਂ ਦੇ ਪੜਪੋਤਰੇ ਦੇ ਮਕਬਰੇ ਦੇ ਨੇੜੇ ਹੀ ਔਰੰਗਜ਼ੇਬ ਦੀ ਕੱਚੀ ਕਬਰ ਹੈ। ਹੁਣ ਚਾਰੋਂ ਪਾਸੇ ਨਿਜ਼ਾਮ ਹੈਦਰਾਬਾਦ ਨੇ ਸੰਗਮਰਮਰ ਦੀ ਜਾਲੀ ਲਗਵਾਈ ਐ। ਇਹ ਕਬਰ ਮੈਂ ਦੇਖੀ। ਉਥੇ ਸਾਹਮਣੇ ਪੱਥਰ ਦੀ ਤਖ਼ਤੀ ਤੇ ਕੁਝ ਸ਼ਿਅਰ
ਲਿਖੇ ਹੋਏ ਸਨ ਤੇ ਉਸ ਵਕਤ ਦਾ ਕੁਝ ਥੋੜਾ ਬਹੁਤ ਇਤਿਹਾਸ ਸੀ, ਉਹ ਮੈਂ ਨੋਟ ਕੀਤਾ।

ਮੈਂ ਜਿਉਂ ਹੀ ਚੱਲਣ ਲੱਗਾ ਤਾਂ ਉਸ ਕਬਰ ਦੀ ਸਾਂਭ-ਸੰਭਾਲ ਲਈ ਜਿਹੜਾ ਮਜੌਰ ਬੈਠਾ ਸੀ, ਮੈਨੂੰ ਕਹਿਣ ਲੱਗਾ ਕਿ ਸਰਦਾਰ ਜੀ ਕੁਝ ਪੈਸੇ ਦੇ ਜਾਓ। ਮੈਂ ਪੁੱਛਿਆ ਕਿ ਤੁਹਾਡੀ ਉਪਜੀਵਕਾ ਦਾ ਕੋਈ ਮਸਲਾ ਹੈ ? ਕਹਿਣ ਲੱਗਾ-ਨਹੀਂ। ਇਥੇ ਜਿਹੜੇ ਜ਼ਹਰੀਨ ਆਉਂਦੇ ਨੇ, ਤੁਹਾਡੇ ਜੈਸੇ ਲੋਕ ਆਉਂਦੇ ਨੇ, ਸਾਨੂੰ ਕੁਝ ਦੇ ਜਾਂਦੇ ਨੇ, ਅਸੀਂ ਫਿਰ ਰਾਤ ਨੂੰ ਉਨ੍ਹਾਂ ਪੈਸਿਆਂ ਦਾ ਤੇਲ ਲਿਆ ਕੇ ਇਥੇ ਦੀਵਾ ਜਗਾਉਣਾ ਹੁੰਦਾ ਹੈ। ਇਸ ਲਈ ਤੇਲ ਵਾਸਤੇ ਕੁਝ ਪੈਸੇ ਚਾਹੀਦੇ ਨੇ। ਤੁਸੀਂ ਸਾਨੂੰ ਤੇਲ ਵਾਸਤੇ ਕੁਝ ਪੈਸੇ ਦੇ ਕੇ ਜਾਓ। ਮੈਂ ਜੇਬ
ਵਿੱਚੋਂ ਕੁਝ ਪੈਸੇ ਕੱਢੇ ਤੇ ਵਿਅੰਗ ਨਾਲ ਆਖਿਆ-ਆਹ ਲੈ, ਲੈ ਲਵੀਂ ਤੇਲ ! | ਜਲਾ ਲਈਂ ਔਰੰਗਜ਼ੇਬ ਦੀ ਕਬਰ ’ਤੇ ਦੀਵਾ! ਆਪਣੀ ਡਾਇਰੀ ਵਿਚ ਮੈਂ ਉਸ ਦੇ ਉਹ ਬੋਲ ਨੋਟ ਕੀਤੇ ਕਿ ਕਿਤੇ ਮੈਂ ਭੁੱਲ ਨਾ ਜਾਵਾਂ ਔਰ ਮੇਰੇ ਅੰਦਰੋਂ ਇਕ ਆਵਾਜ਼ ਨਿਕਲੀ ਕਿ

