ਅਜੋਕੇ ਇਨਸਾਨ ਦੀ ਤ੍ਰਾਸਦੀ

ਅਖੀਰ ਨੂੰ ਇੱਕ ਦਿਨ ਵੱਡੇ ਸਾਬ ਰਿਟਾਇਰ ਹੋ ਗਏ..ਜਾਂ ਏਦਾਂ ਆਖ ਲਵੋ ਕਰ ਦਿੱਤੇ ਗਏ….
ਕੁਰਸੀ..ਦਫਤਰ..ਚਪੜਾਸੀ..ਡਰਾਈਵਰ..ਸਲਾਮ..ਸਿਫਤਾਂ..ਸਲਾਹੁਤਾਂ..ਪ੍ਰੋਮੋਸ਼ਨਾਂ…ਸੁਖ ਸਹੂਲਤਾਂ..ਗਿਫ਼੍ਟ…ਗੱਲ ਕੀ ਬੀ ਸਾਰਾ ਕੁਝ ਹੀ ਇੱਕ ਝਟਕੇ ਨਾਲ ਅਹੁ ਗਿਆ..
ਸਬ ਤੋਂ ਵੱਧ ਤਕਲੀਫਦੇਹ ਸੀ..ਗੱਡੀ ਦਾ ਦਰਵਾਜਾ ਆਪ ਖੋਲ੍ਹਣਾ..
ਸ਼ੌਪਿੰਗ ਰੇਸਟੌਰੈਂਟ..ਢਾਬੇ ਦੀ ਪੈਕਿੰਗ..ਸਾਰਾ ਖਰਚਾ ਜੇਬੋਂ ਕਰਨਾ ਪੈਂਦਾ…
ਆਪਣਾ ਬੈਗ ਵੀ ਆਪ ਹੀ ਚੁੱਕਣਾ ਪੈਂਦਾ…ਬਿੱਲ ਤਾਰਨ ਗਏ ਨੀਵੀਂ ਪਾ ਖਲੋਤੇ ਦਾ ਦਿਲ ਰੋਣ ਨੂੰ ਕਰਿਆ ਕਰੇ..

ਗਲਤਫਹਿਮੀ ਪਾਲ ਰੱਖੀ ਸੀ ਕੇ ਦਫਤਰ ਅਤੇ ਦੁਨੀਆ ਮੇਰੇ ਬਗੈਰ ਇੱਕ ਤਰਾਂ ਨਾਲ ਰੁੱਕ ਜਾਣਗੇ…ਕਿਓੰਕੇ ਸਭ ਤੋਂ ਅਕਲਮੰਦ ਮੈਂ ਹੀ ਹਾਂ…ਜਦੋਂ ਦਫਤਰ ਦਾ ਕੰਮ ਖੜੋ ਗਿਆ ਤਾਂ ਸਲਾਹਾਂ ਪੁੱਛਣ ਤੇ ਜਰੂਰ ਹੀ ਆਇਆ ਕਰਨਗੇ…
ਪਰ ਏਨੇ ਦਿਨ ਲੰਘ ਗਏ ਕੋਈ ਵੀ ਨਹੀਂ ਆਇਆ…ਸਾਰਾ ਕੁਝ ਓੰਜ ਹੀ ਚਲਦਾ ਰਿਹਾ…
ਸੁਵੇਰ ਦੀ ਸੈਰ..ਅਗਿਓਂ ਆਉਂਦਾ ਪੂਰਾਣਾ ਜੂਨੀਅਰ ਕਰਮਚਾਰੀ ਜਦੋਂ ਉਸਨੂੰ ਦੇਖ ਕੰਨੀਂ ਕੱਟ ਜਾਇਆ ਕਰਦਾ ਤਾਂ ਕਾਲਜੇ ਦਾ ਰੁਗ ਭਰਿਆ ਜਾਂਦਾ…
ਕਦੀ ਪੂਰਾਣੇ ਦਫਤਰ ਗੇੜਾ ਮਾਰ ਆਉਂਦਾ…ਤਾਂ ਸਣੇ ਚਪੜਾਸੀ ਸਭ ਦੀ ਇਹੋ ਕੋਸ਼ਿਸ਼ ਕੇ ਇਹ ਹੁਣ ਇਹ ਛੇਤੀ ਹੀ ਇਥੋਂ ਚਲਾ ਜਾਵੇ…!

