ਟਕਸਾਲੀ ਸਿੰਘ

1996 ਦੀ ਗੱਲ ਹੈ ਜਦੋਂ ਅਸੀਂ ਕਈ ਜਣਿਆਂ ਨੇ ਰਲ ਕੇ 10 ਪਲਾਟ ਬਣਾਏ ਤੇ ਇਕ ਵਿੱਚ ਅਸੀਂ ਘਰ ਪਾ ਲਿਆ ਤੇ ਸਾਡੇ ਸਾਹਮਣੇ ਇਕ ਹੋਰ ਸਿੰਘ ਨੇ ਘਰ ਬਣਾਇਆ । ਮੈ ਉਹਨੂੰ ਵੱਧ ਘੱਟ ਹੀ ਦੇਖਿਆ ਕਿਉਂਕਿ ਮੈ ਸ਼ਹਿਰ ਤੋਂ ਦੂਰ ਬਾਹਰ ਕੰਮ ਕਰਦਾ ਹੁੰਦਾ ਸੀ ਤੇ ਜਦੋਂ ਮੈ ਘਰੇ ਆਉਣਾ ਤਾਂ ਉਹਦੀ ਸ਼ਿਫ਼ਟ ਸ਼ਾਮ ਦੀ ਹੁੰਦੀ ਸੀ । ਐਵੇਂ ਕਿਤੇ ਦੂਰੋਂ ਦੇਖ ਲੈਣਾ । ਉਹਦੇ ਦੋ ਮੁੰਡੇ ਅੰਮਰਿਤਧਾਰੀ ਸੀ ਤੇ ਉਹ ਮੇਰੇ ਦੋਨੋ ਪੁੱਤਰਾਂ ਨਾਲ ਪੜ੍ਹਦੇ ਸੀ ਤੇ ਉਹਦਾ ਤੀਜਾ ਵੱਡਾ ਮੁੰਡਾ ਟਰੱਕ ਚਲਾਉਂਦਾ ਹੁੰਦਾ ਸੀ । ਇਕ ਦਿਨ ਘਰੇ ਗੱਲ ਚਲ ਪਈ ਤੇ ਮੈ ਕਿਹਾ ਆਹ ਤੀਜਾ ਮੁੰਡਾ ਰੋਡਾ ਪਤਾ ਨਹੀਂ ਕਿਉਂ ਹੈ ਬਾਕੀ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੈ । ਤਾਂ ਪਤਾ ਲੱਗਾ ਕਿ ਇਹ ਉਹਨੇ ਆਪ ਦੇ ਭਰਾ ਦਾ ਮੁੰਡਾ ਅੱਡਾਪਟ ਕਰਕੇ ਬਾਹਰ ਕੱਢਿਆ ਸੀ ।
ਉਸ ਮੁੰਡੇ ਨੇ ਇਕ ਕਾਰ ਲਈ ਤੇ ਉਹਦੇ ਸੈਲੰਸਰ ਪਤਾ ਨਹੀਂ ਕਿਹੋ ਜਹੇ ਪਾਏ ਕਿ ਜਦੋਂ ਉਹਨੇ ਜਾਣ ਕੇ ਪਟਾਕੇ ਜਹੇ ਪਾਉਣੇ ਸਾਰੇ ਗੁਆਂਢੀ ਬੋਲ੍ਹੇ ਕਰ ਦੇਣੇ । ਇਕ ਦਿਨ ਮੈਨੂੰ ਗ਼ੁੱਸਾ ਚੜ ਗਿਆ ਤੇ ਮੈ ਉਹਨੂੰ ਕਿਹਾ ਕਿ ਕਾਕਾ ਜੇ ਅੱਜ ਤੋਂ ਬਾਅਦ ਤੇਰੀ ਕਾਰ ਦਾ ਖੜਾਕਾ ਸੁਣਿਆ ਤਾਂ ਮੈ ਤੇਰੀ ਕਾਰ ਦੇ ਸੈਲੰਸਰ ਦਾ ਮੂੰਹ ਘੁੱਟ ਦੇਣਾ ।
ਉਹਨੇ ਆਪ ਦੇ ਪਿਉ ਨੂੰ ਦੱਸਿਆ । ਮੈਨੂੰ ਲੱਗਿਆ ਉਹ ਸਿੰਘ ਹਰਖ ਗਿਆ ਸੀ ਪਰ ਉਹਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਤੇ ਨਾ ਹੀ ਮੁੜ ਕੇ ਅੱਖ ਰਲ੍ਹਾਈ । ਪਰ ਮੁੰਡੇ ਨੂੰ ਉਹਨੇ ਪਤਾ ਨਹੀਂ ਕੀ ਕਿਹਾ ਕਿ ਉਹਨੇ ਕਾਰ ਹੀ ਵੇਚ ਦਿੱਤੀ ।