ਐ ਔਰੰਗਜ਼ੇਬ ! ਤੇਰੀ ਕਬਰ ਤੇ ਰਾਤ ਨੂੰ ਦੀਵਾ ਜਗਾਉਣਾ ਹੋਵੇ ਤਾਂ ਤੇਰੀ ਕਬਰ ਤੇ ਬੈਠਾ ਮਜੌਰ ਆਏ ਹੋਏ ਯਾਤਰੂਆਂ ਕੋਲੋਂ ਪੈਸਾ-ਪੈਸਾ ਮੰਗਦੈ। ਪਰ ਜਿਸ ਸਤਿਗੁਰੂ ਜੀ ਨੂੰ ਤੂੰ ਦਿੱਲੀ ਚਾਂਦਨੀ ਚੌਕ ਵਿਚ ਸ਼ਹੀਦ ਕੀਤਾ, ਜਿਨ੍ਹਾਂ ਸਾਹਿਬਜ਼ਾਦਿਆਂ ਨੂੰ ਤੂੰ ਸਰਹੰਦ ਅੰਦਰ ਦੀਵਾਰਾਂ ਵਿਚ ਚਿਣਵਾਇਆ, ਜਾ ਕੇ ਉਥੇ ਵੇਖ ! ਮਾਇਆ ਦੇ ਦਰਿਆ ਵਗਦੇ ਪਏ ਨੇ। ਭੁੱਖਿਆਂ ਨੂੰ ਲੰਗਰ ਮਿਲਦਾ ਪਿਆ ਹੈ। ਦਿਨ ਰਾਤ ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਪਏ ਨੇ।
ਲੋਕੀਂ ਸੁਣ ਸੁਣ ਕੇ ਰੱਬੀ ਸਰੂਰ ਲੈਂਦੇ ਪਏ ਨੇ ਔਰ ਇਹ ਸਭ ਕੁਝ ਵੇਖ ਕੇ ਕਹਿਣਾ ਪੈਂਦਾ ਹੈ :

ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ
(ਵਾਰ ਰਾਮਕਲੀ, ਮ: ੧, ਪੰਨਾ 953)

ਸੋਨਾ ਜੋ ਟੁੱਟ ਵੀ ਜਾਏ ਤਾਂ ਵੀ ਉਹਦੀ ਕੀਮਤ ਕੋਈ ਘਟਦੀ ਨਹੀਂ ਤੇ ਨਾ ਟੁੱਟ ਕੇ ਵੀ ਪੱਥਰ ਦੀ ਕੀਮਤ ਕੋਈ ਵਧਦੀ ਨਹੀਂ
ਸੰਗਿ ਬਦਰੀ ਗੁਰ ਅਗਰ ਕਾਸਾ ਇ ਜ਼ਰੀਂ ਸ਼ਿਕਨ। ਕੀਮਤਿ ਸੰਗਿ ਨਿਜ਼ਾਇਦ ਵਗਰ ਕਮ ਨਾ ਸ਼ੁਦ।

ਸੱਚ ਨੇ ਹਮੇਸ਼ਾ ਕਾਇਮ ਰਹਿਣਾ ਹੈ। ਸੱਚ ਦੀ ਅਵਾਜ਼ ਨੇ ਹਮੇਸ਼ਾ ਗੂੰਜਦੇ ਰਹਿਣਾ ਹੈ। ਕੂੜ ਅੰਤ ਹਾਰਦਾ ਹੈ।

  • ਲੇਖਕ: Giani Gurwinder Singh Komal
  • ਪੁਸਤਕ: ਮਸਕੀਨ ਜੀ ਦੀਆਂ ਸੁਣਾਈਆਂ ਅਨੁਭਵੀ ਗਾਥਾਵਾਂ
Share on Whatsapp