ਆਪਣੇ ਰਵਈਏ ਕਾਰਨ ਸਾਰਿਆਂ ਤੋਂ ਟੁੱਟ ਗਏ ਨੇ ਮਿਲਣਸਾਰ ਹੋਣ ਦੀ ਵੀ ਕੋਸ਼ਿਸ਼ ਜਿਹੀ ਕਰ ਕੇ ਦੇਖ ਲਈ…ਜਨਮ ਦਿਨ..ਵਿਆਹਾਂ..ਮੰਗਣੇ..ਤੱਕ ਦੀਆਂ ਵਧਾਈਆਂ ਵੀ ਦੇ ਦੇ ਦੇਖ ਲਈਆਂ ਪਰ ਉਹ ਪਹਿਲਾਂ ਵਾਲੀ ਗੱਲ ਜਿਹੀ ਨਾ ਬਣਿਆ ਕਰੇ…

ਧਾਰਮਿਕ ਹੋਣ ਦੀ ਨਾਕਾਮ ਕੋਸ਼ਿਸ਼ ਕਰਦਿਆਂ ਗੁਰੂਦੁਆਰੇ ਵੀ ਜਾਣਾ ਸ਼ੁਰੂ ਕੀਤਾ..ਪਰ ਅਫ਼ਸਰੀ,ਵੱਜਦੇ ਸਲੂਟ ਅਤੇ ਵੱਡੀ ਪੁਜੀਸ਼ਨ ਵਾਲੇ ਸਿਜਦੇ ਦਿਮਾਗ ਵਿਚ ਕੁਝ ਹੋਰ ਵੜਨ ਹੀ ਨਹੀਂ ਦਿੰਦੇ ਸਨ…

ਉਮੀਦ ਹੀ ਨਹੀਂ ਸੀ ਕੇ ਸਾਰਾ ਕੁਝ ਏਡੀ ਛੇਤੀ ਬਦਲ ਜਾਵੇਗਾ…
ਇਸੇ ਸਾਰੇ ਚੱਕਰ ਵਿਚ ਵਾਲ ਡਾਈ ਕਰਨੇ ਵੀ ਭੁੱਲ ਗਿਆ…ਸ਼ੀਸ਼ੇ ਵਿਚ ਆਪਣਾ ਆਪ ਅਸਲੀਅਤ ਤੋਂ ਵੀ ਜਿਆਦਾ ਬੁੱਢਾ ਲੱਗਦਾ ਦੇਖ ਨਿਰਾਸ਼ਾ ਦੇ ਆਲਮ ਵਿਚ ਡੁੱਬਦਾ ਜਾਂਦਾ…

ਫੇਰ ਘਰ ਵਾਲਿਆਂ ਤੇ ਹੀ ਅਫ਼ਸਰੀ ਥੌਪਣ ਦੀ ਕੋਸ਼ਿਸ਼ ਕੀਤੀ….
ਧੀਆਂ ਪੁੱਤ ਦੂਰ ਦੂਰ ਰਹਿਣ ਲੱਗੇ..ਦੋਹਤੇ ਪੋਤਰੀਆਂ ਉਸਨੂੰ ਦੇਖ ਦੌੜ ਜਾਂਦੇ…
ਘਰ ਵਾਲੀ ਤਾਂ ਪਹਿਲਾਂ ਹੀ ਹਿਟਲਰ ਦਾ ਖਿਤਾਬ ਦੇ ਚੁੱਕੀ ਸੀ..
ਇਥੋਂ ਤੱਕ ਕੇ ਹਥੀਂ ਪਾਲਿਆ ਕੁੱਤਾ ਵੀ ਦੇਖ ਮੰਜੇ ਹੇਠ ਵੜ ਜਾਇਆ ਕਰਦਾ…
ਸਾਰਾ ਦਿਨ ਇੰਝ ਹੀ ਸੜਦਾ ਨਾਸ਼ੁਕਰੀ ਦੁਨੀਆ ਨੂੰ ਕੋਸਦਾ ਹੋਇਆ ਆਪ ਵੀ ਦੁਖੀ ਅਤੇ ਬਾਕੀਆਂ ਨੂੰ ਵੀ ਦੁਖੀ ਹੀ ਰੱਖਦਾ…ਅਤੇ ਜਦੋਂ ਤੱਕ ਜੀਵੇਆ ਬਸ ਇਹੋ ਕੁਝ ਹੀ ਹੁੰਦਾ ਰਿਹਾ…!