ਸਾਲ ਕੁ ਬਾਅਦ ਇੰਡੀਆ ਤੋਂ ਇਕ ਬਾਬਾ ਆਇਆ ਜੋ ਪੰਜਾਬ ਵਿੱਚ ਸੇਵਾ ਕਰਾ ਰਿਹਾ ਸੀ ਤੇ ਉਹ ਉਗਰਾਹੀ ਕਰ ਰਿਹਾ ਸੀ । ਮੇਰੇ ਕੋਲੋਂ ਜੋ ਸਰਿਆ ਉਹਨੂੰ ਦਿੱਤਾ ਤੇ ਉਹ ਮੈਨੂੰ ਕਹਿਣ ਲੱਗਾ ਕਿ ਆਪਣੇ ਲਾਗੇ ਕੋਈ ਹੋਰ ਸਿਖਾੰ ਦਾ ਪਰਿਵਾਰ ਵੀ ਹੈ ? ਮੈ ਕਿਹਾ ਹੈ ਤਾਂ ਸਹੀ ਪਰ ਸਿੰਘ ਮੇਰੇ ਨਾਲ ਗ਼ੁੱਸੇ ਹੈ ਮੈ ਉਹਦੇ ਘਰ ਨਹੀਂ ਜਾ ਸਕਦਾ । ਉਹ ਕਹਿਣ ਲੱਗੇ ਕਿ ਸਿੰਘਾਂ ਦਾ ਇਕ ਪਰਿਵਾਰ ਹੁੰਦਾ । ਇੱਕੋ ਮਾ ਪਿਉ ਹੈ ਸਾਡਾ । ਇੱਕੋ ਇਸ਼ਟ ਹੈ ਸਾਡਾ । ਇੱਕੋ ਗੁਰੂ ਹੈ ਸਾਡਾ । ਕੋਈ ਫਰਕ ਨਹੀਂ ਹੁੰਦਾ ਭਾਵੇਂ ਸਿੱਖ ਦੀ ਕੋਈ ਸੋਚ ਹੋਵੇ । ਗੁਰੂ ਕਰਕੇ ਸਤਿਕਾਰ ਕਰੀਦਾ । ਚੱਲ ਉਠ ਚਲੀਏ । ਤੇ ਅਸੀਂ ਚਾਰ ਪੰਜ ਜਣੇ ਉਹਦੇ ਘਰੇ ਜਾ ਦਰਵਾਜ਼ਾ ਖੜਕਾਇਆ । ਉਹਦੇ ਘਰੇ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੁੰਦਾ ਸੀ ਤੇ ਉਹ ਪਾਠ ਕਰ ਰਿਹਾ ਸੀ । ਉਹਦੀ ਸਿੰਘਣੀ ਨੇ ਦਰਵਾਜ਼ਾ ਖੋਲਿਆ ਸੀ । ਅਸੀਂ ਅੰਦਰ ਜਾ ਕੇ ਮੱਥਾ ਟੇਕ ਕੇ ਉਹਦੇ ਕੋਲ ਹੀ ਬੈਠ ਗਏ ਤੇ ਪਾਠ ਸੁਣਿਆ ।
ਥੋੜੀ ਦੇਰ ਬਾਅਦ ਓਹਨੇ ਫਤਹਿ ਬੁਲਾਈ ਤੇ ਉਹਨੂੰ ਵਿਆਹ ਜਿੰਨਾ ਚਾਅ ਚੜ੍ਹ ਗਿਆ ਕਿ ਮੇਰੇ ਘਰ ਗੁਰੂ ਦੇ ਸਿੱਖ ਆਏ ਹਨ ।
ਜਦੋਂ ਮੈ ਗੱਲ ਕੀਤੀ ਕਿ ਇਹ ਸਿੰਘ ਉਗਰਾਹੀ ਕਰ ਰਹੇ ਹਨ ਤਾਂ ਉਹ ਕਹਿੰਦਾ ਪਹਿਲਾਂ ਜਲ ਪਾਣੀ ਛਕੋ ਫੇਰ ਗੱਲ ਕਰਦੇ ਹਾਂ । ਉਹਦੀ ਸਿੰਘਣੀ ਨੇ ਝੱਟ ਪਰਸ਼ਾਦੇ ਤਿਆਰ ਕੀਤੇ ਜਿਵੇਂ ਉਹ ਪਹਿਲਾਂ ਹੀ ਉਡੀਕ ਚ ਬੈਠੇ ਹੋਣ ।