ਆਈਂ ਕਰੀ ਚੱਲੇ।

ਵਕਤ ਬਦਲਦਿਆਂ ਬਹੁਤ ਕੁੱਝ ਬਦਲ ਜਾਂਦਾ। ਯਾਰੀਆਂ ਦਾ ਜਨੂੰਨ ਫਿਕਰਾਂ ਦੀ ਲੋਅ ‘ਚ ਮੱਠਾ ਪੈ ਜਾਂਦਾ। “ਕੋਈ ਚੱਕਰ ਈ ਨੀ ਸਾਡੇ ਆਲਿਆਂ” ਕਹਿ ਕਿ ਹਰ ਮਾੜੀ ਤਕੜੀ ਸ਼ਹਿ ਦੀ ਗੋਡਣੀ ਲਵਾਉਣ ਆਲੇ “ਬਸ ਬਾਈ ਚੱਲੀ ਜਾਂਦਾ” ਨਾਲ ਸੋਚੀਂ ਪੈਣ ਲੱਗ ਜਾਂਦੇ ਆ। ਉਦੋਂ ਬਿਨਾਂ ਲੱਤ ਬਾਂਹ ਆਲੀ ਗੱਲ ਨੂੰ ਵੀ ਗੋਦੀ ਚੱਕੀ ਫਿਰਨਾ। ਸਾਡੇ ‘ਚ ਇਹ ਰਿਵਾਜ ਈ ਸੀ, ਲੰਡੂ ਜੀ ਗੱਲ ਕਰਕੇ ਕਹਿ ਦੇਣਾ, ਆਈਂ ਕਰੀ ਚੱਲੇ। ਕਿਸੇ ਤੀਜੇ ਨੂੰ ਇਹਦਾ ਭੇਤ ਨੀ ਸੀ ਤੇ ਸਾਡੇ ਤੋਂ ਇਹਦੇ ਅਰਥ ਲੁਕੇ ਨੀ ਸੀ।
ਸਾਡੇ ਨਾਲ ਇੱਕ ਹੁੰਦਾ ਸੀ ਭੈਣੀ ਆਲਾ, ਜਿੱਥੇ ਉਹਦੀ ਨਿਗਾ ਟਿਕਗੀ ਬਸ ਟਿਕਗੀ। ਉਹਦਾ ਨੌਂ ਈ ਧਰ ਲਿਆ ਲਗੌੜ ਨੇ “ਪੀਣਕ” ਪਰ ਜਦੋਂ ਉਹ ਸੁਰਤ ‘ਚ ਆਉਂਦਾ ਸੀ ਐਹੋ ਜੀ ਗੱਲ ਕਹਿੰਦਾ ਸੀ ਵੀ ਅਗਲੇ ਨੂੰ ਸੁੰਨ ਕਰ ਦਿੰਦਾ ਸੀ। ਕੇਰਾਂ ਯੂਨੀਵਰਸਿਟੀ ਆਲੇ ਫਾਰਮ ਜੇ ਭਰੀ ਜਾਈਏ। ਇੱਕ ਸਲੱਗ ਨੂੰ ਪੰਜਾਬੀ ਨੀ ਆਉਂਦੀ ਸੀ, ਉੱਤੋਂ ਮਾੜੇ ਕਰਮਾਂ ਨੂੰ ਬਹਿ ਉਦਣ ਉਹ ਪੀਣਕ ਨਾਲ ਗਿਆ। ਪਿਤਾ ਦਾ ਨਾਮ ਆਲੀ ਡੱਬੀ ‘ਚ ਲਿਖਣ ਲੱਗਿਆ ਪੀਣਕ ਨੂੰ ਆਂਹਦਾ ਜਰ ਆਹ ਨਛੱਤਰ ਕਿਵੇਂ ਪਊ। ਪੀਣਕ ਦੋ ਕੁ ਮਿੰਟ ਤਾਂ ਬੋਲਿਆ ਨਾ, ਜਦੋਂ ਸੁਰਤ ਜੀ ‘ਚ ਆ ਗਿਆ, ਕਹਿੰਦਾ, “ਨਛੱਤਰ ਆਏਂ ਨੀ ਪੈਂਦਾ, ਮੰਜਾ ਡਾਹ ਕੇ ਦੇ, ਫੇਰ ਪਊ।” ਉਹ ਛੋਰ ਜਾ ਕੇ ਅਗਲੇ ਬੈਂਚ ਆਲਿਆਂ ਨਾਲ ਬਹਿ ਗਿਆ। 