ਅਜੋਕੇ ਇਨਸਾਨ ਦੀ ਤ੍ਰਾਸਦੀ..ਨਾ ਰਿਟਾਇਰ ਹੋਣਾ ਚਾਹੁੰਦਾ ਏ ਤੇ ਨਾ ਹੀ ਮਰਨਾ ਚਾਉਂਦਾ ਏ…ਬੱਸ ਹਮੇਸ਼ਾਂ ਟੀਸੀ ਤੇ ਬਣੇ ਰਹਿਣ ਦਾ ਗੈਰ ਕੁਦਰਤੀ ਸ਼ੌਕ ਪਾਲ ਬੈਠਾ ਹੈ..ਆਪਣੇ ਤੋਂ ਵੱਧ ਤਰੱਕੀ ਕਰਦਾ ਹਰੇਕ ਸੁਖੀ ਇਨਸਾਨ ਉਸਦਾ ਦੁਸ਼ਮਣ ਹੈ…ਵੈਰੀ ਹੈ..ਇਹ ਸੋਚ ਸੋਚ ਮਾਨਸਿਕ ਰੋਗੀ ਬਣ ਚੁੱਕਿਆ ਏ..!

ਸੋ ਦੋਸਤੋਂ ਸਮਾਂ ਰਹਿੰਦੇ ਆਪਣੇ ਆਪ ਵਿਚ ਬਦਲਾਓ ਲਿਆਉਣਾ ਬੜਾ ਹੀ ਜਰੂਰੀ ਹੈ…
ਇਹ ਥੋੜ ਚਿਰੀਆਂ ਅਫਸਰੀਆਂ ਵਾਲਾ ਸਦੀਵੀਂ ਨਸ਼ਾਂ ਚੜਾਉਂਦੀ ਹੋਈ ਬੋਤਲ ਕੰਧ ਨਾਲ ਮਾਰ ਕੇ ਤੋੜ ਦਿਓ..
ਆਕੜ ਤੇ ਦਿਖਾਵਾ ਛੱਡੋ…ਦੋਸਤ ਬਣਾਓ…ਦੂਸਰਿਆਂ ਵਾਸਤੇ ਅਤੇ ਨਾਲ ਜੀਣਾ ਸਿੱਖੋਂ…ਨਹੀਂ ਤਾਂ ਇੱਕ ਦਿਨ ਮਿੱਤਰ ਪਿਆਰਿਆਂ ਨਾਲ ਭਰੀ ਗੱਡੀ ਟੇਸ਼ਣੋਂ ਲੰਘ ਜਾਵੇਗੀ…ਤੇ ਤੁਸੀਂ ਰਹਿ ਜਾਵੋਗੇ ਕੱਲਮ ਕੱਲੇ..ਕੱਠੀ ਕੀਤੀ ਦੇ ਢੇਰ ਤੇ ਖਲੋਤੇ…ਖੜੇ ਪਾਣੀ ਵਾਂਙ ਬੋ ਮਾਰਦੇ ਹੋਏ…ਜਿਸ ਦਿਨ ਰਵਾਨਗੀ ਪਈ…ਸੂਈ ਤੱਕ ਸਾਂਬਣ ਦਾ ਟਾਈਮ ਨੀ ਮਿਲਣਾ…ਕਿਓੰਕੇ ਅਗਲੇ ਵਿਚ ਵੱਡਾ ਨੁਕਸ ਇਹ ਹੈ ਕੇ ਬੁਲਾਉਣ ਤੋਂ ਪਹਿਲਾਂ ਅਡਵਾਂਸ ਨੋਟਿਸ ਨਹੀਂ ਘੱਲਦਾ..”ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ..ਹੱਸਦਿਆਂ ਰਾਤ ਲੰਘੀ ਪਤਾ ਨੀ ਸੁਵੇਰ ਦਾ”

ਜਿਉਂਦੇ ਵੱਸਦੇ ਰਹੋ.

Likes:
Views:
12
Article Tags:
Article Categories:
Emotional

Leave a Reply

Your email address will not be published. Required fields are marked *

3 × 2 =