ਉਹਨੇ ਆਪ ਸਾਰਿਆਂ ਨੂੰ ਬਹੁਤ ਹੀ ਸੁੱਚਮ ਨਾਲ ਪਰਸ਼ਾਦਾ ਛਕਾਇਆ ਜਿਵੇਂ ਟਕਸਾਲ ਦੇ ਸਿੰਘ ਰਹਿਤ ਵਿੱਚ ਪਰਪੱਕ ਨੇ । ਫੇਰ ਉਨਾਂ ਨੇ ਦੁੱਧ ( ਸਮੁੰਦਰ ) ਛਕਾਇਆ । ਫੇਰ ਉਹ ਉਠ ਕੇ ਅੰਦਰ ਗਿਆ ਤੇ ਹਜੂਰੀਏ ਦੇ ਪੱਲੇ ਵਿੱਚ ਪਾ ਕੇ ਚੈੱਕ ਲੈ ਕੇ ਆਇਆ । ਮੈ ਅੰਦਾਜ਼ਾ ਲਾਉੰਦਾ ਸੀ ਕਿ ਜੇ ਇਸ ਸਿੰਘ ਨੇ 100$ ਦੇ ਦਿੱਤਾ ਤਾਂ ਮੈ ਸਮਝਾਂਗਾ ਕਿ ਇਹਨੇ ਮੈਨੂੰ ਮਾਫ ਕਰ ਦਿੱਤਾ ।
ਜਦੋਂ ਮੈ ਬਾਅਦ ਵਿੱਚ ਚੈੱਕ ਦੇਖੀ ਤਾਂ ਉਹ ਇਕ ਹਜ਼ਾਰ ਡਾਲਰ ਦੀ ਸੀ ।
ਦੋ ਕੁ ਸਾਲ ਬਾਅਦ ਮੈਨੂੰ ਪਤਾ ਲਗਾ ਕਿ ਉਹਦੀ ਸਿਹਤ ਠੀਕ ਨਹੀਂ ਤੇ ਉਹ ਹਸਪਤਾਲ ਹੈ । ਮੈ ਸੋਚਿਆ ਕਿ ਮਿਲ ਕੇ ਆਵਾਂ ਤਾਂ ਮੈਨੂੰ ਸਿੰਘਣੀ ਨੇ ਦੱਸਿਆ ਕਿ ਉਹ ਕਿਸੇ ਨੂੰ ਵੀ ਨਹੀਂ ਮਿਲਦਾ । ਉਹਨੇ ਆਪਣੇ ਪਰਿਵਾਰ ਦੇ ਇਕ ਇਕ ਜੀਅ ਨੂੰ ਇਕੱਲੇ ਇਕੱਲੇ ਨੂੰ ਅੰਦਰ ਸੱਦ ਕੇ ਜੋ ਜੋ ਦੱਸਣਾ ਸੀ ਦੱਸ ਦਿੱਤਾ ਤੇ ਅਖੀਰ ਆਪ ਦੀ ਘਰ ਵਾਲੀ ਨੂੰ ਸਾਰਾ ਕੁਝ ਸਮਝਾ ਕੇ ਦਰਵਾਜ਼ਾ ਬੰਦ ਕਰ ਲਿਆ ਤੇ ਅਦੇਸ਼ ਕਰ ਦਿੱਤਾ ਕਿ ਮੇਰੇ ਕਮਰੇ ਨੂੰ ਕੋਈ ਨਾ ਖੋਲੇ । ਉਹ ਦੋ ਦਿਨ ਦੋ ਰਾਤਾਂ ਬੰਦਗੀ ਚ ਐਸਾ ਲੀਨ ਹੋਇਆ ਕਿ ਉਹ ਗੁਰੂ ਵਿੱਚ ਹੀ ਸਮਾ ਗਿਆ  ਮੈਨੂੰ ਉਹਨੇ ਕਦੀ ਮੌਕਾ ਹੀ ਨਹੀਂ ਦਿੱਤਾ ਕਿ ਮੈ ਉਹਦੇ ਕੋਲੋਂ ਉਹਦੇ ਪੁੱਤਰ ਨੂੰ ਆਪਦੇ ਰੁੱਖੇ ਬੋਲੇ ਹੋਏ ਬੋਲਾਂ ਦੀ ਮਾਫ਼ੀ ਮੰਗ ਸਕਾਂ । ਕਦੀ ਕਦੀ ਉਹਦੀ ਯਾਦ ਆ ਜਾਂਦੀ ਹੈ ਤਾਂ ਉਹਦਾ ਨੂਰਾਨੀ ਹੱਸਦਾ ਚਿਹਰਾ ਸਾਹਮਣੇ ਆ ਜਾਂਦਾ ਹੈ ਜਿਹਨੇ ਕਦੀ ਮੱਥੇ ਤੇ ਤਿਊੜੀ ਵੀ ਨਹੀਂ ਸੀ ਪਾਈ । ਫਿੱਕਾ ਬੋਲ ਤਾਂ ਕੀ ਬੋਲਣਾ ਸੀ । ਐਸਾ ਸੀ ਮੇਰਾ ਵੀਰ

Likes:
Views:
8
Article Tags:
Article Categories:
Religious

Leave a Reply

Your email address will not be published. Required fields are marked *

7 + 7 =