ਜਵਾਨੀ ਨੂੰ ਜਵਾਨੀ ਐਵੇਂ ਨੀ ਕਿਹਾ ਜਾਂਦਾ। ਉਹ ਉਮਰ ਦਾ ਪਹਿਰ ਈ ਹੁੰਦਾ ਬੰਦਾ ਪਹਾੜਾਂ ਨੂੰ ਧੱਕੇ ਮਾਰਦਾ ਹੁੰਦਾ ਤੇ ਫਿਰ ਇਸ ਢਲਦੀ ਉਮਰ ਨਾਲ ਮੱਥੇ ਦੀਆਂ ਤਿਉੜੀਆ ਦਿਸਣ ਲੱਗ ਪੈਂਦੀਆ। ਕਾਲਜ ਟੈਮ ਆਲੇ ਸਾਥੀ ਲੰਮੀਆਂ ਰਾਹਾਂ ਦੇ ਸਾਥੀ ਹੁੰਦੇ ਆ ਪਰ ਹੁਣ ਗੱਲਾਂ ਦਾ ਵੀ ਫਰਕ ਆ ਤੇ ਬੋਲਾਂ ਦੇ ਰੋਹਬ ਦਾ ਵੀ। ਕਾਲਜ ‘ਚ ਲਗਭਗ ਪਰਚਾ ਹੋਣ ਦੀ ਕਗਾਰ ਤੋਂ ਮੁੜੇ ਹੁਣ ਆਉਣ ਆਲੇ ਕੱਲ ਨੂੰ ਲੈ ਕੇ ਸੋਚਣ ਲੱਗ ਪਏ ਆ। ਜ਼ਿੰਦਗੀ ਨੂੰ ਚਾਹੁੰਣ ਦਾ ਤਰੀਕਾ ਨੀ ਬਦਲਿਆ ਨਾ ਤੋਰ ਚੋਂ ਮੜਕ ਪਰ ਫੇਰ ਵੀ ਬੰਦੇ ਦੇ ਵਰਤਾਰੇ ‘ਚ ਬਹੁਤ ਕੁੱਝ ਬਦਲ ਜਾਂਦਾ। ਐਸ ਵਕਤ ਸਾਡੇ ਤੇ ਅਜਿਹਾ ਦੌਰ ਚਲ ਰਿਹਾ ਵੀ ਫੋਨ ਦੀ ਗੱਲਬਾਤ ਵਿਆਹ ਤੋਂ ਸ਼ੁਰੂ ਹੁੰਦੀ ਆ ਤੇ “ਗਿੰਦੀ ਤੂੰ ਕਦੋਂ ਆਏਗਾਂ” ਦੇ ਸਵਾਲ ਤੋਂ ਬਾਅਦ ਵਾਲੀ ਮੇਰੀ ਚੁੱਪ ਤੇ ਮੁੱਕ ਜਾਂਦੀ ਆ। ਕੁੱਝ ਕੁ ਦੇ ਵਿਆਹਾਂ ਦਾ ਕੰਮ ਆਉਂਦੇ ਮਹੀਨਿਆਂ ‘ਚ ਸਿਰੇ ਲੱਗ ਜਾਣਾ, ਬਾਕੀਆਂ ਦੀਆਂ ਫਾਈਲਾਂ ਆਉਂਦੇ ਸਿਆਲਾਂ ‘ਚ ਚੱਕੀਆਂ ਜਾਣਗੀਆ। ਦੌਰ ਕੋਈ ਵੀ ਹੋਵੇ ਪਰ ਕਾਲਜ, ਉਹ ਕਲਾਸ, ਉਹ ਹਾਸੇ ਠੱਠੇ ਸਾਡੇ ਨਾਲ ਐਨੇ ਕੁ ਗੂੜੇ ਜੁੜੇ ਹੋਏ ਨੇ ਕਿ ਸਮੇਂ ਦੀ ਸਿਆਹੀ ਇਸਨੂੰ ਮਿਟਾ ਤਾਂ ਕੀ ਫਿੱਕਾ ਵੀ ਨੀ ਕਰ ਸਕੀ। ਆਵਦੀ ਗੱਲ ਕੱਟ ਕੇ ਜਦੋਂ ਅਸੀਂ ਅੱਜ ਵੀ ਦੂਜੇ ਦੀਆਂ ਗੱਲਾਂ ਕਰਨ ਲੱਗ ਜਾਨੇ ਆ ਤਾਂ ਲੋਕ ਵੀ ਕਹਿ ਦਿੰਦੇ ਆ, “ਜਰ ਤੁਸੀਂ ਹਲੇ ਵੀ ਕੱਠੇ ਈ ਉ ਪਤੰਦਰੋ…..”
ਤੇ ਸਾਡਾ ਭਰੇ ਦਿਲ ਤੇ ਹੱਸਦੇ ਚਿਹਰੇ ਨਾਲ ਉਹੀ ਜਵਾਬ ਹੁੰਦਾ “ਆਈਂ ਕਰੀ ਚੱਲੇ।”

Jashandeep Singh Brar

Likes:
Views:
55
Article Categories:
Comedy

Leave a Reply